ਚੰਡੀਗੜ੍ਹ,(ਰਮਨਜੀਤ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੋਰੋਨਾ ਬਿਮਾਰੀ ਨਾਲ ਪੀੜਤਾਂ ਦਾ ਇਲਾਜ ਸਰਕਾਰ ਆਪਣੇ ਖਰਚ 'ਤੇ ਕਰੇ ਅਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਇਲਾਜ ਕਰਨ ਦਾ ਘੱਟੋ-ਘੱਟ ਖਰਚਾ ਨਿਰਧਾਰਤ ਕੀਤਾ ਜਾਵੇ ਤਾਂ ਜੋ ਪ੍ਰਾਈਵੇਟ ਹਸਪਤਾਲਾਂ ਵਾਲੇ ਇਲਾਜ ਦੌਰਾਨ ਮੋਟੀਆਂ ਰਕਮਾਂ ਨਾ ਵਸੂਲ ਕਰ ਸਕਣ।
ਵਿਧਾਇਕ ਬੈਂਸ ਨੇ ਕਿਹਾ ਕਿ ਮਹਾਮਾਰੀ ਦਾ ਰੂਪ ਧਾਰ ਚੁੱਕੀ ਕਰੋਨਾ ਬਿਮਾਰੀ ਦੇ ਕਾਰਣ ਸੂਬੇ ਵਿੱਚ ਕਰਫਿਊ ਲਗਾਇਆ ਗਿਆ ਅਤੇ ਲਾਕਡਾਊਨ ਕਾਰਣ ਸਾਰੀਆਂ ਫੈਕਟਰੀਆਂ, ਵੱਡੇ-ਵੱਡੇ ਮਾਲ, ਵੱਡੀਆਂ ਦੁਕਾਨਾਂ ਸਮੇਤ ਛੋਟੀਆਂ-ਛੋਟੀਆਂ
ਦੁਕਾਨਾਂ ਬਲਕਿ ਸਾਰਾ ਕੁਝ ਬੰਦ ਕਰਨਾ ਪਿਆ ਹੈ। ਇਸ ਲਾਕਡਾਊਨ ਕਾਰਣ ਸੂਬੇ ਦਾ ਹਰ ਵਿਅਕਤੀ ਘਰ ਵਿੱਚ ਕੈਦ ਹੋ ਕੇ ਰਹਿ ਗਿਆ ਹੈ। ਅਜਿਹੇ ਵਿੱਚ ਹਰ ਵਿਅਕਤੀ ਨੂੰ ਰੋਜੀ-ਰੋਟੀ ਦੇ ਲਾਲੇ ਪਏ ਹੋਏ ਹਨ ਅਤੇ ਅਜਿਹੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਕਰੋਨਾ ਦੀ ਬਿਮਾਰੀ ਦਾ ਇਲਾਜ ਕਰਵਾਉਣ ਵਾਲੇ ਵਿਅਕਤੀ ਨੂੰ ਆਪਣੇ ਇਲਾਜ ਦਾ ਖਰਚਾ ਆਪ ਕਰਨਾ ਪਵੇਗਾ। ਐਸੇ ਸਮੇਂ ਤੇ ਜਦੋਂ ਸੂਬੇ ਭਰ 'ਚ ਸਾਰੇ ਕਾਰੋਬਾਰ ਬੰਦ ਹੋਣ ਕਾਰਨ ਨਾ ਹੀ ਕੋਈ ਵਿਅਕਤੀ ਆਪਣੀ ਪ੍ਰਾਪਰਟੀ, ਨਾ ਹੀ ਆਪਣਾ ਦੋ ਜਾਂ ਚਾਰ ਪਹੀਆ ਵਾਹਨ, ਨਾ ਹੀ ਗਹਿਣੇ ਗੱਟੇ ਅਤੇ ਨਾ ਹੀ ਕੋਈ ਆਪਣਾ ਘਰ ਵੇਚ ਸਕਦਾ ਹੈ। ਅੱਜ ਸੂਬੇ ਦੇ ਸਾਰੇ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਨਾ ਹੀ ਕੋਈ ਆੜਤੀ ਅਤੇ ਸ਼ਹਿਰੀਆਂ ਨੂੰ ਕੋਈ ਸ਼ਾਹੂਕਾਰ ਆਦਿ ਵਿਆਜ 'ਤੇ ਪੈਸੇ ਦੇਣ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਕੁਝ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੁਕਮ ਸਰਾਸਰ ਪੰਜਾਬ ਵਾਸੀਆਂ ਨਾਲ ਧੱਕਾ ਹੈ ਕਿਉਂਕਿ ਸੂਬੇ ਦੇ ਅਨੇਕਾਂ ਵਿਅਕਤੀ ਅਜਿਹੇ ਸਮੇਂ ਦੌਰਾਨ ਜਦੋਂ ਸਾਰੇ ਕਾਰੋਬਾਰ ਬੰਦ ਹੋ ਚੁੱਕੇ ਹਨ ਤਾਂ ਉਹ ਖਾਣ ਲਈ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੰਡੇ ਜਾ ਰਹੇ ਰਾਸ਼ਨ ਅਤੇ ਲਗਾਏ ਜਾਣ ਵਾਲੇ ਲੰਗਰਾਂ 'ਤੇ ਹੀ ਨਿਰਭਰ ਹੋ ਗਏ ਹਨ। ਅਜਿਹੇ 'ਚ ਕੋਈ ਵੀ ਵਿਅਕਤੀ ਆਪਣੇ ਇਲਾਜ ਦਾ ਖਰਚ ਨਹੀਂ ਚੁੱਕ ਸਕਦਾ ਪਰ ਜੇਕਰ ਸਰਕਾਰ ਇਸ ਨੂੰ ਫਰੀ ਕਰਦੇ ਹੋਏ ਸਾਰਾ ਖਰਚ ਆਪ ਵੀ ਕਰਦੀ ਹੈ ਤਾਂ ਇਹ ਕੋਈ ਵੱਡੀ ਰਕਮ ਨਹੀਂ ਬਣਦੀ, ਜਿਸ ਦਾ ਪੰਜਾਬ ਸਰਕਾਰ ਦੇ ਖਜ਼ਾਨੇ 'ਤੇ ਕੋਈ ਵੱਡਾ ਬੋਝ ਵੀ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਬਿਮਾਰੀ ਦੇ ਮਰੀਜ਼ਾਂ ਦੇ ਇਲਾਜ ਲਈ ਸਿਰਫ ਬੈੱਡ, ਆਕਸੀਜ਼ਨ ਅਤੇ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ ਅਤੇ ਮਰੀਜ਼ ਨੂੰ ਦਿੱਤੀ ਜਾਣ ਵਾਲੀ ਦਵਾਈ ਦੀ ਕੀਮਤ ਵੀ ਬਹੁਤ ਹੀ ਥੋੜੀ ਹੁੰਦੀ ਹੈ ਜਾਂ ਦਵਾਈ ਦਿੱਤੀ ਹੀ ਨਹੀਂ ਜਾ ਰਹੀ। ਐਸੇ ਵਿੱਚ ਪੰਜਾਬ ਸਰਕਾਰ ਇਕ ਨਿਰਧਾਰਿਤ ਰੇਟ ਤਹਿ ਕਰ ਦੇਵੇ ਤਾਂ ਅਨੇਕਾਂ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਜਿੱਥੇ ਰਾਹਤ ਮਿਲੇਗੀ, ਉੱਥੇ ਪ੍ਰਾਈਵੇਟ ਹਸਪਤਾਲਾਂ ਵਲੋਂ ਮਰੀਜ਼ਾਂ ਦੀ ਲੁੱਟ ਵੀ ਬੰਦ ਹੋ ਜਾਵੇਗੀ ਕਿਉਂਕਿ ਅਜਿਹਾ ਦੇਖਣ 'ਚ ਆਇਆ ਹੈ ਕਿ ਕੁਝ ਪ੍ਰਾਈਵੇਟ ਹਸਪਤਾਲਾਂ ਵਲੋਂ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਮੌਕੇ ਸਿਰਫ ਬੈੱਡ, ਆਕਸੀਜ਼ਨ ਅਤੇ ਵੈਂਟੀਲੇਟਰ ਲਾਉਣ ਦੀ ਹੀ ਮੋਟੀ ਰਕਮ ਵਸੂਲੀ ਜਾ ਰਹੀ ਹੈ, ਜਿਸ ਸਬੰਧੀ ਅਨੇਕਾਂ ਵੀਡੀਓ ਵੀ ਵਾਇਰਲ ਹੋ ਚੁੱਕੀਆਂ ਹਨ। ਜਿਸ ਕਾਰਨ ਇਕ ਆਮ ਵਿਅਕਤੀ ਪ੍ਰਾਈਵੇਟ ਹਸਪਤਾਲ 'ਚ ਆਪਣਾ ਇਲਾਜ ਕਰਵਾਉਣ ਤੋਂ ਕੰਨੀ ਕਤਰਾਉਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ 'ਚ ਕੋਰੋਨਾ ਪੀੜਤਾਂ ਦਾ ਇਲਾਜ ਸਰਕਾਰੀ ਖਰਚ 'ਤੇ ਕੀਤਾ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਹੋਣ ਵਾਲੇ ਇਲਾਜ ਦਾ ਖਰਚ ਵੀ ਨਿਰਧਾਰਿਤ ਕੀਤਾ ਜਾਵੇ ਤਾਂ ਜੋ ਜੇਕਰ ਕੋਈ ਵਿਅਕਤੀ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਵਾਉਣਾ ਚਾਹੇ ਤਾਂ ਉਹ ਬਿਨਾਂ ਕਿਸੇ ਹਿਚਕਿਚਾਹਟ ਦੇ ਇਲਾਜ ਕਰਵਾ ਸਕੇ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਰਿਆਨੇ ਦੀ ਦੁਕਾਨ 'ਤੇ ਛਾਪਾ
NEXT STORY