ਜ਼ੀਰਕਪੁਰ (ਵੈੱਬ ਡੈਸਕ, ਅਸ਼ਵਨੀ) : ਇੱਥੇ ਪੀਰਮੁਛੱਲਾ ਦੇ ਡੰਪਿੰਗ ਗਰਾਊਂਡ ਨੇੜੇ ਸਥਿਤ ਨੇਚਰ ਪਾਰਕ 'ਚ ਵੀਰਵਾਰ ਸਵੇਰੇ ਇੱਕ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਸਵੇਰੇ ਸੈਰ ਕਰਨ ਆਏ ਲੋਕਾਂ ਨੇ ਜਦੋਂ ਪਾਰਕ 'ਚ ਲਾਸ਼ ਪਈ ਦੇਖੀ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਢਕੋਲੀ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਢਕੋਲੀ ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦਾ ਸਿਰ ਧੜ ਤੋਂ ਵੱਖ ਮਿਲਿਆ ਹੈ। ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਜ਼ਰੂਰੀ ਸੈਂਪਲ ਇਕੱਠੇ ਕਰ ਲਏ ਹਨ।
ਲਾਸ਼ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੀ ਪਛਾਣ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪੁਲਸ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਵਾਰਦਾਤ ਨਾਲ ਜੁੜੇ ਸੁਰਾਗ ਜੁਟਾਏ ਜਾ ਰਹੇ ਹਨ। ਪੁਲਸ ਅਨੁਸਾਰ ਦੇਖਣ 'ਚ ਨੌਜਵਾਨ ਦੀ ਉਮਰ ਲਗਭਗ 21 ਤੋਂ 22 ਸਾਲ ਲੱਗਦੀ ਹੈ। ਮ੍ਰਿਤਕ ਦੀ ਪਛਾਣ ਲਈ ਉਸ ਦੇ ਸਰੀਰ 'ਤੇ ਬਣੇ ਨਿਸ਼ਾਨਾਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ।
ਐੱਸ. ਐੱਚ. ਓ. ਮੁਤਾਬਕ ਨੌਜਵਾਨ ਦੇ ਇੱਕ ਹੱਥ 'ਤੇ 'ਵਿਸ਼ਾਲ' ਅਤੇ ਦੂਜੇ ਹੱਥ 'ਤੇ 'ਵੀ' ਲਿਖਿਆ ਹੋਇਆ ਹੈ, ਜਿਨ੍ਹਾਂ ਦੇ ਆਧਾਰ 'ਤੇ ਵੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਇਸ ਗੱਲ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਨੌਜਵਾਨ ਦਾ ਕਤਲ ਨੇਚਰ ਪਾਰਕ 'ਚ ਹੀ ਕੀਤਾ ਗਿਆ ਹੈ ਜਾਂ ਫਿਰ ਕਿਤੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਇੱਥੇ ਲਿਆ ਕੇ ਸੁੱਟੀ ਗਈ ਹੈ । ਇਸ ਤੋਂ ਇਲਾਵਾ ਆਸ-ਪਾਸ ਦੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪਾਰਕ 'ਚ ਸਵੇਰੇ ਸੈਰ ਕਰਨ ਆਏ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਟਲ਼ੀ! CBI ਜਾਂਚ ਨੂੰ ਸੁਪਰੀਮ ਕੋਰਟ 'ਚ ਦਿੱਤੀ ਸੀ ਚੁਣੌਤੀ
NEXT STORY