ਚੰਡੀਗੜ੍ਹ (ਪਾਲ) : ਮਰੀਜ਼ ਕੋਵਿਡ-19 ਵਾਇਰਸ ਨਾਲ ਤਾਂ ਸਰੀਰਕ ਤੌਰ ’ਤੇ ਲੜ ਹੀ ਰਿਹਾ ਹੈ ਪਰ ਉਸ ਤੋਂ ਕਿਤੇ ਜ਼ਿਆਦਾ ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਹੋ ਰਿਹਾ ਹੈ। ਨੌਬਤ ਇੱਥੋਂ ਤਕ ਆ ਗਈ ਹੈ ਕਿ ਜੀ. ਐੱਮ. ਸੀ. ਐੱਚ.-32 ਨੇ ਅਜਿਹੇ ਮਰੀਜ਼ਾਂ ਦੀ ਕਾਊਂਸਲਿੰਗ ਲਈ ਡੈਡੀਕੇਟਡ ਹੈਲਪਲਾਈਨ ਸ਼ੁਰੂ ਕਰ ਦਿੱਤੀ ਹੈ। ਜੀ. ਐੱਮ. ਸੀ. ਐੱਚ.-32 ਸਾਇਕੇਟਰੀ ਡਿਪਾਰਟਮੈਂਟ ਦੀ ਹੈੱਡ ਡਾ. ਪ੍ਰੀਤੀ ਅਰੁਣ ਨੇ ਦੱਸਿਆ ਕਿ ਕੋਵਿਡ ਮਰੀਜ਼ਾਂ ਵਿਚ ਵੱਡੇ ਡਿਪ੍ਰੈਸ਼ਨ ਦਾ ਕੰਮ ਕਰ ਰਿਹਾ ਹੈ। ਜਿਸ ਤਰ੍ਹਾਂ ਸ਼ਹਿਰ ਵਿਚ ਕੋਵਿਡ ਮਰੀਜ਼ਾਂ ਦੀ ਮੌਤ ਹੋ ਰਹੀ ਹੈ, ਇਹ ਉਸਦਾ ਇਕ ਵੱਡਾ ਕਾਰਨ ਵੀ ਹੈ। ਮਰੀਜ਼ਾਂ ਨੂੰ ਲੱਗ ਰਿਹਾ ਹੈ ਕਿ ਕੋਵਿਡ ਹੋਣ ’ਤੇ ਦਾਖ਼ਲ ਹੋਣ ਤੋਂ ਬਾਅਦ ਉਹ ਠੀਕ ਨਹੀਂ ਹੋਣਗੇ। ਇਹੀ ਨਹੀਂ, ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਠੀਕ ਹੋਣ ਦੇ ਆਸਾਰ ਬਹੁਤ ਘੱਟ ਹਨ, ਜਿਸ ਦਾ ਅਸਰ ਉਨ੍ਹਾਂ ਦੇ ਵਿਵਹਾਰ ’ਤੇ ਹੋ ਰਿਹਾ ਹੈ। ਮਰੀਜ਼ ਆਪਣੇ ਇਲਾਜ ਸਬੰਧੀ ਸਹਿਯੋਗ ਨਹੀਂ ਦੇ ਰਹੇ ਹਨ। ਕਾਫ਼ੀ ਸਮੇਂ ਤੋਂ ਅਸੀਂ ਮਰੀਜ਼ਾਂ ਨੂੰ ਆਬਜ਼ਰਵ ਕਰ ਰਹੇ ਸੀ, ਜਿਸ ਤੋਂ ਬਾਅਦ ਅਸੀਂ ਮਰੀਜ਼ਾਂ ਲਈ ਇਹ ਸਹੂਲਤ ਸ਼ੁਰੂ ਕੀਤੀ ਹੈ। ਇਹ ਸਹੂਲਤ ਉਨ੍ਹਾਂ ਮਰੀਜ਼ਾਂ ਲਈ ਹੈ, ਜੋ ਹਸਪਤਾਲ ਵਿਚ ਦਾਖਲ ਹਨ। ਕੋਵਿਡ ਮਰੀਜ਼ਾਂ ਲਈ ਹੁਣ ਦਿਸ਼ਾ ਨਿਰਦੇਸ਼ ਬਦਲੇ ਹਨ। ਉਹ ਫੋਨ ਆਪਣੇ ਕੋਲ ਰੱਖ ਸਕਦੇ ਹਨ, ਜੋ ਉਨ੍ਹਾਂ ਨੂੰ ਥੋੜ੍ਹੀ ਰਾਹਤ ਦੇ ਰਿਹਾ ਹੈ।
ਇਹ ਵੀ ਪੜ੍ਹੋ : ਕੋਵਿਡ ਨਾਲ ਨਜਿੱਠਣ ਲਈ ਸਿਹਤ ਮਹਿਕਮੇ ’ਚ ਮੈਡੀਕਲ ਅਫਸਰਾਂ ਦੀ ਐਮਰਜੈਂਸੀ ਭਰਤੀ ਨੂੰ ਹਰੀ ਝੰਡੀ
ਇਨਫੈਕਸ਼ਨ ਦੇ ਡਰ ਦੇ ਨਾਲ-ਨਾਲ ਮੌਤ ਦਾ ਵੀ ਖ਼ਤਰਾ
ਕੋਰੋਨਾ ਪਾਜ਼ੇਟਿਵ ਹੋਣ ਦਾ ਅਹਿਸਾਸ ਅਤੇ ਉਸ ਤੋਂ ਵਧ ਕੇ ਇਨਫੈਕਸ਼ਨ ਦਾ ਡਰ ਕੀ ਹੁੰਦਾ ਹੈ, ਇਹ ਇਕ ਮਰੀਜ਼ ਹੀ ਦੱਸ ਸਕਦਾ ਹੈ। ਜਿਹੜੇ ਲੋਕਾਂ ਨੂੰ ਮੈਂਟਲ ਇਲਨੈੱਸ (ਡਿਪ੍ਰੈਸ਼ਨ) ਹੈ ਉਨ੍ਹਾਂ ਲੋਕਾਂ ਲਈ ਇਕ ਇਹ ਮੁਸ਼ਕਿਲ ਸਮਾਂ ਹੈ। ਪਿਛਲੇ ਸਾਲ ਸ਼ਹਿਰ ਵਿਚ ਪਾਜ਼ੇਟਿਵ ਮਰੀਜ਼ ਦਾ ਖੁਦਕੁਸ਼ੀ ਕੇਸ ਵੀ ਹੋ ਚੁੱਕਿਆ ਹੈ। ਇਹ ਇਕ ਤਰ੍ਹਾਂ ਦਾ ਮੈਂਟਲ ਪ੍ਰੈਸ਼ਰ ਹੈ ਕਿ ਕਿਤੇ ਤੁਹਾਡੇ ਕਾਰਨ ਤੁਹਾਡੇ ਪਰਿਵਾਰ ਵਿਚ ਇਹ ਕਿਸੇ ਹੋਰ ਨੂੰ ਨਾ ਹੋ ਜਾਵੇ। ਇਨਫੈਕਸ਼ਨ ਦੇ ਡਰ ਨਾਲ-ਨਾਲ ਮੌਤ ਦਾ ਵੀ ਖ਼ਤਰਾ ਹੈ। ਖਾਸ ਕਰ ਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਹੈ। ਇਹੀ ਕਾਰਨ ਹੈ ਕਿ ਮਰੀਜ਼ ਖੁਦਕੁਸ਼ੀ ਵਰਗਾ ਕਦਮ ਵੀ ਚੁੱਕ ਲੈਂਦਾ ਹੈ।
ਇਨਫੈਕਸ਼ਨ ਨੂੰ ਦੂਰ ਕਰਨਾ ਹੈ, ਲੋਕਾਂ ਨੂੰ ਨਹੀਂ
ਭਾਰਤ ਵਿਚ ਹਾਲਾਂਕਿ ਮੌਤ ਦਰ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਹੈ। ਰਿਕਵਰੀ ਚੰਗੀ ਹੈ। ਹਿਊਮਨ ਨੇਚਰ ਹੈ ਕਿ ਅਸੀਂ ਨੈਗੇਟਿਵਿਟੀ ਵੱਲ ਜਲਦੀ ਖਿੱਚੇ ਜਾਂਦੇ ਹਾਂ। ਜਿਸ ਤਰ੍ਹਾਂ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਅਤੇ ਨਵੇਂ ਕੇਸਾਂ ਨੂੰ ਦਿਖਾਇਆ ਜਾਂਦਾ ਹੈ, ਇਸ ਨਾਲ ਮਾਨਸਿਕ ਤੌਰ ’ਤੇ ਵੱਡਾ ਅਸਰ ਪੈਂਦਾ ਹੈ। ਨਾ ਚਾਹੁੰਦੇ ਹੋਏ ਵੀ ਤੁਸੀਂ ਨੈਗੇਟਿਵ ਸੋਚਦੇ ਹੋ। ਦੂਜੀ ਗੱਲ ਇਹ ਹੈ ਕਿ ਸਮਾਜਿਕ ਤੌਰ ’ਤੇ ਲੋਕ ਇਸ ਨੂੰ ਛੁਪਾਉਣ ਲੱਗ ਪਏ ਹਨ। ਜਿਵੇਂ ਹੀ ਤੁਹਾਨੂੰ ਪਤਾ ਚੱਲਦਾ ਹੈ ਕਿ ਕਿਸੇ ਵਿਅਕਤੀ ਨੂੰ ਵਾਇਰਸ ਹੋਇਆ ਹੈ, ਲੋਕ ਉਸ ਤੋਂ ਦੂਰੀ ਬਣਾ ਲੈਂਦੇ ਹਨ। ਹਾਲਾਂਕਿ ਇਹ ਚੰਗੀ ਗੱਲ ਹੈ, ਜੋਕਿ ਜ਼ਰੂਰੀ ਵੀ ਹੈ।
ਇਹ ਵੀ ਪੜ੍ਹੋ : 18 ਤੋਂ 45 ਸਾਲ ਵਾਲਿਆਂ ਦੀ ਵੈਕਸੀਨੇਸ਼ਨ ਭਲਕੇ ਤੋਂ , ਸ਼ਹਿਰ ਨੂੰ ਮਿਲੀਆਂ ਸਿਰਫ਼ 33,000 ਡੋਜ਼
98 ਫ਼ੀਸਦੀ ਰਿਕਵਰੀ ਹੈ
98 ਪਾਜ਼ੇਟਿਵ ਮਰੀਜ਼ਾਂ ਦੀ ਰਿਕਵਰੀ ਹੋ ਰਹੀ ਹੈ। ਇਸ ਲਈ ਮੈਂਟਲ ਸਟਰੈੱਸ ਲੈਣ ਦੀ ਜ਼ਰੂਰਤ ਨਹੀਂ ਹੈ। ਆਈਸੋਲੇਸ਼ਨ ਵਿਚ ਤੁਸੀਂ ਬੇਸ਼ੱਕ ਕੁਝ ਦਿਨਾਂ ਲਈ ਪਰਿਵਾਰ ਤੋਂ ਦੂਰ ਹੋਵੋ ਪਰ ਉਹ ਉਸਦੇ ਚੰਗੇ ਲਈ ਹੈ। ਹੋਮ ਆਈਸੋਲੇਸ਼ਨ ਵਿਚ ਥੋੜ੍ਹੀ ਦੂਰੀ ਬਣਾ ਕੇ ਅਤੇ ਨਿਯਮਾਂ ਨੂੰ ਵੇਖਦੇ ਹੋਏ ਗੱਲ ਕੀਤੀ ਜਾ ਸਕਦੀ ਹੈ। ਉੱਥੇ ਹੀ ਪਰਿਵਾਰ ਨੂੰ ਵੀ ਮਰੀਜ਼ ਨੂੰ ਇਕਦਮ ਇਕੱਲੇ ਨਹੀਂ ਛੱਡਣਾ ਚਾਹੀਦਾ ਹੈ। ਫੋਨ ਦੇ ਜ਼ਰੀਏ ਇਕ-ਦੂਜੇ ਨਾਲ ਸੰਪਰਕ ਰਹੇ, ਤਾਂਕਿ ਉਹ ਸੈਲਫ ਆਈਸੋਲੇਸ਼ਨ ਬਿਨਾਂ ਪ੍ਰੇਸ਼ਾਨੀ ਦੇ ਕੱਢ ਸਕੇ।
ਤਿੰਨ ਸੈਂਟਰਾਂ ’ਤੇ ਚੱਲੀ ਸਹੂਲਤ
ਡਾ. ਅਰੁਣ ਨੇ ਦੱਸਿਆ ਕਿ ਜੀ. ਐੱਮ. ਸੀ. ਐੱਚ. ਦੇ ਨਾਲ ਸੈਕਟਰ-48 ਹਸਪਤਾਲ, ਸੂਦ ਧਰਮਸ਼ਾਲਾ ਅਤੇ ਧਨਵੰਤਰੀ ਦੇ ਮਰੀਜ਼ ਸਾਡੇ ਅਧੀਨ ਹਨ। ਮਾਹਿਰ ਸਾਡੇ ਕੋਲ ਹਨ, ਜੋ ਮਰੀਜ਼ਾਂ ਦੀ ਕਾਊਂਸਲਿੰਗ ਕਰ ਰਹੇ ਹਨ। ਮਰੀਜ਼ ਸਾਨੂੰ 0172-2660078, 0172-2660178 ’ਤੇ ਸੰਪਰਕ ਕਰ ਰਹੇ ਹਨ। ਪਿਛਲੇ ਸਾਲ ਅਸੀਂ ਪੋਸਟ ਕੋਵਿਡ ਕਲੀਨਿਕ ਵੀ ਸ਼ੁਰੂ ਕੀਤਾ ਸੀ, ਜੋ ਹੁਣ ਵੀ ਚੱਲ ਰਿਹਾ ਹੈ। ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿਚ ਸਭ ਤੋਂ ਵੱਡੀ ਪ੍ਰੇਸ਼ਾਨੀ ਕਮਜ਼ੋਰੀ, ਮਾਨਸਿਕ ਅਤੇ ਛਾਤੀ ਦੀ ਰਹਿੰਦੀ ਹੈ। ਜੇਕਰ ਉਮਰ ਜ਼ਿਆਦਾ ਹੋਵੇ ਤਾਂ ਦਿੱਕਤਾਂ ਹੋਰ ਵਧ ਜਾਂਦੀਆਂ ਹਨ, ਜਿਸਨੂੰ ਵੇਖਦਿਆਂ ਜੀ. ਐੱਮ. ਸੀ. ਐੱਚ. ਵਿਚ ਪੋਸਟ ਕੋਵਿਡ ਕੇਅਰ ਕਲੀਨਿਕ ਖੋਲ੍ਹਿਆ ਸੀ, ਜਿੱਥੇ ਸਾਇਕੇਟਰੀ ਡਿਪਾਰਟਮੈਂਟ ਆਪਣੀਆਂ ਸੇਵਾਵਾਂ ਹੁਣ ਵੀ ਦੇ ਰਿਹਾ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਕੀਤਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੈਪਟਨ ਨੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਕੀਤਾ ਐਲਾਨ
NEXT STORY