ਚੰਡੀਗੜ੍ਹ (ਅਸ਼ਵਨੀ) : ਮਾਨਵੀ ਸਨੇਹ ਵਜੋਂ ਰਾਧਾ ਸੁਆਮੀ ਸਤਿਸੰਗ ਬਿਆਸ ਤੇ ਸੰਤ ਨਿਰੰਕਾਰੀ ਮਿਸ਼ਨ ਨੇ ਕੈ.ਅਮਰਿੰਦਰ ਸਿੰਘ ਨੂੰ ਕੋਵਿਡ ਵਿਰੁੱਧ ਸੂਬਾ ਸਰਕਾਰ ਵਲੋਂ ਲੜੀ ਜਾ ਰਹੀ ਲੜਾਈ ਵਿਰੁੱਧ ਪੰਜਾਬ ’ਚ ਸਥਿਤ ਆਪਣੇ ਸਤਿਸੰਗ ਘਰ ਤੇ ਨਿਰੰਕਾਰੀ ਭਵਨ ਵਰਤਣ ਦੀ ਪੇਸ਼ਕਸ਼ ਕੀਤੀ ਹੈ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ’ਚ ਸੂਬਾ ਸਰਕਾਰ ਵੱਲ ਮਦਦ ਲਈ ਹੱਥ ਵਧਾਉਂਦਿਆਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਫ਼ੋਨ ਕਰਕੇ ਸੂਬੇ ’ਚ ਸਥਿਤ ਸਤਿਸੰਗ ਘਰਾਂ ਦੀ ਵਰਤੋਂ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਆਪਣੇ ਫੀਲਡ ਯੂਨਿਟਾਂ ਨੂੰ ਵਿਸਥਾਰਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਗੋਬਿੰਦ ਸਿੰਘ ਨੇ ਵੀ ਕਰੋਨਾ ਵਾਇਰਸ ਵਿਰੁੱਧ ਛੇੜੀ ਜੰਗ ਪ੍ਰਤੀ ਮਦਦ ਲਈ ਅੱਗੇ ਆਉਂਦਿਆਂ ਨਿਰੰਕਾਰੀ ਭਵਨਾਂ ਅਤੇ ਉਥੋਂ ਦੀਆਂ ਸਹੂਲਤਾਂ ਵਰਤਣ ਦੀ ਪੇਸ਼ਕਸ਼ ਕੀਤੀ ਹੈ। ਸੰਕਟ ਦੀ ਘੜੀ ਵਿਚ ਉਨ੍ਹਾਂ ਨੇ ਸੂਬਾ ਸਰਕਾਰ ਦੀ ਮਦਦ ਲਈ ਆਪਣੇ ਵਲੰਟੀਅਰਾਂ ਦੀਆਂ ਸੇਵਾਵਾਂ ਦੇਣ ਦੀ ਵੀ ਪੇਸ਼ਕਸ਼ ਕੀਤੀ।
ਮੁਖੀ ਗੁਰਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਬੰਧ ਵਿਚ ਸਾਰੇ ਭਵਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਸੰਸਥਾਵਾਂ ਦੇ ਆਗੂਆਂ ਵਲੋਂ ਮਦਦ ਦੀ ਪੇਸ਼ਕਸ਼ ਦੇ ਰੂਪ ਵਿਚ ਦਿਖਾਏ ਸਨੇਹ ਦੀ ਭਰਵੀਂ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਇਸ ਨਾਜ਼ੁਕ ਘੜੀ ਵਿਚ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਲਈ ਦੋਵਾਂ ਆਗੂਆਂ ਦਾ ਧੰਨਵਾਦ ਕੀਤਾ।
ਕੋਰੋਨਾ : ਪੰਜਾਬ ਦੇ ਸਕੂਲਾਂ ਨੂੰ ਨਾਨ-ਬੋਰਡ ਜਮਾਤਾਂ ਦੇ ਨਤੀਜੇ ਐਲਾਨਣ ਦੇ ਨਿਰਦੇਸ਼
NEXT STORY