ਫਾਜ਼ਿਲਕਾ (ਕ੍ਰਿਸ਼ਨ): ਫਾਜ਼ਿਲਕਾ ਵਿਚ ਇਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਥਾਣਾ ਸਦਰ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਨਵਾਂ ਸਲੇਮ ਸ਼ਾਹ ਵਿਚ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਹਥਿਆਰਬੰਦ ਨੌਜਵਾਨਾਂ ਵੱਲੋਂ ਇਕ ਪੱਠਿਆਂ ਦੀ ਟਾਲ 'ਤੇ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਟਾਲ ਮਾਲਕ 'ਤੇ ਕਾਪੇ ਨਾਲ ਵਾਰ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਅਤੇ ਜਾਂਦੇ ਸਮੇਂ ਪਿਸਤੌਲ ਨਾਲ ਹਵਾਈ ਫਾਇਰ ਵੀ ਕੀਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਨਸ਼ੇ ਨੂੰ ਲੈਕੇ ਰੋਕਣ ਤੋਂ ਬਾਅਦ ਹੋਏ ਵਿਵਾਦ ਦੀ ਰੰਜਿਸ਼ ਦੇ ਚਲਦਿਆਂ ਹੀ ਕੁੱਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਨਵਾਂ ਸਲੇਮ ਸ਼ਾਹ ਨੇ ਦੱਸਿਆ ਕਿ ਉਹ ਮੱਥਾ ਟੇਕ ਕੇ ਵਾਪਸ ਆਪਣੀ ਪੱਠਿਆਂ ਦੀ ਟਾਲ 'ਤੇ ਆਇਆ ਸੀ ਅਤੇ ਅਜੇ 10-15 ਮਿੰਟ ਹੀ ਹੋਏ ਸਨ ਕਿ ਅਚਾਨਕ 4-5 ਨੌਜਵਾਨ ਅੰਦਰ ਆ ਗਏ। ਪਹਿਲਾਂ ਤਾਂ ਉਸ ਨੂੰ ਲੱਗਾ ਕਿ ਸ਼ਾਇਦ ਉਹ ਮਜ਼ਾਕ ਕਰ ਰਹੇ ਹਨ, ਪਰ ਉਨ੍ਹਾਂ ਨੇ ਅਚਾਨਕ ਕਾਪੇ ਕੱਢ ਲਏ। ਜਦੋਂ ਉਸਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਕਾਪੇ ਨਾਲ ਵਾਰ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਰੌਲਾ ਪਾਉਣ 'ਤੇ ਹਮਲਾਵਰ ਬਾਹਰ ਭੱਜ ਗਏ ਅਤੇ ਜਾਂਦੇ-ਜਾਂਦੇ ਹਵਾਈ ਫਾਇਰ ਕਰਕੇ ਫ਼ਰਾਰ ਹੋ ਗਏ। ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਸ਼ਾਇਦ ਹਮਲਾਵਰਾਂ ਦਾ ਉੱਥੇ ਮੌਜੂਦ ਗੋਲਡੀ ਨਾਮਕ ਨੌਜਵਾਨ ਨਾਲ ਕੋਈ ਵਿਵਾਦ ਸੀ।
ਦੂਜੇ ਪਾਸੇ, ਮੌਕੇ 'ਤੇ ਮੌਜੂਦ ਗੁਰਮੇਲ ਸਿੰਘ ਉਰਫ਼ ਗੋਲਡੀ ਨੇ ਦੱਸਿਆ ਕਿ 3 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਕਰੀਬ 7 ਤੋਂ 9 ਨੌਜਵਾਨ ਆਏ ਸਨ, ਜਿਨ੍ਹਾਂ ਕੋਲ ਦੋ ਕਾਪੇ ਅਤੇ ਇੱਕ ਪਿਸਤੌਲ ਸੀ। ਹਮਲਾਵਰਾਂ ਨੇ ਸਿੱਧੀ ਪਿਸਤੌਲ ਤਾਣੀ ਰੱਖੀ ਅਤੇ ਫ਼ਰਾਰ ਹੁੰਦੇ ਸਮੇਂ ਇੱਕ ਹਵਾਈ ਫਾਇਰ ਕੀਤਾ। ਗੋਲਡੀ ਨੇ ਦੋਸ਼ ਲਾਇਆ ਕਿ ਪਹਿਲਾਂ ਇੱਥੇ ਚਿੱਟਾ ਵੇਚਣ ਵਾਲੇ ਇੱਕ ਲੜਕੇ ਨੂੰ ਰੋਕਿਆ ਗਿਆ ਸੀ, ਜਿਸਦੀ ਰੰਜਿਸ਼ ਤਹਿਤ ਪਿੰਡ ਦੇ ਹੀ ਸੰਜੂ ਨਾਮਕ ਨੌਜਵਾਨ ਨੇ ਆਪਣੇ ਅਣਪਛਾਤੇ ਸਾਥੀਆਂ ਸਮੇਤ ਇਹ ਹਮਲਾ ਕੀਤਾ ਹੈ। ਗੋਲਡੀ ਨੇ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਹਿਰ ਵਿੱਚ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ ਅਤੇ ਪ੍ਰਸ਼ਾਸਨ ਸੁੱਤਾ ਪਿਆ ਹੈ। ਉਨ੍ਹਾਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ?
ਇਸ ਮਾਮਲੇ ਸਬੰਧੀ ਮੌਕੇ 'ਤੇ ਪਹੁੰਚੇ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ 112 'ਤੇ ਸੂਚਨਾ ਮਿਲੀ ਸੀ ਕਿ ਨਵਾਂ ਸਲੇਮ ਸ਼ਾਹ ਵਿਖੇ ਪਰਮਜੀਤ ਸਿੰਘ ਪੰਮਾ ਦੀ ਪੱਠਿਆਂ ਦੀ ਟਾਲ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਕਾਪੇ ਨਾਲ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਹੈ ਅਤੇ ਲੋਕਾਂ ਅਨੁਸਾਰ ਜਾਂਦੇ ਸਮੇਂ ਇੱਕ ਹਵਾਈ ਫਾਇਰ ਵੀ ਕੀਤਾ ਗਿਆ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਪੈਟਰੋਲਿੰਗ ਵਧਾ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
257 ਗ੍ਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ
NEXT STORY