ਕਪੂਰਥਲਾ (ਭੂਸ਼ਣ)— ਬੀਤੇ 2 ਸਾਲਾਂ ਤੋਂ ਸੂਬੇ ਭਰ 'ਚ ਡਰੱਗ ਮਾਫੀਆ ਖਿਲਾਫ ਵੱਡੀ ਮੁਹਿੰਮ ਚਲਾ ਰਹੀ ਪੰਜਾਬ ਪੁਲਸ ਲਈ ਵੱਡੀ ਚੁਣੌਤੀ ਬਣ ਚੁੱਕੇ ਹਨ, ਅਫਰੀਕਾ ਤੋਂ ਆਉਣ ਵਾਲੇ ਪ੍ਰਵਾਸੀ। ਬੀਤੇ 10 ਦਿਨਾਂ 'ਚ ਜਲੰਧਰ ਜ਼ਿਲੇ ਸਮੇਤ ਪੂਰੇ ਦੋਆਬਾ ਖੇਤਰ 'ਚ ਅਫਰੀਕਾ ਨਾਲ ਸਬੰਧਤ 2 ਔਰਤਾਂ ਸਮੇਤ 4 ਡਰੱਗ ਸਮੱਗਲਰਾਂ ਦੀਆਂ ਗ੍ਰਿਫਤਾਰੀਆਂ ਨੇ ਜਿੱਥੇ ਪੰਜਾਬ ਪੁਲਸ ਨੂੰ ਚਿੰਤਿਤ ਕਰ ਦਿੱਤਾ ਹੈ, ਉਥੇ ਹੀ ਇਨ੍ਹਾਂ ਅਫਰੀਕੀ ਸਮੱਗਲਰਾਂ ਵੱਲੋਂ ਵੱਡੇ ਵਿੱਦਿਅਕ ਅਦਾਰਿਆਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆਪਣਾ ਗਾਹਕ ਬਣਾਉਣ ਦੇ ਖੁਲਾਸੇ ਨੇ ਇਨ੍ਹਾਂ ਸਿੱਖਿਆ ਸੰਸਥਾਵਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ 2 ਦਹਾਕਿਆਂ ਤੋਂ ਪੰਜਾਬ ਸਮੇਤ ਦੇਸ਼ ਭਰ 'ਚ ਖੁੱਲ੍ਹੇ ਕਈ ਵੱਡੇ ਵਿੱਦਿਅਕ ਅਦਾਰਿਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਅਫੀਰਕੀ ਵਿਦਿਆਰਥੀਆਂ ਦੀ ਐਂਟਰੀ ਹੋਈ ਹੈ। ਇਸ ਦੌਰਾਨ ਭਾਰਤ 'ਚ ਅਫਰੀਕੀ ਦੇਸ਼ਾਂ ਨਾਈਜੀਰੀਆ, ਜਿੰਬਾਬਵੇ, ਕੀਨੀਆ ਅਤੇ ਯੁਗਾਂਡਾ ਤੋਂ ਵਿਜ਼ਟਰ ਵੀਜ਼ਾ ਲੈ ਕੇ ਭਾਰਤ ਆਉਣ ਵਾਲੇ ਅਫਰੀਕੀ ਨਾਗਰਿਕਾਂ ਦੀ ਗਿਣਤੀ 'ਚ ਕਈ ਗੁਣਾ ਦਾ ਵਾਧਾ ਹੋਇਆ ਹੈ। ਗੌਰ ਹੋਵੇ ਕਿ ਬੀਤੇ ਦਿਨੀਂ ਜਲੰਧਰ ਦਿਹਾਤੀ ਪੁਲਸ ਨੇ ਫਿਲੌਰ ਖੇਤਰ 'ਚ ਭਾਰੀ ਮਾਤਰਾ 'ਚ ਹੈਰੋਇਨ ਦੀ ਖੇਪ ਦੇ ਨਾਲ ਇਕ ਅਫਰੀਕੀ ਔਰਤ ਨੂੰ ਗ੍ਰਿਫਤਾਰ ਕੀਤਾ ਸੀ। ਉਥੇ ਹੀ 2-3 ਦਿਨ ਪਹਿਲਾਂ ਨਵਾਂ ਸ਼ਹਿਰ ਪੁਲਸ ਨੇ ਇਕ ਅਫਰੀਕੀ ਔਰਤ ਨੂੰ ਡਰਗ ਦੀ ਵੱਡੀ ਖੇਪ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਥੇ ਹੀ ਇਸ ਦੌਰਾਨ ਜਲੰਧਰ ਅਤੇ ਮੋਹਾਲੀ ਪੁਲਸ ਬੀਤੇ 10 ਦਿਨਾਂ ਦੌਰਾਨ 2 ਅਫਰੀਕੀ ਨਾਗਰਿਕਾਂ ਨੂੰ ਹੈਰੋਇਨ ਦੀ ਖੇਪ ਦੇ ਨਾਲ ਗ੍ਰਿਫਤਾਰ ਕਰ ਚੁੱਕੀ ਹੈ। ਜਿਨ੍ਹਾਂ ਨੇ ਪੁਲਸ ਦੇ ਸਾਹਮਣੇ ਪੁੱਛਗਿਛ ਦੌਰਾਨ ਖੁਲਾਸਾ ਕੀਤਾ ਹੈ ਕਿ ਇਹ ਹੈਰੋਇਨ ਸਿੱਖਿਆ ਸੰਸਥਾਵਾਂ 'ਚ ਪੜ੍ਹਨ ਵਾਲੇ ਉਨ੍ਹਾਂ ਵਿਦਿਆਰਥੀਆਂ ਲਈ ਲਿਆਂਦੀ ਗਈ ਸੀ, ਜੋ ਨਸ਼ਾ ਕਰਨ ਦੇ ਆਦੀ ਹੋ ਚੁੱਕੇ ਹਨ। ਅਫਰੀਕੀ ਨਾਗਰਿਕਾਂ ਦੀਆਂ ੲਿਨ੍ਹਾਂ ਗ੍ਰਿਫਤਾਰੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਡਰੱਗ ਸਮੱਗਲਰ ਅਫਰੀਕੀ ਨਾਗਰਿਕਾਂ ਨੂੰ ਅੱਗੇ ਕਰਕੇ ਸਿੱਖਿਆ ਸੰਸਥਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।
ਰਾਤੋਂ-ਰਾਤ ਅਮੀਰ ਬਣਨ ਲਈ ਡਰੱਗ ਸਮੱਗਲਰਾਂ ਦੇ ਜਾਲ 'ਚ ਫਸ ਜਾਂਦੀਆਂ ਹਨ ਔਰਤਾਂ
ਬੀਤੇ ਇਕ ਦਹਾਕੇ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੀ ਪੁਲਸ ਵੱਲੋਂ ਹੈਰੋਇਨ ਵਰਗੇ ਮੰਹਿਗੇ ਨਸ਼ੇ ਦੀ ਖੇਪ ਦੇ ਨਾਲ ਕਈ ਅਫਰੀਕੀ ਨਾਗਰਿਕਾਂ ਨੂੰ ਫੜਿਆ ਜਾ ਚੁੱਕਿਆ ਹੈ ਪਰ ਹੁਣ ਬੀਤੇ ਕਈ ਦਿਨਾਂ ਤੋਂ ਇਸ 'ਚ ਕਾਫੀ ਤੇਜ਼ੀ ਆਈ ਹੈ, ਪੰਜਾਬ ਪੁਲਸ ਵੱਲੋਂ ਡਰੱਗ ਵਿਰੋਧੀ ਮੁਹਿੰਮ ਦੌਰਾਨ ਕੀਤੀ ਗਈ ਵੱਡੇ ਪੱਧਰ 'ਤੇ ਬਰਾਮਦਗੀ ਦੇ ਬਾਅਦ ਡਰੱਗ ਸਮੱਗਲਰਾਂ ਨੇ ਪੁਲਸ ਤੋਂ ਬਚਣ ਲਈ ਇਕ ਨਵੀਂ ਰਣਨੀਤੀ ਬਣਾਉਂਦੇ ਹੋਏ, ਉਨ੍ਹਾਂ ਅਫਰੀਕੀ ਔਰਤਾਂ ਨੂੰ ਡਰੱਗ ਪੈਡਲਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਗਰੀਬ ਅਫਰੀਕੀ ਦੇਸ਼ਾਂ ਤੋਂ ਭਾਰਤ 'ਚ ਆਉਂਦੀਆਂ ਹਨ ਅਤੇ ਰਾਤੋਂ-ਰਾਤ ਅਮੀਰ ਬਣਨ ਦੇ ਸੁਪਨੇ 'ਚ ਉਕਤ ਡਰੱਗ ਸਮੱਗਲਰਾਂ ਦੇ ਜਾਲ 'ਚ ਫਸ ਜਾਂਦੀਆਂ ਹਨ।
ਕਾਨੂੰਨ ਦੀਆਂ ਪੇਚੀਦਗੀਆਂ ਅਤੇ ਭਾਸ਼ਾ ਦੀ ਸਮੱਸਿਆ ਕਾਰਨ ਨਹੀਂ ਹੋ ਸਕਦੀ ਪੂਰੀ ਪੁੱਛਗਿਛ
ਹੈਰੋਇਨ ਖੇਪ ਦੇ ਨਾਲ ਫੜੇ ਗਏ ਅਫਰੀਕੀ ਨਾਗਰਿਕਾਂ ਤੋਂ ਸਖਤ ਪੁੱਛਗਿਛ ਨਾ ਕਰ ਪਾਉਣ ਦੀ ਇਕ ਮੁੱਖ ਵਜ੍ਹਾ ਜਿੱਥੇ ਕਾਨੂੰਨ ਦੀਆਂ ਪੇਚੀਦਗੀਆਂ ਹਨ, ਉਥੇ ਹੀ ਭਾਸ਼ਾ ਦੀ ਸਮੱਸਿਆ ਵੀ ਇਸ 'ਚ ਅਹਿਮ ਕਾਰਨ ਬਣਦੀ ਹੈ। ਜਿਸ ਕਾਰਨ ਪੁਲਸ ਟੀਮਾਂ ਇਨ੍ਹਾਂ ਅਫਰੀਕੀ ਨਾਗਰਿਕਾਂ ਤੋਂ ਸਖਤ ਪੁੱਛਗਿੱਛ ਨਹੀਂ ਕਰ ਪਾਉਂਦੀ । ਜਿਸ ਕਾਰਨ ਕਈ ਵਾਰ ਉਨ੍ਹਾਂ ਦੇ ਨਾਲ ਜੁੜੇ ਲੋਕਾਂ ਦਾ ਖੁਲਾਸਾ ਨਹੀਂ ਹੋ ਪਾਉਂਦਾ।
ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਡਰੱਗ ਵਿਰੋਧੀ ਮੁਹਿੰਮ 'ਚ ਪੁਲਸ ਨੂੰ ਮਿਲ ਰਹੀਆਂ ਸੂਚਨਾਵਾਂ ਕਾਫੀ ਵਧੀਆ ਰੋਲ ਅਦਾ ਕਰ ਰਹੀਆਂ ਹਨ, ਜਿਸ ਕਾਰਨ ਕਾਫੀ ਗਿਣਤੀ 'ਚ ਡਰੱਗ ਸਮੱਗਲਰ ਫੜੇ ਜਾ ਚੁੱਕੇ ਹਨ। ਪੁਲਸ ਟੀਮਾਂ ਨੂੰ ਸਾਰੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਸਹੁਰਾ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਲਿਆ ਫਾਹਾ
NEXT STORY