ਲੁਧਿਆਣਾ (ਰਾਜ): ਮਹਾਨਗਰ ਵਿਚ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਚਲਾਏ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲੁਧਿਆਣਾ ਪੁਲਸ ਦੀ ਸਪੈਸ਼ਲ ਸੈੱਲ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਡਾਬਾ ਕਾਲੋਨੀ ਇਲਾਕੇ ਵਿਚ ਅਚਾਨਕ ਛਾਪੇਮਾਰੀ ਕਰਕੇ ਹੈਰੋਇਨ ਦੀ ਇਕ ਵੱਡੀ ਖੇਪ ਦੀ ਡਿਲੀਵਰੀ ਕਰ ਰਹੇ ਤਿੰਨ ਅੰਤਰ-ਜ਼ਿਲ੍ਹਾ ਨਸ਼ਾ ਤਸਕਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੋੜਾਂ ਰੁਪਏ ਕੀਮਤ ਦੀ 3 ਕਿੱਲੋ 134 ਗ੍ਰਾਮ ਹੈਰੋਇਨ, 1 ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ, ਨਸ਼ਾ ਤੋਲਣ ਵਾਲੇ 4 ਡਿਜੀਟਲ ਕੰਡੇ, ਪੈਕਿੰਗ ਲਈ ਰੱਖੇ 80 ਖਾਲੀ ਪਾਰਦਰਸ਼ੀ ਲਿਫ਼ਾਫ਼ੇ ਅਤੇ ਇਕ ਨੀਲੇ ਰੰਗ ਦਾ ਪਿੱਠੂ ਬੈਗ ਬਰਾਮਦ ਕੀਤਾ ਗਿਆ ਹੈ।
ਪੁਲਸ ਨੂੰ ਦੇਖ ਕੇ ਭੱਜਣ ਦੀ ਫਿਰਾਕ ਵਿਚ ਸਨ ਤਸਕਰ
ਮਿਲੀ ਅਧਿਕਾਰਤ ਜਾਣਕਾਰੀ ਅਨੁਸਾਰ, 5 ਅਕਤੂਬਰ ਨੂੰ ਸਪੈਸ਼ਲ ਸੈੱਲ ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਪੁਲਸ ਪਾਰਟੀ ਨਾਲ ਇਲਾਕੇ ਵਿਚ ਸ਼ੱਕੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੇ ਸਬੰਧ ਵਿਚ ਗਸ਼ਤ 'ਤੇ ਮੌਜੂਦ ਸਨ। ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਡਾਬਾ ਕਾਲੋਨੀ ਦੀ ਗਲੀ ਨੰਬਰ 04 ਵੱਲ ਮੁੜੀ, ਤਾਂ ਉੱਥੇ ਇਕ ਘਰ ਦੇ ਬਾਹਰ ਤਿੰਨ ਨੌਜਵਾਨ ਸ਼ੱਕੀ ਹਾਲਾਤ ਵਿਚ ਖੜ੍ਹੇ ਦਿਖਾਈ ਦਿੱਤੇ। ਤਿੰਨੋਂ ਆਪਸ ਵਿਚ ਕਾਲੇ ਰੰਗ ਦਾ ਇਕ ਵੱਡਾ ਪਲਾਸਟਿਕ ਲਿਫ਼ਾਫ਼ਾ ਫੜਾ ਰਹੇ ਸਨ। ਪੁਲਸ ਨੂੰ ਦੇਖਦਿਆਂ ਹੀ ਤਿੰਨੋਂ ਘਬਰਾ ਗਏ ਅਤੇ ਉੱਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਸ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਚਾਰੇ ਪਾਸਿਓਂ ਘੇਰਾਬੰਦੀ ਕੀਤੀ ਅਤੇ ਤਿੰਨਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।
ਤਲਾਸ਼ੀ ਵਿਚ ਨਿਕਲੀ 3.134 ਕਿੱਲੋਗ੍ਰਾਮ ਹੈਰੋਇਨ
ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਨਿਯਮਾਂ ਅਨੁਸਾਰ ਗਵਾਹਾਂ ਦੀ ਮੌਜੂਦਗੀ ਵਿਚ ਨੌਜਵਾਨਾਂ ਅਤੇ ਉਨ੍ਹਾਂ ਕੋਲ ਮੌਜੂਦ ਨੀਲੇ ਰੰਗ ਦੇ ਪਿੱਠੂ ਬੈਗ ਦੀ ਬਾਰੀਕੀ ਨਾਲ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕਾਲੇ ਮੋਮੀ ਲਿਫ਼ਾਫ਼ੇ ਅਤੇ ਬੈਗ ਦੇ ਅੰਦਰੋਂ ਕੁੱਲ 3 ਕਿੱਲੋ 134 ਗ੍ਰਾਮ ਸ਼ੁੱਧ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਹੀ ਮੌਕੇ 'ਤੋਂ ਨਸ਼ੇ ਦੀ ਵਿਕਰੀ ਤੋਂ ਇਕੱਠੇ ਕੀਤੇ ਗਏ 1 ਲੱਖ 5 ਹਜ਼ਾਰ ਰੁਪਏ ਕੈਸ਼ (ਡਰੱਗ ਮਨੀ), ਹੈਰੋਇਨ ਦੀਆਂ ਛੋਟੀਆਂ-ਛੋਟੀਆਂ ਪੁੜੀਆਂ ਬਣਾ ਕੇ ਵੇਚਣ ਦੇ ਕੰਮ ਆਉਣ ਵਾਲੇ 4 ਡਿਜੀਟਲ ਇਲੈਕਟ੍ਰੌਨਿਕ ਕੰਡੇ ਅਤੇ 80 ਖਾਲੀ ਛੋਟੇ ਲਿਫ਼ਾਫ਼ੇ ਜ਼ਬਤ ਕੀਤੇ ਗਏ।
ਫੜੇ ਗਏ ਮੁਲਜ਼ਮਾਂ ਦਾ ਵੇਰਵਾ
ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਪਛਾਣ ਨਿਤਿਨ, ਪਵਨ ਰਾਏ ਅਤੇ ਅੰਕਿਤ ਕੁਮਾਰ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ। ਥਾਣਾ ਸ਼ਿਮਲਾਪੁਰੀ ਵਿਚ ਤਿੰਨਾਂ ਮੁਲਜ਼ਮਾਂ ਖ਼ਿਲਾਫ਼ NDPS ਐਕਟ ਤਹਿਤ ਐੱਫ.ਆਈ.ਆਰ. ਨੰਬਰ 201 ਦਰਜ ਕੀਤੀ ਗਈ ਹੈ।
ਸਪੈਸ਼ਲ ਸੈੱਲ ਦੇ ਜਾਂਚ ਅਧਿਕਾਰੀ ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾ ਰਿਹਾ ਹੈ। ਰਿਮਾਂਡ ਦੌਰਾਨ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਹੈਰੋਇਨ ਦੀ ਇਹ ਇੰਨੀ ਵੱਡੀ ਖੇਪ ਸਰਹੱਦ ਪਾਰ ਤੋਂ ਜਾਂ ਕਿਸ ਅੰਤਰਰਾਜੀ ਗਿਰੋਹ ਤੋਂ ਮੰਗਵਾਈ ਗਈ ਸੀ ਅਤੇ ਸ਼ਹਿਰ ਵਿਚ ਕਿਹੜੇ-ਕਿਹੜੇ ਪੈਡਲਰਾਂ ਨੂੰ ਇਸ ਦੀ ਰਿਟੇਲ ਸਪਲਾਈ ਕੀਤੀ ਜਾਣੀ ਸੀ। ਮਾਮਲੇ ਵਿਚ ਅੱਗੇ ਦੀਆਂ ਕੜੀਆਂ ਜੋੜਦਿਆਂ ਹੋਰ ਵੀ ਗ੍ਰਿਫ਼ਤਾਰੀਆਂ ਸੰਭਵ ਹਨ।
ਮੁਲਾਜ਼ਮਾਂ ਦੇ DA ਮਾਮਲੇ 'ਤੇ ਕੇਵਲ ਸਿੰਘ ਢਿੱਲੋਂ ਨੇ ਘੇਰੀ ਪੰਜਾਬ ਸਰਕਾਰ, ਪੜ੍ਹੋ ਕੀ ਕਿਹਾ
NEXT STORY