ਫਰੀਦਕੋਟ (ਬਿਊਰੋ) - ਪਟਿਆਲਾ ਤੋਂ ਬਾਅਦ ਜੇਕਰ ਕਿਸੇ ਸ਼ਾਹੀ ਸ਼ਹਿਰ 'ਚ ਨਾਂਅ ਆਉਂਦਾ ਹੈ ਤਾਂ ਉਹ ਹੈ ਫਰੀਦਕੋਟ ਸ਼ਹਿਰ ਦਾ। ਇਹ ਸੀਟ ਅਕਾਲੀਆਂ ਦਾ ਗੜ੍ਹ ਮੰਨੀ ਜਾਂਦੀ ਰਹੀ ਹੈ ਪਰ 2014 'ਚ ਆਮ ਆਦਮੀ ਪਾਰਟੀ ਦੀ ਲਹਿਰ ਨੇ ਫਰੀਦਕੋਟ ਦੀ ਸੀਟ ਆਪਣੀ ਝੋਲੀ 'ਚ ਪਾ ਲਈ। ਇਸ ਵਾਰ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਰਾਹ ਇੰਨਾ ਸੌਖਾ ਨਹੀਂ ਹੋਵੇਗਾ, ਕਿਉਂਕਿ ਪਾਰਟੀ ਦੇ ਹਾਲਾਤ ਇਸ ਸਮੇਂ ਕੁਝ ਹੋਰ ਹੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਫਰੀਦਕੋਟ ਲੋਕ ਸਭਾ ਹਲਕੇ 'ਚ ਹੋਈ ਸੀ, ਜਿਸ ਕਾਰਨ ਇਹ ਸੀਟ ਪੰਜਾਬ ਦੀਆਂ ਸਭ ਤੋਂ ਚਰਚਿਤ ਸੀਟਾਂ 'ਚੋਂ ਇਕ ਹੈ। ਬੇਅਦਬੀ ਦੀ ਘਟਨਾ ਨੇ ਅਕਾਲੀ ਦਲ ਦੀ ਛਵੀ 'ਤੇ ਕਾਫੀ ਬੁਰੀ ਛਾਪ ਚੜਦੀ ਹੈ। ਫਰੀਦਕੋਟ ਸੀਟ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਸਿਟਿੰਗ ਐੱਮ.ਪੀ. ਪ੍ਰੋਫੈਸਰ ਸਾਧੂ ਸਿੰਘ 'ਤੇ ਦੁਬਾਰਾ ਦਾਅ ਖੇਡਿਆ ਹੈ। ਅਕਾਲੀ ਦਲ ਨੇ ਗੁਲਜ਼ਾਰ ਸਿੰਘ ਰਣੀਕੇ ਅਤੇ ਕਾਂਗਰਸ ਨੇ ਗਾਇਕ ਕਲਾਕਾਰ ਮੁਹਮੰਦ ਸਦੀਕ ਨੂੰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਪੀ.ਡੀ.ਏ. ਨੇ ਆਮ ਆਦਮੀ ਪਾਰਟੀ ਦੇ ਜੈਤੋ ਤੋਂ ਬਾਗੀ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ।
ਮਾਸਟਰ ਬਲਦੇਵ ਸਿੰਘ (ਪੀ.ਡੀ.ਏ)
ਪ੍ਰੋਫੈਸਰ ਸਾਧੂ ਸਿੰਘ (ਆਮ ਆਦਮੀ ਪਾਰਟੀ)
ਗੁਲਜ਼ਾਰ ਸਿੰਘ ਰਣੀਕੇ (ਸ਼੍ਰੋਮਣੀ ਅਕਾਲੀ ਦਲ)
ਮੁਹਮੰਦ ਸਦੀਕ (ਕਾਂਗਰਸ)
2014ਦੇ ਨਤੀਜੇ
ਸੂਬੇ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਸਾਹਮਣੇ ਆਉਣਗੇ। ਦੱਸ ਦੇਈਏ ਕਿ 2014 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਨੇ ਅਕਾਲੀ ਦਲ ਦਾ ਫਰੀਦਕੋਟ ਲੋਕ ਸਭਾ ਸੀਟ ਤੋਂ ਜੇਤੂ ਰੱਥ ਰੋਕਿਆ। ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਸਾਧੂ ਸਿੰਘ ਨੇ ਕਰੀਬ ਡੇਢ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। 16ਵੀਆਂ ਲੋਕ ਸਭਾ ਚੋਣਾਂ ਦੌਰਾਨ ਫਰੀਦਕੋਟ ਦੇ ਚੋਣ ਦੰਗਲ 'ਚ ਪ੍ਰੋਫੈਸਰ ਸਾਧੂ ਸਿੰਘ ਨੇ ਦਿੱਗਜ ਨੇਤਾਵਾਂ ਨੂੰ ਵੱਡੀ ਲੀਡ ਨਾਲ ਬੁਰੀ ਤਰ੍ਹਾਂ ਹਰਾਇਆ। ਸਾਧੂ ਸਿੰਘ ਨੂੰ ਹਲਕੇ ਦੀਆਂ ਕੁੱਲ ਵੋਟਾਂ 'ਚੋਂ 44 ਫੀਸਦੀ ਵੋਟਾਂ ਹਾਸਲ ਹੋਈਆਂ। ਸਾਧੂ ਸਿੰਘ ਨੂੰ 4,50,751, ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ 2,78,235 ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਨੂੰ 2,51,222 ਵੋਟਾਂ ਪਈਆਂ।
ਮੌਜੂਦਾ ਸਥਿਤੀ
ਫਰੀਦਕੋਟ ਲੋਕ ਸਭਾ ਸੀਟ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵੱਲ ਦੇਖਿਆ ਜਾਵੇ ਤਾਂ ਕਾਂਗਰਸ ਦੀ ਸਥਿਤੀ ਕਾਫੀ ਮਜਬੂਤ ਦਿਖਾਈ ਦਿੱਤੀ। 9 'ਚੋਂ 6 ਵਿਧਾਨ ਸਭਾ ਹਲਕਿਆਂ 'ਤੇ ਕਾਂਗਰਸ ਦਾ ਕਬਜ਼ਾ ਹੈ, ਜਦਕਿ 3 ਹਲਕਿਆਂ 'ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਅਤੇ ਅਕਾਲੀ ਦਲ ਦਾ ਫਰੀਦਕੋਟ 'ਚ ਪੂਰਾ ਸੂਪੜਾ ਸਾਫ ਹੋਇਆ।
1. ਫਰੀਦਕੋਟ - ਕੀਕੀ ਢਿੱਲੋਂ (ਕਾਂਗਰਸ)
2. ਬਾਘਾਪੁਰਾਣਾ - ਦਰਸ਼ਨ ਸਿੰਘ ਬਰਾੜ (ਕਾਂਗਰਸ)
3. ਮੋਗਾ - ਹਰਜੋਤ ਕਮਲ ਸਿੰਘ (ਕਾਂਗਰਸ)
4. ਧਰਮਕੋਟ - ਸੁਖਜੀਤ ਸਿੰਘ (ਕਾਂਗਰਸ)
5. ਗਿੱਦੜਬਾਹਾ - ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ)
6. ਰਾਮਪੂਰਾ ਫੂਲ - ਗੁਰਪ੍ਰੀਤ ਸਿੰਘ ਕਾਂਗੜ (ਕਾਂਗਰਸ)
7. ਨਿਹਾਲ ਸਿੰਘ ਵਾਲਾ - ਮਨਜੀਤ ਸਿੰਘ (ਆਪ)
8. ਕੋਟਕਪੂਰਾ - ਕੁਲਤਾਰ ਸਿੰਘ ਸੰਧਵਾਂ (ਆਪ)
9. ਜੈਤੋ - ਬਲਦੇਵ ਸਿੰਘ (ਆਪ)
ਫਰੀਦਕੋਟ ਸੀਟ ਦਾ ਇਤਿਹਾਸ
ਫਰੀਦਕੋਟ 'ਚ ਪਹਿਲੀ ਵਾਰ ਲੋਕ ਸਭਾ ਚੋਣਾਂ ਸਾਲ 1977 'ਚ ਹੋਈਆਂ ਸਨ ਅਤੇ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਹੋਈ ਸੀ। ਹੁਣ ਤੱਕ ਅਕਾਲੀ ਦਲ ਫਰੀਦਕੋਟ ਸੀਟ ਤੋਂ 6 ਵਾਰ ਜੇਤੂ ਰਹਿ ਚੁੱਕਾ ਹੈ। ਰੋਚਕ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਸੀਟ ਤੋਂ 3 ਵਾਰ ਸਾਂਸਦ ਬਣ ਚੁੱਕੇ ਹਨ ਅਤੇ ਸਾਲ 1999 'ਚ ਕਾਂਗਰਸ ਦੇ ਜਗਮੀਤ ਸਿੰਘ ਬਰਾੜ ਨੇ ਸੁਖਬੀਰ ਬਾਦਲ ਨੂੰ ਹਰਾਇਆ ਸੀ। 2014 'ਚ ਰਿਵਾਇਤੀ ਪਾਰਟੀਆਂ ਤੋਂ ਅੱਕ ਫਰੀਦਕੋਟ ਦੇ ਲੋਕਾਂ ਨੇ 'ਆਪ' ਦਾ ਸਾਥ ਦਿੱਤਾ ਅਤੇ ਇਸ ਵਾਰ ਜਿੱਤ ਕਿਸਦੀ ਹੋਵੇਗੀ, ਇਹ ਮੁਕਾਬਲਾ ਦਿਲਚਸਪ ਰਹੇਗਾ। ਫਰੀਦਕੋਟ 'ਚ ਕੁੱਲ 11 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਤੇ ਇਸ ਸੀਟ ਦੇ ਇਤਿਹਾਸ ਦੇ ਪੰਨਿਆਂ 'ਚ ਜਿਆਦਾ ਨਾਂ ਅਕਾਲੀ ਦਲ ਦਾ ਆਉਂਦਾ ਹੈ। 1977 'ਚ ਪ੍ਰਕਾਸ਼ ਸਿੰਘ ਬਾਦਲ ਫਰੀਦਕੋਟ ਦੇ ਸਾਂਸਦ ਬਣੇ ਸਨ। 1996, 1998 ਤੇ 2004 'ਚ 3 ਵਾਰ ਸੁਖਬੀਰ ਬਾਦਲ ਫਰੀਦਕੋਟ ਦੀ ਲੋਕ ਸਭਾ ਸੀਟ ਜਿੱਤੇ ਸਨ। ਕਾਂਗਰਸ ਤੋਂ ਨਵੇਂ-ਨਵੇਂ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਬਰਾੜ ਸੁਖਬੀਰ ਬਾਦਲ ਨੂੰ 1999 'ਚ ਹਰਾ ਕੇ ਫਰੀਦਕੋਟ ਦੇ ਸਾਂਸਦ ਰਹਿ ਚੁੱਕੇ ਹਨ। 2009 'ਚ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ ਜੇਤੂ ਰਹੀ ਤੇ ਪਿਛਲੀਆਂ 2014 ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪ੍ਰੋ.ਸਾਧੂ ਸਿੰਘ ਨੇ ਜਿੱਤ ਦਾ ਝੰਡਾ ਲਹਿਰਾਇਆ। 1990 ਤੋਂ ਬਾਅਦ ਫਰੀਦਕੋਟ ਸੀਟ ਦੇ ਇਤਿਹਾਸ ਵੱਲ ਦੇਖੀਏ ਤਾਂ ਅਕਾਲੀ ਦਲ 4 ਵਾਰ, ਕਾਂਗਰਸ 2 ਵਾਰ ਅਤੇ ਆਮ ਆਦਮੀ ਪਾਰਟੀ 1 ਵਾਰ ਜਿੱਤ ਚੁੱਕੀ ਹੈ।
1991 - ਕਾਂਗਰਸ
1996 - ਅਕਾਲੀ ਦਲ
1998 - ਅਕਾਲੀ ਦਲ
1999 - ਕਾਂਗਰਸ
2004 - ਅਕਾਲੀ ਦਲ
2009 - ਅਕਾਲੀ ਦਲ
2014 - ਆਮ ਆਦਮੀ ਪਾਰਟੀ
ਫਰੀਦਕੋਟ ਲੋਕ ਸਭਾ ਹਲਕੇ ਦੇ ਵੋਟਰ ਇਸ ਵਾਰ ਮੁਕਾਬਲੇ ਨੂੰ ਕਾਫੀ ਦਿਲਚਸਪ ਬਣਾਉਣਗੇ। ਇਕ ਪਾਸੇ ਪ੍ਰੋਫੈਸਰ ਸਾਧੂ ਸਿੰਘ ਮੁੜ ਫਿਰ ਤੋਂ ਸਾਂਸਦ ਬਣਨ ਦਾ ਦਾਅਵਾ ਕਰ ਰਹੇ ਹਨ। ਦੂਜੇ ਪਾਸੇ ਪੰਜਾਬ 'ਚ ਮੌਜੂਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹਮੰਦ ਸਦੀਕ ਵੀ ਰੈਲੀਆਂ 'ਚ ਆਪਣੀ ਗਾਇਕ ਕਲਾਕਾਰ ਰਣਜੀਤ ਕੌਰ ਨਾਲ ਖੂਬ ਪ੍ਰਚਾਰ ਕਰ ਰਹੇ ਹਨ। ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵੇਲੇ ਭਾਵੇਂ ਗੁਝੀ ਸੱਟ ਲੱਗੀ ਪਰ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ ਟੱਕਰ ਕੜੀ ਦੇਣਗੇ। ਖਹਿਰਾ ਹਿਮਾਇਤੀ ਪੰਜਾਬ ਡੈਮੋਕ੍ਰੈਟਿਕ ਅਲਾਂਇੰਸ ਦੇ ਨੇਤਾ ਅਤੇ ਕਿਸੇ ਵੇਲੇ ਸਾਧੂ ਸਿੰਘ ਦੇ ਸਾਥੀ ਰਹਿ ਚੁੱਕੇ ਮਾਸਟਰ ਬਲਦੇਵ ਸਿੰਘ ਨੇ ਵੀ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਫਿਲਹਾਲ ਫਰੀਦਕੋਟ ਚੋਣ ਦੰਗਲ ਦੇ ਨਤੀਜੇ ਤਾਂ 23 ਮਈ ਨੂੰ ਹੀ ਸਾਹਮਣੇ ਆਉਣਗੇ।
ਅਕਾਲੀਆਂ ਖਿਲਾਫ ਝੂਠੇ ਕੇਸ ਦਰਜ ਕਰਾਉਣ ਵਾਲਿਆਂ ਨੂੰ ਨਹੀਂ ਬਖਸ਼ਾਂਗੇ : ਮਜੀਠੀਆ
NEXT STORY