ਲੁਧਿਆਣਾ (ਸੁਸ਼ੀਲ)- ਭਾਰਤ-ਅਮਰੀਕਾ ਦੀ ਸੰਭਾਵਿਤ ਟ੍ਰੇਡ ਡੀਲ ਦੇ ਵਿਰੋਧ ਵਿਚ 22 ਜੁਲਾਈ (ਬੁੱਧਵਾਰ) ਨੂੰ ਪੰਜਾਬ ਦੇ ਸਾਰੇ ਟੋਲ ਪਲਾਜੇ ਤਿੰਨ ਘੰਟਿਆਂ ਲਈ ਫਰੀ ਕੀਤੇ ਜਾਣਗੇ ਤੇ ਬੀ.ਜੇ.ਪੀ. ਆਗੂਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਨ੍ਹਾਂ ਐਕਸ਼ਨਾਂ ਦੀ ਕਾਮਯਾਬੀ ਸਬੰਧੀ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾਈ ਕੌਂਸਲ ਮੀਟਿੰਗ ਬਲਦੇਵ ਸਿੰਘ ਨਿਹਾਲਗੜ੍ਹ ਤੇ ਮਹਾਂਬੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਸਾਬਕਾ ਐੱਮ.ਐੱਲ.ਏ. ਕਾ. ਹਰਦੇਵ ਅਰਸ਼ੀ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਨਾਲ ਟ੍ਰੇਡ ਸੰਧੀ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ। ਇਸ ਨਾਲ ਭਾਰਤੀ ਕਿਸਾਨ, ਮਜ਼ਦੂਰ ਤੇ ਛੋਟੇ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋਵੇਗਾ।
ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸੂਬਾਈ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰਨਾ ਬੰਦ ਕਰੇ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਖਤਮ ਕੀਤੀ ਪੰਜਾਬ ਦੀ ਪੱਕੀ ਨੁਮਾਇੰਦਗੀ ਮੁੜ ਬਹਾਲ ਕੀਤੀ ਜਾਵੇ। ਇਸ ਮੀਟਿੰਗ ਵਿੱਚ ਵਿਸ਼ੇਸ਼ ਮਤਾ ਪਾਸ ਕਰਕੇ ਸ਼ੇਰੋਂ ਖੰਡ ਮਿੱਲ ਮੋਰਚੇ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ੇਰੋਂ ਖੰਡ ਮਿੱਲ ਦੀ ਤਬਦੀਲ ਕੀਤੀ ਮਲਕੀਅਤ ਰੱਦ ਕਰਕੇ ਸ਼ੇਰੋਂ ਖੰਡ ਮਿੱਲ ਨੂੰ ਮੁੜ ਚਾਲੂ ਕੀਤਾ ਜਾਵੇ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ 1 ਅਗਸਤ ਤੋਂ 3 ਅਗਸਤ ਤੱਕ ਚੰਡੀਗੜ੍ਹ ਵਿਖੇ ਕਿਸਾਨ ਵਰਕਸ਼ਾਪ ਲਗਾਈ ਜਾਵੇਗੀ ਜਿਸ ਵਿਚ ਖੇਤੀ ਤੇ ਪੰਜਾਬ ਦੇ ਮੁੱਦਿਆਂ ਦੇ ਮਾਹਿਰ ਵਿਦਵਾਨ ਕਿਸਾਨਾਂ ਨੂੰ ਵੱਖ-ਵੱਖ ਮੁੱਦਿਆਂ ਤੇ ਜਾਗਰੂਕ ਕਰਨਗੇ।
ਇਸ ਮੀਟਿੰਗ ਵਿੱਚ ਵੱਖ ਵੱਖ ਜ਼ਿਲਿਆਂ ਤੋਂ ਸ਼ਾਮਲ ਕਿਸਾਨ ਸਭਾ ਦੇ ਆਗੂ ਕੁਲਵੰਤ ਸਿੰਘ ਮੌਲਵੀਵਾਲਾ, ਸੁਰਿੰਦਰ ਸਿੰਘ ਢੱਡੀਆਂ, ਲਖਬੀਰ ਸਿੰਘ ਨਿਜ਼ਾਮਪੁਰ, ਸੂਰਤ ਸਿੰਘ ਧਰਮਕੋਟ, ਬਲਕਾਰ ਸਿੰਘ ਵਲਟੋਹਾ, ਚਮਕੌਰ ਸਿੰਘ ਬਰਮੀਂ, ਜਸਵੀਰ ਸਿੰਘ ਆਕਲੀਆ, ਜਸਵਿੰਦਰ ਸਿੰਘ ਭੰਗਲ, ਬਲਵਿੰਦਰ ਸਿੰਘ ਮੁਹਾਲੀ ਸੁਖਜਿੰਦਰ ਸਿੰਘ ਤੂੰਬੜ ਭੰਨ, ਗੁਰਨਾਮ ਸਿੰਘ ਔਲਖ ,ਗੁਰਦਿੱਤ ਸਿੰਘ ਫਿਰੋਜਪੁਰ, ਸੁਰਿੰਦਰ ਸਿੰਘ ਮੁਹਾਲੀ, ਲਖਬੀਰ ਸਿੰਘ ਕੱਤੋਵਾਲ, ਰੂਪ ਸਿੰਘ ਢਿੱਲੋਂ ਅਤੇ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ ।
ਅੰਤਰ-ਰਾਜੀ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ! ਪੰਜਾਬ ਤੋਂ ਓਡੀਸ਼ਾ ਤੱਕ ਜੁੜੇ ਤਾਰ
NEXT STORY