ਫ਼ਾਜ਼ਿਲਕਾ (ਕ੍ਰਿਸ਼ਨ) : ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਵਲ੍ਹੇ ਸ਼ਾਹ ਹਿਥਾੜ (ਗੁਲਾਬਾ ਭੈਣੀ) ਵਿੱਚ ਪਿੱਛਲੇ ਸਮੇਂ ਦੌਰਾਨ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਮਾਰ ਅੱਜ ਵੀ ਕਈ ਗ਼ਰੀਬ ਪਰਿਵਾਰ ਝੱਲ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਿੰਡ ਦੇ ਵਸਨੀਕ ਦਿਵਿਆਂਗ ਵਿਅਕਤੀ ਹਰਮਿੰਦਰ ਸਿੰਘ ਦਾ ਸਾਹਮਣੇ ਆਇਆ ਹੈ, ਜਿਸ ਦੇ ਮਕਾਨ ਹੜ੍ਹ ਦੇ ਪਾਣੀ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ ਅਤੇ ਕਿਸੇ ਵੀ ਵੇਲੇ ਡਿੱਗ ਸਕਦੇ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਵਾਰ-ਵਾਰ ਗੁਹਾਰ ਲਾਉਣ ਅਤੇ ਤਿੰਨ ਵਾਰ ਕਾਗਜ਼ਾਤ ਜਮ੍ਹਾਂ ਕਰਵਾਉਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਦਿਵਿਆਂਗ ਵਿਅਕਤੀ ਹਰਮਿੰਦਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਹੜ੍ਹਾਂ ਦੌਰਾਨ ਉਨ੍ਹਾਂ ਦੀ ਜ਼ਮੀਨ ਦਰਿਆ ਦੀ ਭੇਂਟ ਚੜ੍ਹ ਗਈ ਅਤੇ ਘਰ ਵਿੱਚ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿਣ ਕਾਰਨ ਉਨ੍ਹਾਂ ਦੇ ਤਿੰਨ ਕਮਰਿਆਂ ਦੀਆਂ ਕੰਧਾਂ ਅਤੇ ਛੱਤਾਂ ਵਿੱਚ ਡੂੰਘੀਆਂ ਤਰੇੜਾਂ ਆ ਗਈਆਂ ਹਨ। ਮਕਾਨਾਂ ਦੀ ਹਾਲਤ ਇੰਨੀ ਖ਼ਸਤਾ ਹੈ ਕਿ ਇਹ ਕਿਸੇ ਵੀ ਵੇਲੇ ਡਿੱਗ ਸਕਦੇ ਹਨ, ਜਿਸ ਕਾਰਨ ਪੂਰਾ ਪਰਿਵਾਰ ਅਤੇ ਮਾਸੂਮ ਬੱਚੇ ਹਰ ਵੇਲੇ ਡਰ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ। ਉਸ ਨੇ ਦੱਸਿਆ ਕਿ ਉਹ ਖ਼ੁਦ ਅਪਾਹਜ ਹੋਣ ਕਾਰਨ ਕੋਈ ਕੰਮ-ਕਾਰ ਕਰਨ ਤੋਂ ਅਸਮਰੱਥ ਹੈ। ਉਸਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਪਰਿਵਾਰ ਕੋਲ ਗੁਜ਼ਾਰੇ ਦਾ ਕੋਈ ਹੋਰ ਆਰਥਿਕ ਸਹਾਰਾ ਨਹੀਂ ਹੈ।
ਉਸਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਜਦੋਂ ਸਰਵੇ ਟੀਮਾਂ ਆਈਆਂ ਸਨ ਤਾਂ ਉਨ੍ਹਾਂ ਨੇ ਕਈ ਵਾਰ ਮਿੰਨਤਾਂ ਕੀਤੀਆਂ ਅਤੇ ਤਿੰਨ ਵਾਰ ਕਾਗਜ਼ ਵੀ ਦਿੱਤੇ, ਪਰ ਕੋਈ ਵੀ ਅਧਿਕਾਰੀ ਮੌਕਾ ਦੇਖਣ ਤੱਕ ਨਹੀਂ ਆਇਆ ਅਤੇ ਨਾ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਵੀ ਨਸੀਬ ਨਹੀਂ ਹੋਈ। ਉਸਨੇ ਦੱਸਿਆ ਕਿ ਇਹ ਮਕਾਨ ਕਦੇ ਵੀ ਡਿੱਗ ਸਕਦੇ ਹਨ, ਜਿਸ ਕਾਰਨ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਖ਼ਰਾਬ ਮੌਸਮ ਅਤੇ ਬਾਰਿਸ਼ ਦੇ ਦਿਨਾਂ ਵਿੱਚ ਡਰ ਦੇ ਸਾਏ ਹੇਠ ਰਹਿਣਾ ਪੈਂਦਾ ਹੈ। ਪੀੜਤ ਨੇ ਦੱਸਿਆ ਕਿ ਨਰੇਗਾ ਕਾਰਡ ਨਾ ਬਣਨ ਕਾਰਨ ਸਰਕਾਰੀ ਮਕਾਨਾਂ ਵਾਲੀ ਸੂਚੀ ਵਿੱਚ ਵੀ ਉਨ੍ਹਾਂ ਦਾ ਨਾਮ ਨਹੀਂ ਆਇਆ। ਉਨ੍ਹਾਂ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਵੀ ਮਦਦ ਦੀ ਗੁਹਾਰ ਲਾਈ, ਪਰ ਕਿਸੇ ਪਾਸਿਓਂ ਕੋਈ ਸਹਾਇਤਾ ਨਹੀਂ ਮਿਲੀ। ਹਰਮਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਜਲਦ ਤੋਂ ਜਲਦ ਹੜ੍ਹ ਦਾ ਮੁਆਵਜ਼ਾ ਅਤੇ ਰਹਿਣ ਲਈ ਪੱਕਾ ਮਕਾਨ ਮੁਹੱਈਆ ਕਰਵਾਇਆ ਜਾਵੇ।
ਪਿੰਡ ਪਾਹੜਾ 'ਚ ਦਿਨ-ਦਿਹਾੜੇ ਚੋਰੀ, ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
NEXT STORY