ਫਾਜ਼ਿਲਕਾ (ਸੁਖਵਿੰਦਰ ਥਿੰਦ): ਫਾਜ਼ਿਲਕਾ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਰਾਤ ਸਮੇਂ ਘੰਟਾਘਰ ਚੌਂਕ ਨੇੜੇ ਇਕ ਚੌਂਕੀਦਾਰ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਕੇ ਸੱਟਾਂ ਮਾਰਨ ਦੀ ਵਾਰਦਾਤ ਨੂੰ ਕੁਝ ਹੀ ਘੰਟਿਆਂ ਅੰਦਰ ਟਰੇਸ ਕਰਕੇ ਘਟਨਾ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
23 ਸਤੰਬਰ ਨੂੰ ਰਾਤ ਕਰੀਬ 11:30 ਵਜੇ ਘੰਟਾਘਰ ਚੌਂਕ ਫਾਜ਼ਿਲਕਾ ਦੇ ਨੇੜੇ ਕੱਪੜਾ ਮਾਰਕਿਟ ਵਿਚ ਚੌਂਕੀਦਾਰ ਵਜੋਂ ਡਿਊਟੀ ਕਰਦੇ ਪਾਲਾ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਕੌੜਿਆਂ ਵਾਲੀ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਸੱਟਾਂ ਮਾਰੀਆਂ ਗਈਆਂ, ਜਿਸ ਕਾਰਨ ਪਾਲਾ ਸਿੰਘ ਉਕਤ ਜਖਮੀਂ ਹੋ ਗਿਆ। ਜਿਸਦਾ ਬਿਆਨ ਹਾਸਲ ਕਰਕੇ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਦੌਰਾਨੇ ਤਫਤੀਸ਼ ਮੁੱਖ ਅਫਸਰ ਥਾਣਾ ਸਿਟੀ ਫਾਜ਼ਿਲਕਾ ਦੀ ਨਿਗਾਰਨੀ ਹੇਠ ਵੱਖ ਵੱਖ ਟੀਮਾਂ ਬਣਾ ਕੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਵਾਰਦਾਤ ਤੋਂ ਕੁਝ ਹੀ ਘੰਟਿਆਂ ਦੇ ਅੰਦਰ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਸਮੇਤ ਕੁੱਲ 07 ਦੋਸ਼ੀਆਂ ਨੂੰ ਟ੍ਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜਿਨ੍ਹਾਂ ਵਿੱਚੋਂ 03 ਮੁੱਖ ਦੋਸ਼ੀਆਂ ਨੂੰ ਵਾਰਦਾਤ ਲਈ ਵਰਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਜਰੂਬ ਪਾਲਾ ਸਿੰਘ ਜੋ ਕਿ ਪਿੰਡ ਕੌੜਿਆਂ ਵਾਲੀ ਦਾ ਰਹਿਣ ਵਾਲਾ ਹੈ ਅਤੇ ਦੋਸ਼ੀ ਨਵਜੋਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਕੌੜਿਆਂ ਵਾਲੀ, ਉਸਦਾ ਗੁਆਂਢੀ ਹੈ। ਜਿਹਨਾਂ ਦਾ ਕੁਝ ਦਿਨ ਪਹਿਲਾਂ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਦੇ ਤਹਿਤ ਜਸਪਾਲ ਸਿੰਘ ਉਕਤ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਾਲਾ ਸਿੰਘ ਤੇ ਹਮਲਾ ਕਰਕੇ ਸੱਟਾ ਮਾਰੀਆਂ ਗਈਆਂ ਹਨ।
ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ। ਪੁਲਸ ਦੇ ਵੱਲੋਂ ਫੜੇ ਗਏ ਮੁਲਜ਼ਮ ਅਜੇਪਾਲ ਸਿੰਘ ਉਰਫ ਵਿੱਕੀ, ਮਨੀਸ਼ ਅਤੇ ਸੁਖਪ੍ਰੀਤ ਸਿੰਘ ਉਰਫ ਸੁੱਖਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਨਵਜੋਤ ਸਿੰਘ ਉਰਫ ਅਰਸ਼ , ਮਨੀਸ਼ ਸਿੰਘ, ਗੱਗੂ ਸਿੰਘ, ਪ੍ਰਭੂ ਦੀ ਭਾਲ ਜਾਰੀ ਹੈ।
27 ਦੀਆਂ ਚੋਣਾਂ ਲਈ ਖਿੱਚੀ ਤਿਆਰੀ! ਅਕਾਲੀ ਦਲ ਵੱਲੋਂ ਚੋਣ ਮੈਨੀਫ਼ੈਸਟੋ ਕਮੇਟੀ ਦੀ ਮੀਟਿੰਗ
NEXT STORY