ਬਠਿੰਡਾ (ਮਨਜੀਤ) : ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਜੰਗੀਰਾਣਾ ਵਿਖੇ ਇਕ ਵਿਅਕਤੀ ਨੂੰ ਖ਼ਰਾਬ ਅੱਖ ਦਾ ਹਾਲ-ਚਾਲ ਪੁੱਛਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਤਿੰਨ ਵਿਅਕਤੀਆਂ ਨੇ ਕਥਿਤ ਤੌਰ ’ਤੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਕਾਪੇ ਨਾਲ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਵੱਢ ਦਿੱਤੀਆਂ। ਗੰਭੀਰ ਰੂਪ ’ਚ ਜ਼ਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਬਠਿੰਡਾ ਸਥਿਤ ਏਮਜ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨੰਦਗੜ੍ਹ ਦੇ ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਜੀਤ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਬਲਰਾਜ ਸਿੰਘ ਪੁੱਤਰ ਮਲਕੀਤ ਸਿੰਘ, ਦਿਲਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਅਤੇ ਸੁੱਖਾ ਸਿੰਘ ਵਾਸੀ ਪਿੰਡ ਕੋਟਗੁਰੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਮਨਦੀਪ ਸਿੰਘ ਅਨੁਸਾਰ ਇਕ ਅਕਤੂਬਰ ਨੂੰ ਉਸ ਨੇ ਬਲਰਾਜ ਸਿੰਘ ਦੀ ਖਰਾਬ ਅੱਖ ਬਾਰੇ ਉਸ ਦਾ ਹਾਲ-ਚਾਲ ਪੁੱਛਿਆ ਸੀ। ਦੱਸਿਆ ਜਾ ਰਿਹਾ ਹੈ ਕਿ ਬਲਰਾਜ ਸਿੰਘ ਨੇ ਇਸ ਗੱਲ ਨੂੰ ਰੰਜਿਸ਼ ਵਜੋਂ ਲਿਆ ਅਤੇ ਇਸੇ ਗੱਲ ਦੀ ਕਥਿਤ ਰੰਜਿਸ਼ ਦੇ ਚੱਲਦਿਆਂ ਬਲਰਾਜ ਸਿੰਘ ਨੇ ਆਪਣੇ ਸਾਥੀਆਂ ਦਿਲਦੀਪ ਸਿੰਘ ਅਤੇ ਸੁੱਖਾ ਸਿੰਘ ਨਾਲ ਮਿਲ ਕੇ ਅਮਨਦੀਪ ਸਿੰਘ ’ਤੇ ਹਮਲਾ ਕਰ ਦਿੱਤਾ।
ਸ਼ਿਕਾਇਤ ਅਨੁਸਾਰ ਤਿੰਨਾਂ ਵਿਅਕਤੀਆਂ ਨੇ ਪਹਿਲਾਂ ਅਮਨਦੀਪ ਸਿੰਘ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਕਾਪੇ ਨਾਲ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਜ਼ਖਮੀ ਅਮਨਦੀਪ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਏਮਜ਼ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਤਿੰਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਘਟਨਾ ਨਾਲ ਸਬੰਧਿਤ ਹੋਰ ਤੱਥ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
LPU ਮਾਮਲੇ 'ਚ ਨਵੀਂ ਅਪਡੇਟ! ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ, ਯੂਨੀਵਰਸਿਟੀ ਦੇ ਨਿਕਲੇ ਵਿਦਿਆਰਥੀ
NEXT STORY