ੰਮੈਲਬੌਰਨ (ਮਨਦੀਪ ਸਿੰਘ ਸੈਣੀ) : ਵਿਕਟੋਰੀਆ ਦੇ ਸਿੱਖ ਭਾਈਚਾਰੇ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇੱਕ ਅਹਿਮ ਉਮੀਦ ਨੂੰ ਹੁਣ ਨਵੀਂ ਦਿਸ਼ਾ ਮਿਲਦੀ ਦਿਖਾਈ ਦੇ ਰਹੀ ਹੈ। ਸੂਬੇ ਵਿੱਚ ਪਹਿਲਾ ਸਿੱਖ ਸਕੂਲ ਸਥਾਪਤ ਕਰਨ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਲੇਬਰ ਪਾਰਟੀ ਨੇ 1.5 ਕਰੋੜ ਆਸਟ੍ਰੇਲੀਆਈ ਡਾਲਰ ਦੇਣ ਦਾ ਵੱਡਾ ਚੋਣ ਵਾਅਦਾ ਕੀਤਾ ਹੈ। ਇਸ ਪਹਿਲਕਦਮੀ ਨਾਲ ਵਿਕਟੋਰੀਆ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਆਪਣੀ ਮਾਂ-ਬੋਲੀ, ਧਰਮ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਰਾਹ ਖੁੱਲ੍ਹ ਸਕਦਾ ਹੈ। ਸੂਬੇ ਦੇ ਮੁੱਖ ਮੰਤਰੀ (ਪ੍ਰੀਮੀਅਰ) ਬੈਨ ਕੈਰੋਲ ਨੇ ਇਹ ਐਲਾਨ 22 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਅਕਾਲ ਛਾਉਣੀ ਲੈਂਗਵਾਰਿਨ ਵਿਖੇ ਸਜਾਏ ਨਗਰ ਕੀਰਤਨ ਦੌਰਾਨ ਕੀਤਾ। ਇਸ ਮੌਕੇ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਪਿਛਲੀ ਦਿਨੀ ਸਿੱਖ ਭਾਈਚਾਰੇ ਦੀ ਮੁੱਖ ਮੰਤਰੀ ਨਾਲ ਹੋਈ ਬੈਠਕ ਵਿੱਚ ਸਿੱਖ ਵਲੰਟੀਅਰਜ਼ ਵੱਲੋਂ ਚਾਰ ਪ੍ਰਸਤਾਵ ਰੱਖੇ ਗਏ ਸਨ, ਜਿਨ੍ਹਾਂ ਵਿੱਚ ਸਿੱਖ ਸਕੂਲ ਤੋਂ ਇਲਾਵਾ ਅੰਮ੍ਰਿਤਧਾਰੀ ਸਿੱਖਾਂ ਨੂੰ ਸਥਾਨਕ ਅਦਾਲਤਾਂ ਵਿੱਚ ਕਿਰਪਾਨ ਲਿਜਾਉਣ ਸੰਬੰਧੀਆਂ ਪਾਬੰਦੀਆਂ ਦਾ ਹੱਲ, ਮੈਲਬੌਰਨ ਕ੍ਰਿਕਟ ਗਰਾਉਡ ਵਿੱਚ ਕ੍ਰਿਪਾਨ ਸੰਬੰਧੀ ਛੋਟ , ਇਮਾਰਤਾਂ ਬਣਾਉਣ ਅਤੇ ਮੋਟਰਸਾਇਕਲ ਚਲਾਉਣ ਸਮੇਂ ਹੈਲਮੈਂਟ ਦੀ ਛੋਟ ਸੰਬੰਧੀ ਪ੍ਰਸਤਾਵ ਰੱਖੇ ਗਏ ਸਨ । ਮੁੱਖ ਮੰਤਰੀ ਨੇ ਇਨ੍ਹਾਂ ਮੰਗਾਂ ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਸੀ । ਸਿੱਖਿਆ ਮੰਤਰੀ ਗੈਬਰੀਏਲ ਵਿਲੀਅਮਜ਼ ਨੇ ਸਿੱਖ ਵਲੰਟੀਅਰਸ ਦੇ ਆਪਣੇ ਦੌਰੇ ਮੌਕੇ ਦੱਸਿਆ ਕਿ ਸਰਕਾਰ ਅਦਾਲਤਾਂ ਵਿੱਚ ਸਿੱਖਾਂ ਨੂੰ ਕਿਰਪਾਨ ਪਾ ਕੇ ਜਾਣ ਦੀ ਛੋਟ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਪ੍ਰਸਤਾਵਿਤ ਫੰਡ ਦੀ ਵਰਤੋਂ ਸਿੱਖ ਸਕੂਲ ਦੀ ਯੋਜਨਾਬੰਦੀ, ਸੰਭਾਵਨਾਵਾਂ ਦੇ ਅਧਿਐਨ ਅਤੇ ਇਮਾਰਤ ਉਸਾਰੀ ਲਈ ਕੀਤੀ ਜਾਵੇਗੀ। ਸਕੂਲ ਵਿੱਚ ਵਿਕਟੋਰੀਆ ਦਾ ਸਰਕਾਰੀ ਪਾਠਕ੍ਰਮ ਪੜ੍ਹਾਉਣ ਦੇ ਨਾਲ ਸਿੱਖ ਧਰਮ, ਇਤਿਹਾਸ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਸਿੱਖਿਆ ਵੀ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਆਧੁਨਿਕ ਸਿੱਖਿਆ ਦੇ ਨਾਲ ਆਪਣੀ ਮਾਂ-ਬੋਲੀ ਅਤੇ ਵਿਰਸੇ ਨਾਲ ਜੋੜੀ ਰੱਖਣਾ ਹੈ। ਮੁੱਖ ਮੰਤਰੀ ਬੈਨ ਕੈਰੋਲ ਨੇ ਕਿਹਾ ਕਿ ਹਰ ਪਰਿਵਾਰ ਨੂੰ ਆਪਣੇ ਧਰਮ ਅਤੇ ਕਦਰਾਂ-ਕੀਮਤਾਂ ਨਾਲ ਮੇਲ ਖਾਂਦੇ ਸਕੂਲ ਦੀ ਚੋਣ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਗੈਬਰੀਏਲ ਵਿਲੀਅਮਜ਼ ਨੇ ਵੀ ਇਸ ਪਹਿਲਕਦਮੀ ਦੀ ਹਮਾਇਤ ਕਰਦਿਆਂ ਬਹੁ-ਸੱਭਿਆਚਾਰਕ ਵਿਕਟੋਰੀਆ ਪ੍ਰਤੀ ਲੇਬਰ ਸਰਕਾਰ ਦੀ ਵਚਨਬੱਧਤਾ ਦੁਹਰਾਈ।

ਇਸ ਦੌਰੇ ਦੌਰਾਨ ਮੁੱਖ ਮੰਤਰੀ ਨੇ ਅਕਾਲ ਛਾਉਣੀ ਗੁਰਮਤਿ ਵਿਦਿਆਲੇ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਸਿੱਖ ਵਲੰਟੀਅਰਜ਼ ਦੇ ਸੇਵਾਦਾਰਾਂ ਨਾਲ ਮੁਲਾਕਾਤ ਕੀਤੀ, ਜੋ ਬਿਨਾਂ ਕਿਸੇ ਧਰਮ ਜਾਂ ਸੱਭਿਆਚਾਰਕ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਸੰਸਥਾ ਨੇ ਸਿੱਖਿਆ ਅਤੇ ਸੱਭਿਆਚਾਰਕ ਵਿਰਸੇ ਦੀ ਸੰਭਾਲ ਲਈ ਕੀਤੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਲੇਬਰ ਪਾਰਟੀ ਨੇ ਧਾਰਮਿਕ ਅਤੇ ਸੁਤੰਤਰ ਸਕੂਲਾਂ ਦੇ ਨਵੀਨੀਕਰਨ ਲਈ 50 ਕਰੋੜ ਡਾਲਰ, ਮੰਦਰਾਂ ਅਤੇ ਗੁਰਦੁਆਰਿਆਂ ਦੀ ਸੁਰੱਖਿਆ ਲਈ 1.2 ਕਰੋੜ ਡਾਲਰ ਅਤੇ ਸਿੱਖ ਹੈਲਪਲਾਈਨ ਲਈ 10 ਲੱਖ ਡਾਲਰ ਦੇਣ ਦਾ ਵੀ ਵਾਅਦਾ ਕੀਤਾ ਹੈ। ਪਾਰਟੀ ਅਨੁਸਾਰ ਉਸ ਦੀ ਸਰਕਾਰ ਹੁਣ ਤੱਕ 121 ਨਵੇਂ ਸਕੂਲ ਬਣਾ ਚੁੱਕੀ ਹੈ। ਲੇਬਰ ਨੇ ਲਿਬਰਲ ਅਤੇ ਵਨ ਨੇਸ਼ਨ ਦੇ ਸੰਭਾਵਿਤ ਗੱਠਜੋੜ ’ਤੇ ਜਨਤਕ ਸੇਵਾਵਾਂ ਵਿੱਚ 4000 ਕਰੋੜ ਡਾਲਰ ਦੀ ਕਟੌਤੀ ਕਰਨ ਦਾ ਦੋਸ਼ ਵੀ ਲਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਸਟੱਡੀ ਪਰਮਿਟ ਵਾਲੇ ਭਾਰਤੀਆਂ ਦੀ ਗਿਣਤੀ 10 ਸਾਲ ਦੇ ਹੇਠਲੇ ਪੱਧਰ 'ਤੇ ! ਅੰਕੜੇ ਕਰਨਗੇ ਹੈਰਾਨ
ਵਿਕਟੋਰੀਆ ਵਿੱਚ ਪਹਿਲੇ ਸਿੱਖ ਸਕੂਲ ਦੀ ਸਥਾਪਨਾ ਦਾ ਇਹ ਪ੍ਰਸਤਾਵ ਸੂਬੇ ਦੇ ਸਿੱਖ ਪਰਿਵਾਰਾਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜੇਕਰ ਇਹ ਯੋਜਨਾ ਅਮਲ ਵਿੱਚ ਆਉਂਦੀ ਹੈ ਤਾਂ ਨਵੀਂ ਪੀੜ੍ਹੀ ਨੂੰ ਆਸਟ੍ਰੇਲੀਆਈ ਸਿੱਖਿਆ ਦੇ ਨਾਲ ਪੰਜਾਬੀ ਭਾਸ਼ਾ, ਸਿੱਖ ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੁੜੇ ਰਹਿਣ ਦਾ ਨਵਾਂ ਮੌਕਾ ਮਿਲੇਗਾ। ਹਾਲਾਂਕਿ, 1.5 ਕਰੋੜ ਡਾਲਰ ਦਾ ਇਹ ਐਲਾਨ ਫਿਲਹਾਲ ਲੇਬਰ ਪਾਰਟੀ ਦਾ ਚੋਣ ਵਾਅਦਾ ਹੈ, ਜਿਸ ਦੀ ਪੂਰਤੀ ਮੁੜ ਸੱਤਾ ਵਿੱਚ ਆਉਣ ’ਤੇ ਨਿਰਭਰ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਜਦੋਂ ਬੁਲਾਓਗੇ, ਮੈਂ ਆ ਜਾਵਾਂਗਾ..!', 'ਹੱਥ ਵੱਢਣ' ਦਾ ਬਿਆਨ ਦੇਣ ਵਾਲਾ ਪਾਕਿ ਮੰਤਰੀ ਆਇਆ ਭਾਰਤ
NEXT STORY