ਫਾਜ਼ਿਲਕਾ (ਕ੍ਰਿਸ਼ਨ) : ਜ਼ਿਲ੍ਹੇ ਦੇ ਪਿੰਡ ਮੌਜਮ ਵਿਖੇ ਝੋਨੇ ਦੀ ਫ਼ਸਲ ਵੱਢਣ ਨੂੰ ਲੈ ਕੇ ਹੋਏ ਵਿਵਾਦ 'ਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਨੇ 9 ਨਾਮਜ਼ਦ ਮੁਲਜ਼ਮਾਂ ਸਮੇਤ 4-5 ਅਣਪਛਾਤਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਰਾਮ ਚੰਦ ਪੁੱਤਰ ਲੱਖੂ ਰਾਮ (ਵਾਸੀ ਪਿੰਡ ਮੌਜਮ) ਨੇ ਦੱਸਿਆ ਕਿ ਉਸਦੀ ਮਾਲਕੀ 3 ਕਿੱਲੇ ਜ਼ਮੀਨ ਹੈ, ਜਿਸ 'ਚ ਉਸਨੇ ਝੋਨਾ ਲਗਾਇਆ ਹੋਇਆ ਸੀ। ਝੋਨਾ ਪੱਕਣ 'ਤੇ ਉਕਤ ਮੁਲਜ਼ਮਾਂ ਨੇ ਉਨ੍ਹਾਂ ਨੂੰ ਕੰਬਾਈਨ ਨਾਲ ਫ਼ਸਲ ਨਹੀਂ ਵੱਢਣ ਦਿੱਤੀ। ਇਸ ਸਬੰਧੀ ਸ਼ਿਕਾਇਤਕਰਤਾ ਵੱਲੋਂ ਪੁਲਸ ਕੋਲ ਅਰਜ਼ੀ ਦਿੱਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ 15 ਨਵੰਬਰ 2026 ਨੂੰ ਪੁਲਸ ਨੇ ਮੁਲਜ਼ਮਾਂ ਨੂੰ ਸਮਝਾ ਕੇ ਘਰ ਭੇਜ ਦਿੱਤਾ ਸੀ।
ਸ਼ਿਕਾਇਤਕਰਤਾ ਅਨੁਸਾਰ ਇਸੇ ਦਿਨ ਸ਼ਾਮ ਕਰੀਬ 5:00 ਵਜੇ ਜਦੋਂ ਉਹ ਆਪਣੇ ਪਰਿਵਾਰ ਸਮੇਤ ਹੱਥਾਂ ਨਾਲ ਝੋਨਾ ਵੱਢ ਕੇ ਟਰਾਲੀ 'ਚ ਪਾਉਣ ਲੱਗੇ ਤਾਂ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਰਾਮ ਚੰਦ, ਉਸਦੇ ਭਰਾ, ਪੁੱਤਰ ਅਤੇ ਭਤੀਜੇ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਸੱਟਾਂ ਮਾਰੀਆਂ। ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ 21 ਨਵੰਬਰ 2026 ਨੂੰ ਮੁਕੱਦਮਾ ਨੰਬਰ 377 ਦਰਜ ਕੀਤਾ ਹੈ।
ਇਸ ਮਾਮਲੇ 'ਚ ਹਰੀ ਚੰਦ, ਹੁਕਮ ਚੰਦ, ਵੇਦ ਪ੍ਰਕਾਸ਼, ਕਰਮ ਚੰਦ (ਪੁੱਤਰਾਨ ਚੰਬਾ ਰਾਮ), ਸੁਰਿੰਦਰ ਕੁਮਾਰ, ਰਮਨ ਕੁਮਾਰ ਉਰਫ ਅਜੈ ਕੁਮਾਰ (ਪੁੱਤਰਾਨ ਹਰੀ ਚੰਦ), ਸੂਰਜ ਕੁਮਾਰ (ਪੁੱਤਰ ਹੁਕਮ ਚੰਦ), ਅਮਰੋ ਬਾਈ (ਪਤਨੀ ਹਰੀ ਚੰਦ), ਕਮਲੇਸ਼ ਰਾਣੀ ਉਰਫ ਰਾਣੀ (ਪਤਨੀ ਵੇਦ ਪ੍ਰਕਾਸ਼) ਅਤੇ 4-5 ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 118(1), 115(2), 191(3) ਅਤੇ 190 ਤਹਿਤ ਮਾਮਲਾ ਰਜਿਸਟਰ ਕੀਤਾ ਗਿਆ ਹੈ। ਪੁਲਸ ਰਿਪੋਰਟ ਅਨੁਸਾਰ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਰਾਮ ਪ੍ਰਕਾਸ਼ ਵੱਲੋਂ ਕੀਤੀ ਜਾ ਰਹੀ ਹੈ।
ਕਾਂਗਰਸ 'ਚੋਂ ਮੁਅੱਤਲ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ ਚਰਨਜੀਤ ਸਿੰਘ ਚੰਨੀ, ਆਖ਼ੀ ਇਹ ਗੱਲ
NEXT STORY