ਮੋਗਾ (ਕਸ਼ਿਸ਼): ਮੋਗਾ ਵਿਚ ਸਾਈਬਰ ਠੱਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੇਦੀ ਨਗਰ ਦੀ ਮੰਦਰ ਵਾਲੀ ਗਲੀ ਵਾਸੀ ਬਜ਼ੁਰਗ ਕੁਲਵੰਤ ਸਿੰਘ ਦੇ ਪੰਜਾਬ ਐਂਡ ਸਿੰਧ ਬੈਂਕ ਵਿਚ ਜਮ੍ਹਾਂ ਕਰੀਬ 32 ਲੱਖ 50 ਹਜ਼ਾਰ ਰੁਪਏ ਕਥਿਤ ਤੌਰ ’ਤੇ ਸਾਈਬਰ ਠੱਗਾਂ ਵੱਲੋਂ ਡਿਜੀਟਲ ਢੰਗ ਨਾਲ ਵੱਖ-ਵੱਖ ਬੈਂਕ ਖਾਤਿਆਂ ਵਿਚ ਟ੍ਰਾਂਸਫ਼ਰ ਕਰ ਦਿੱਤੇ ਗਏ। ਇਸ ਤੋਂ ਇਲਾਵਾ ਬਜ਼ੁਰਗ ਦੀਆਂ ਐੱਫ.ਡੀ. ਦੇ ਆਧਾਰ ’ਤੇ ਕਰੀਬ 11 ਲੱਖ ਰੁਪਏ ਦਾ ਕਰਜ਼ਾ ਵੀ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤਰ੍ਹਾਂ ਬਜ਼ੁਰਗ ਨੂੰ ਦੋਹਰਾ ਵਿੱਤੀ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਦਾ ਪੰਜਾਬ ਐਂਡ ਸਿੰਧ ਬੈਂਕ ਦੀ ਗੋਧੇਵਾਲਾ ਸ਼ਾਖਾ ਵਿਚ ਪਿਛਲੇ ਕਈ ਸਾਲਾਂ ਤੋਂ ਖਾਤਾ ਚੱਲ ਰਿਹਾ ਹੈ। ਉਨ੍ਹਾਂ ਵੱਲੋਂ ਬੈਂਕ ਵਿਚ ਲੱਖਾਂ ਰੁਪਏ ਦੀਆਂ ਐੱਫ.ਡੀਜ਼ ਵੀ ਕਰਵਾਈਆਂ ਹੋਈਆਂ ਸਨ। ਜੁਲਾਈ ਮਹੀਨੇ ਵਿਚ ਜਦੋਂ ਉਹ ਐੱਫ.ਡੀ. ਦੇ ਨਵੀਨੀਕਰਨ ਲਈ ਬੈਂਕ ਪਹੁੰਚੇ ਤਾਂ ਖਾਤੇ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਆਪਣੇ ਨਾਲ ਹੋਈ ਕਥਿਤ ਵਿੱਤੀ ਠੱਗੀ ਦਾ ਪਤਾ ਲੱਗਾ।
ਦੱਸਿਆ ਜਾ ਰਿਹਾ ਹੈ ਕਿ ਖਾਤੇ ਨਾਲ ਜੁੜੇ ਇਕ ਅਜਿਹੇ ਮੋਬਾਈਲ ਨੰਬਰ ਰਾਹੀਂ ਡਿਜੀਟਲ ਲੈਣ-ਦੇਣ ਕੀਤਾ ਗਿਆ, ਜੋ ਪਿਛਲੇ ਕਰੀਬ ਦੋ ਸਾਲਾਂ ਤੋਂ ਬੰਦ ਪਿਆ ਸੀ। ਇਸ ਮੋਬਾਈਲ ਨੰਬਰ ਨਾਲ ਜੁੜੇ ਡਿਜੀਟਲ ਲੈਣ-ਦੇਣ ਰਾਹੀਂ ਵੱਡੀ ਰਕਮ ਵੱਖ-ਵੱਖ ਬੈਂਕ ਖਾਤਿਆਂ ਵਿਚ ਟਰਾਂਸਫਰ ਕੀਤੀ ਗਈ। ਇਸ ਦੇ ਨਾਲ ਹੀ ਐੱਫ.ਡੀਜ਼ ਨੂੰ ਆਧਾਰ ਬਣਾਕੇ ਕਰੀਬ 11 ਲੱਖ ਰੁਪਏ ਦਾ ਕਰਜ਼ਾ ਲਏ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।
ਪੁਲਸ ਅਤੇ ਬੈਂਕ ਨੇ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ
ਮਾਮਲੇ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਮਾਮਲੇ ਬਾਰੇ ਵਿਸਥਾਰਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸਬੰਧਤ ਬੈਂਕ ਦੇ ਮੈਨੇਜਰ ਨਾਲ ਸੰਪਰਕ ਕਰਕੇ ਬੈਂਕ ਪੱਧਰ ’ਤੇ ਹੋਏ ਲੈਣ-ਦੇਣ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਬਜ਼ੁਰਗ ਕੁਲਵੰਤ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਸਾਈਬਰ ਅਪਰਾਧ ਥਾਣੇ ਨੂੰ ਸੌਂਪਿਆ ਗਿਆ। ਇੰਸਪੈਕਟਰ ਕੁਲਵਿੰਦਰ ਕੌਰ ਵੱਲੋਂ ਜਾਂਚ ਕਰਨ ਉਪਰੰਤ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਹੁਣ ਰਕਮ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿਚ ਤਬਦੀਲ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਠੱਗੀ ਦੇ ਇਸ ਮਾਮਲੇ ਵਿਚ ਡਿਜੀਟਲ ਲੈਣ-ਦੇਣ ਦੇ ਰਿਕਾਰਡ ਅਤੇ ਹੋਰ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ’ਤੇ ਅਗਲੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੰਜਾਬ ਪੁਲਸ ਵਿਚ ਭਰਤੀ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ!
NEXT STORY