ਚੰਡੀਗੜ੍ਹ, (ਜ.ਬ.)- ਚੰਡੀਗੜ੍ਹ ਦੇ ਸਪੋਰਟਸ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਦੇ ਮੈਚ ਦੌਰਾਨ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ 5 ਸਾਲਾ ਹਰਗੁਣ ਸਿੰਘ ਧਾਲੀਵਾਲ ਨੂੰ ਗੋਲਡ ਮੈਡਲ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਵਾਈਐਸ ਸਕੂਲ ਹੰਡਿਆਇਆ ਦੇ ਯੂ.ਕੇ.ਜੀ. ਦੇ ਵਿਦਿਆਰਥੀ ਹਰਗੁਣ, ਜੋ ਕਿ ਧਰਮਿੰਦਰ ਸਿੰਘ ਧਾਲੀਵਾਲ ਦੇ ਬੇਟੇ ਹਨ, ਨੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਹੜ੍ਹ ਪੀੜਤਾਂ ਲਈ ਆਪਣੀ ਸਾਰੀ ਬਚਤ ਸੂਬਾ ਸਰਕਾਰ ਨੂੰ ਸੌਂਪ ਦਿੱਤੀ ਸੀ। ਇਸ ਨੇਕੀ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪ੍ਰੀਤੀ ਜ਼ਿੰਟਾ ਦੀ ਟੀਮ ਪਿਛਲੇ ਕਈ ਮਹੀਨਿਆਂ ਤੋਂ ਹਰਗੁਣ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਪ੍ਰੀਤੀ ਜ਼ਿੰਟਾ ਨੇ ਹਰਗੁਣ ਦੀ ਪੜ੍ਹਾਈ, ਪਰਿਵਾਰ ਅਤੇ ਸਮਾਜ ਸੇਵਾ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਆਪਣੇ ਸਪੈਸ਼ਲ ਵੀਆਈਪੀ ਬਾਕਸ ਵਿੱਚ ਬਿਠਾ ਕੇ ਮੈਚ ਦਿਖਾਇਆ। ਪ੍ਰੀਤੀ ਜ਼ਿੰਟਾ ਦੀ ਮੈਨੇਜਮੈਂਟ ਟੀਮ ਨੇ ਹਰਗੁਣ ਅਤੇ ਉਸ ਦੇ ਪਰਿਵਾਰ ਦੇ ਬਰਨਾਲਾ ਤੋਂ ਚੰਡੀਗੜ੍ਹ ਆਉਣ-ਜਾਣ ਅਤੇ ਰਹਿਣ-ਖਾਣ ਦਾ ਸਾਰਾ ਪ੍ਰਬੰਧ ਕੀਤਾ ਸੀ। ਮੈਚ ਦੌਰਾਨ ਬਾਲੀਵੁੱਡ ਸਟਾਰ ਅਰਜੁਨ ਰਾਮਪਾਲ, ਸੋਨਮ ਬਾਜਵਾ, ਜਸਬੀਰ ਜੱਸੀ ਅਤੇ ਕੁਲਵਿੰਦਰ ਬਿੱਲਾ ਵਰਗੇ ਸਿਤਾਰਿਆਂ ਨੇ ਵੀ ਹਰਗੁਣ ਨੂੰ ਆਪਣਾ ਪਿਆਰ ਅਤੇ ਆਟੋਗ੍ਰਾਫ ਦਿੱਤੇ।
ਹਰਗੁਣ ਦੇ ਪਰਿਵਾਰ ਨੇ ਪੰਜਾਬੀ ਸੱਭਿਆਚਾਰ ਦੇ ਸਤਿਕਾਰ ਵਜੋਂ ਪ੍ਰੀਤੀ ਜ਼ਿੰਟਾ ਨੂੰ ਇੱਕ 'ਫੁਲਕਾਰੀ' ਭੇਟ ਕੀਤੀ ਅਤੇ ਅਦਾਕਾਰਾ ਨੇ ਭਵਿੱਖ ਵਿੱਚ ਬਰਨਾਲਾ ਆਉਣ ਦਾ ਭਰੋਸਾ ਦਿੱਤਾ। ਹਰਗੁਣ ਦੇ ਮਾਤਾ-ਪਿਤਾ ਅਤੇ ਦਾਦਾ ਸਾਧੂ ਸਿੰਘ ਧਾਲੀਵਾਲ ਨੇ ਇਸ ਮਾਣ-ਸਤਿਕਾਰ ਲਈ ਪ੍ਰੀਤੀ ਜ਼ਿੰਟਾ ਦਾ ਦਿਲੋਂ ਸ਼ੁਕਰੀਆ ਅਦਾ ਕੀਤਾ। ਵਾਈਐੱਸ ਸਕੂਲ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਵੀ ਅਦਾਕਾਰਾ ਦਾ ਧੰਨਵਾਦ ਕੀਤਾ।
ਪੰਜਾਬ 'ਚ ਵੱਧਦੀ ਗਰਮੀ ਵਿਚਾਲੇ ਨਵੀਂ ਅਪਡੇਟ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
NEXT STORY