ਮਾਨਸਾ(ਜੱਸਲ)-ਜ਼ਿਲੇ ਦੇ ਪਿੰਡ ਉਭਾ ਵਿਖੇ ਵਾਟਰ ਵਰਕਸ ਦੀ ਪਾਣੀ ਵਾਲੀ ਪਾਈਪ ਵਿਚ ਸੀਵਰੇਜ ਦਾ ਪਾਣੀ ਮਿਲ ਜਾਣ 'ਤੇ ਜਿੱਥੇ ਪਿੰਡ 'ਚ ਤਰਥੱਲੀ ਮਚ ਗਈ ਹੈ ਉਥੇ ਹੀ ਹੁਣ ਤੱਕ 200 ਤੋਂ ਵੀ ਵੱਧ ਲੋਕ ਬੀਮਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਟਰ ਵਰਕਸ ਪਾਈਪ 'ਚ ਸੀਵਰੇਜ ਦਾ ਪਾਣੀ ਮਿਲ ਜਾਣ ਕਾਰਨ ਉਲਟੀਆਂ ਤੇ ਦਸਤ ਲੱਗਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਇਸ ਬੀਮਾਰੀ ਤੋਂ ਪੀੜਤ 135 ਮਰੀਜ਼ ਸਿਹਤ ਕੇਂਦਰਾਂ 'ਚ ਪਹੁੰਚੇ, ਜਿਨ੍ਹਾਂ 'ਚੋਂ 4 ਦਰਜਨ ਤੋਂ ਵੀ ਵੱਧ ਮਰੀਜ਼ਾਂ ਨੂੰ ਵੱਖ-ਵੱਖ ਸਿਹਤ ਕੇਂਦਰਾਂ ਵਿਚ ਦਾਖਲ ਕਰਨ ਤੋਂ ਬਾਅਦ ਬਾਕੀਆਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ। ਪਿੰਡ ਉਭਾ ਅੰਦਰ ਤਿੰਨ ਦਿਨ ਪਹਿਲਾਂ ਵਾਟਰ ਵਰਕਸ ਦੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਨਾਲ ਪਹਿਲੇ ਦਿਨ 60 ਅਤੇ ਦੂਜੇ ਦਿਨ 20 ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਨੂੰ ਇਲਾਜ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਸ਼ੁੱਕਰਵਾਰ ਨੂੰ ਇਸ ਬੀਮਾਰੀ ਤੋਂ ਪੀੜਤ 135 ਮਰੀਜ਼ ਫਿਰ ਸਾਹਮਣੇ ਆਏ। ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਆਪਣੀ ਟੀਮ ਸਮੇਤ ਪਿੰਡ ਉਭਾ ਦਾ ਦੌਰਾ ਕਰ ਕੇ ਮਰੀਜ਼ਾਂ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਸਿਵਲ ਸਰਜਨ ਨੇ ਦੱਸਿਆ ਕਿ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਦਾ ਮਾਨਸਾ ਸਮੇਤ ਜਿੱਥੇ ਵੱਖ-ਵੱਖ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ ਇਲਾਜ ਸ਼ੁਰੂ ਕਰਵਾਇਆ ਹੋਇਆ ਹੈ ਉਥੇ ਹੀ ਲੋਕਾਂ ਦੇ ਪੀਣ ਵਾਲੇ ਪਾਣੀ, ਬਲੱਡ ਸੈਂਪਲ, ਲੈਟਰੀਨ ਆਦਿ ਦੇ ਨਮੂਨੇ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਲਏ ਜਾ ਰਹੇ ਹਨ। ਇਸ ਸਬੰਧੀ ਸਾਰੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਵਾਟਰ ਵਰਕਸ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਜਾ ਚੁੱਕੀ ਹੈ ਤਾਂ ਕਿ ਭਵਿੱਖ 'ਚ ਅਜਿਹਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰਵਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੱਖ-ਵੱਖ ਥਾਵਾਂ ਤੋਂ ਲਏ ਪਾਣੀ ਦੇ ਨਮੂਨਿਆਂ ਦੀ ਰਿਪੋਰਟ ਚੰਡੀਗੜ੍ਹ ਤੋਂ ਨਹੀਂ ਆਉਂਦੀ, ਉਦੋਂ ਤੱਕ ਇਹ ਪਾਣੀ ਪੀਣਾ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ, ਬਲਕਿ ਆਪਣਾ ਇਲਾਜ ਤਸੱਲੀ ਨਾਲ ਕਰਵਾਉਣ ਕਿਉਂਕਿ ਹਰ ਇਕ ਦਾ ਇਲਾਜ ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਨਾਲ ਕਰੇਗਾ। ਸਿਹਤ ਵਿਭਾਗ ਦੇ ਐਪੀਡੀਮੋਲੋਜਿਸਟ ਸੰਤੋਸ਼ ਭਾਰਤੀ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਵਾਈਆਂ ਮੁਫਤ 'ਚ ਦਿੱਤੀਆਂ ਗਈਆਂ ਹਨ ਅਤੇ ਸਾਰੇ ਦਾਖਲ ਮਰੀਜ਼ਾਂ ਦਾ ਤਸੱਲੀਬਖਸ਼ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਤੋਂ ਪੀੜਤ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਕਰ ਕੇ ਪਿੰਡ ਅੰਦਰ ਸ਼ੁੱਕਰਵਾਰ ਨੂੰ ਵੀ ਵਾਟਰ ਸਪਲਾਈ ਰੋਕੀ ਰੱਖੀ ਅਤੇ ਟੈਂਕਰਾਂ ਨਾਲ ਪੀਣ ਦਾ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਰੇ ਪਾਣੀ ਅਤੇ ਖੂਨ ਦੇ ਨਮੂਨਿਆਂ ਦੀ ਰਿਪੋਰਟ ਸੋਮਵਾਰ ਨੂੰ ਆਵੇਗੀ, ਜਿਸ ਤੋਂ ਬਾਅਦ ਇਹ ਬੀਮਾਰੀ ਫੈਲਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਪੂਰਾ ਦਿਨ ਪਿੰਡ 'ਚ ਰਹੀ। ਉਧਰ ਵਾਟਰ ਵਰਕਸ ਵਿਭਾਗ ਬਠਿੰਡਾ ਦੇ ਸੁਪਰਡੈਂਟ ਇੰਜੀਨੀਅਰ ਰਕੇਸ਼ ਸ਼ਰਮਾ ਆਪਣੀ ਟੀਮ ਸਮੇਤ ਪਿੰਡ ਉਭਾ ਪੁੱਜੇ, ਜਿੱਥੇ ਉਨ੍ਹਾਂ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਨਮੂਨੇ ਲੈ ਕੇ ਆਪਣੇ ਪੱਧਰ 'ਤੇ ਵੀ ਜਾਂਚ ਲਈ ਭੇਜ ਦਿੱਤੇ ਹਨ।
ਸਿੱਖ ਜਥੇਬੰਦੀਆਂ ਅਤੇ ਦਲਿਤ ਆਗੂਆਂ ਨੇ ਅੰਬੇਡਕਰ ਚੌਕ ਵਿਖੇ ਲਾਇਆ ਧਰਨਾ
NEXT STORY