ਅੰਮ੍ਰਿਤਸਰ (ਸਰਬਜੀਤ) : ਸਿੱਖ ਧਰਮ ਦੇ ਸਰਵਉੱਚ ਤੀਰਥ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੀਆਂ ਹਵਾਈ ਸੈਨਾਵਾਂ ਦੇ ਮੁਖੀਆਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ। ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਅਤੇ ਯੂਕੇ ਦੇ ਏਅਰ ਚੀਫ ਮਾਰਸ਼ਲ ਹਾਰਵੇ ਸਮਿਥ ਆਪਣੇ ਪਰਿਵਾਰਾਂ ਸਮੇਤ ਦਰਸ਼ਨਾਂ ਲਈ ਪਹੁੰਚੇ। ਉਨ੍ਹਾਂ ਦੀ ਆਮਦ ਮੌਕੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ ਅਤੇ ਸਾਰੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਸੰਪੰਨ ਹੋਈ। ਦੋਵਾਂ ਉੱਚ ਅਧਿਕਾਰੀਆਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਰੱਬੀ ਬਰਕਤਾਂ ਲਈ ਅਰਦਾਸ ਕੀਤੀ ਅਤੇ ਗੁਰੂ ਘਰ ਦੇ ਸ਼ਾਂਤੀਮਈ ਵਾਤਾਵਰਣ ਦਾ ਅਨੁਭਵ ਲਿਆ। ਇਸ ਦੌਰਾਨ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਵੱਲੋਂ ਦੋਵਾਂ ਮਹਿਮਾਨਾਂ ਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ, ਦਰਸ਼ਨੀ ਡਿਊੜੀ ਅਤੇ ਸਿੱਖ ਇਤਿਹਾਸ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਸਿੱਖ ਧਰਮ, ਸਰਬੱਤ ਦਾ ਭਲਾ ਦੀ ਸੋਚ ਅਤੇ ਮਨੁੱਖਤਾ ਲਈ ਸੇਵਾ ਦੇ ਸਿਧਾਂਤ ਬਾਰੇ ਵੀ ਦੱਸਿਆ।
ਇਹ ਵੀ ਪੜ੍ਹੋ : SGPC ਦੇ ਮੁਲਾਜ਼ਮ ਹੁਣ ਗੁਰਮੰਤਰ ਤੇ ਅਰਦਾਸ ਨਾਲ ਕਰਨਗੇ ਡਿਊਟੀ ਦੀ ਸ਼ੁਰੂਆਤ, ਪ੍ਰਧਾਨ ਧਾਮੀ ਨੇ ਦਿੱਤੇ ਆਦੇਸ਼
ਦਰਸ਼ਨਾਂ ਤੋਂ ਬਾਅਦ ਸੂਚਨਾ ਕੇਂਦਰ ਵਿਖੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਜਸਪਾਲ ਸਿੰਘ ਅਤੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਵੱਲੋਂ ਦੋਵਾਂ ਏਅਰ ਚੀਫ ਮਾਰਸ਼ਲਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਕੇ ਦੇ ਏਅਰ ਚੀਫ ਮਾਰਸ਼ਲ ਹਾਰਵੇ ਸਮਿਥ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਆਤਮਿਕ ਅਨੁਭਵ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੈ ਅਤੇ ਇੱਥੇ ਮਿਲੀ ਗਰਮਜੋਸ਼ੀ ਅਤੇ ਸਨਮਾਨ ਨੇ ਉਨ੍ਹਾਂ ਦੇ ਦਿਲ ‘ਤੇ ਚੰਗੀ ਛਾਪ ਛੱਡੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਮੁਖੀ ਅਮਰਪ੍ਰੀਤ ਸਿੰਘ ਨਾਲ ਇਕੱਠੇ ਇੱਥੇ ਆਉਣਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਦੋਸਤੀ ਅਤੇ ਸਾਂਝੇ ਸਬੰਧਾਂ ਦੀ ਨਿਸ਼ਾਨੀ ਹੈ। ਹਾਰਵੇ ਸਮਿਥ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਭਾਰਤੀ ਅਧਿਕਾਰੀਆਂ ਨਾਲ ਉਨ੍ਹਾਂ ਦੇ ਮਜ਼ਬੂਤ ਰਿਸ਼ਤੇ ਬਣੇ ਹਨ, ਜੋ ਭਵਿੱਖ ਵਿੱਚ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਦੁਬਾਰਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣਗੇ ਅਤੇ ਅਗਲੀ ਵਾਰ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲਿਆਉਣਗੇ। ਇਸ ਦੌਰੇ ਨੇ ਨਾ ਸਿਰਫ ਧਾਰਮਿਕ ਸਾਂਝ ਨੂੰ ਮਜ਼ਬੂਤ ਕੀਤਾ ਹੈ, ਸਗੋਂ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਰੱਖਿਆ ਅਤੇ ਸਾਂਸਕ੍ਰਿਤਿਕ ਸਬੰਧਾਂ ਨੂੰ ਵੀ ਹੋਰ ਮਜ਼ਬੂਤੀ ਬਖ਼ਸ਼ੀ ਹੈ। ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਇਹ ਸਾਂਝੀ ਹਾਜ਼ਰੀ ਦੋਸਤੀ, ਸਹਿਯੋਗ ਅਤੇ ਆਪਸੀ ਆਦਰ ਦੇ ਸੰਦੇਸ਼ ਨੂੰ ਪ੍ਰਗਟਾਉਂਦੀ ਹੈ।
ਅੰਮ੍ਰਿਤਸਰ ’ਚ 7 ਕਿਲੋ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰ
NEXT STORY