ਜਲੰਧਰ (ਪੁਨੀਤ)— ਅਸੀਂ ਵਰ੍ਹਿਆਂ ਤੋਂ ਦੇਖਦੇ ਆਏ ਹਾਂ ਕਿ ਬੱਸ ਅੱਡੇ 'ਤੇ ਅਤੇ ਬੱਸਾਂ 'ਚ ਘੁੰਮ-ਫਿਰ ਕੇ 10-20 ਰੁਪਏ 'ਚ ਸਾਮਾਨ ਵੇਚਣ ਵਾਲੇ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਹਨ। ਹੁਣ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ ਕਿਉਂਕਿ ਬੱਸ ਅੱਡੇ 'ਤੇ ਉਨ੍ਹਾਂ ਦੀ ਐਂਟਰੀ ਹੁਣ ਬੈਨ ਹੈ ਕਿਉਂਕਿ ਬੱਸ ਅੱਡੇ ਦਾ ਰੱਖ-ਰਖਾਅ ਕਰਨ ਵਾਲੀ ਕੰਪਨੀ ਨੇ ਘੁੰਮ-ਫਿਰ ਕੇ ਸਾਮਾਨ ਵੇਚਣ ਵਾਲਿਆਂ ਤੋਂ 3000 ਰੁਪਏ ਪ੍ਰਤੀ ਮਹੀਨੇ ਦੀ ਡਿਮਾਂਡ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਰੋਡਵੇਜ਼ ਨੇ ਕਈ ਸਾਲਾਂ ਤੋਂ ਅਜਿਹੇ ਲੋਕਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਟੈਕਸ ਜਾਂ ਰਕਮ ਦੀ ਕਦੇ ਡਿਮਾਂਡ ਨਹੀਂ ਕੀਤੀ ਸੀ। 3000 ਰੁਪਏ ਦੀ ਡਿਮਾਂਡ ਤੋਂ ਖਫਾ ਉਕਤ ਲੋਕਾਂ ਨੇ ਸ਼ੁੱਕਰਵਾਰ ਬੱਸ ਅੱਡੇ 'ਤੇ ਪ੍ਰਾਈਵੇਟ ਕੰਪਨੀ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਕੰਪਨੀ ਦੇ ਇਨ੍ਹਾਂ ਹੁਕਮਾਂ ਨਾਲ ਉਨ੍ਹਾਂ ਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿਉਂਕਿ ਉਹ ਸਿਰਫ ਢਿੱਡ ਭਰਨ ਜਿੰਨਾ ਕਮਾਉਂਦੇ ਹਨ ਅਤੇ 3000 ਰੁਪਏ ਪ੍ਰਤੀ ਮਹੀਨਾ ਦੇਣ 'ਚ ਅਸਮਰੱਥ ਹਨ। ਇਸ ਸਬੰਧੀ ਉਕਤ ਮਜ਼ਦੂਰ ਹਾਕਰਾਂ ਨੇ ਪੰਜਾਬ ਰੋਡਵੇਜ਼ ਡਿਪੋ-1 ਦੇ ਜੀ. ਐੱਮ. ਪਰਨੀਤ ਸਿੰਘ ਮਿਨਹਾਸ ਨਾਲ ਮੁਲਾਕਾਤ ਕਰਕੇ ਆਪਣੀ ਸਮੱਸਿਆ ਬਾਰੇ ਦੱਸਿਆ।
ਬੱਸ ਸਟੈਂਡ ਦੀ ਮਜ਼ਦੂਰ ਹਾਕਰ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਬੱਸ ਅੱਡੇ ਦਾ ਟੈਂਡਰ ਹਾਸਲ ਕਰਨ ਵਾਲੀ ਪ੍ਰਾਈਵੇਟ ਕੰਪਨੀ ਆਰ. ਆਰ. ਕੇ. ਕੇ. ਇਨਫਰਾਸਟਰੱਕਚਰ ਨਾਮੀ ਕੰਪਨੀ ਵੱਲੋਂ ਸਸਤਾ ਸਾਮਾਨ ਜਿਵੇਂ ਟਾਫੀਆਂ-ਗੋਲੀਆਂ, ਨਾਰੀਅਲ ਗਿਰੀ, 10-10 ਰੁਪਏ ਵਾਲੀਆਂ ਕਿਤਾਬਾਂ ਆਦਿ ਵੇਚਣ ਵਾਲਿਆਂ ਤੋਂ 3000 ਰੁਪਏ ਪ੍ਰਤੀ ਮਹੀਨੇ ਦੀ ਜੋ ਮੰਗ ਕੀਤੀ ਜਾ ਰਹੀ ਹੈ, ਉਹ ਮੰਨਣਾ ਸੰਭਵ ਨਹੀਂ ਹੈ। ਇਸ ਲਈ ਰੋਡਵੇਜ਼ ਪ੍ਰਸ਼ਾਸਨ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕਰਵਾਏ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਹੱਲ ਨਾ ਹੋਣ 'ਤੇ ਉਹ ਡੀ. ਸੀ. ਨਾਲ ਮੁਲਾਕਾਤ ਕਰਨਗੇ। ਰੋਸ ਪ੍ਰਗਟਾਉਣ ਵਾਲਿਆਂ 'ਚ ਰਾਜ ਕੁਮਾਰ, ਅਵਦੇਸ਼ ਕੁਮਾਰ, ਮਹਿੰਦਰ ਪਾਲ, ਸੁਰਿੰਦਰ ਕੁਮਾਰ, ਹਰੀਸ਼ ਸ਼ਮਾ, ਬਲਵਿੰਦਰ ਕੁਮਾਰ, ਤਰਸੇਮ ਲਾਲ, ਰਜਿੰਦਰ ਕੁਮਾਰ ਤੇ ਯੋਗ ਰਾਜ ਆਦਿ ਸ਼ਾਮਿਲ ਸਨ।
ਕਦੇ ਪੈਸੇ ਨਹੀਂ ਮੰਗੇ: ਜੀ. ਐੱਮ.
ਰੋਡਵੇਜ਼ ਦੇ ਜੀ. ਐੱਮ. ਪਰਨੀਤ ਸਿੰਘ ਮਿਨਹਾਸ ਦਾ ਕਹਿਣਾ ਹੈ ਕਿ ਜਦੋਂ ਤਕ ਚਾਰਜ ਪ੍ਰਾਈਵੇਟ ਕੰਪਨੀ ਨੂੰ ਨਹੀਂ ਦਿੱਤਾ ਗਿਆ ਸੀ, ਉਦੋਂ ਤਕ ਇਨ੍ਹਾਂ ਮਜ਼ਦੂਰ ਹਾਕਰਾਂ ਤੋਂ ਕਿਸੇ ਤਰ੍ਹਾਂ ਦੀ ਰਕਮ ਦੀ ਡਿਮਾਂਡ ਨਹੀਂ ਕੀਤੀ ਗਈ ਕਿਉਂਕਿ ਇਹ ਗਰੀਬ ਲੋਕ ਹਨ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਲੋਕ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਮੰਗ-ਪੱਤਰ ਸੌਂਪ ਕੇ ਗਏ। ਉਥੇ ਹੀ ਇਸ ਸੰਬੰਧ ਵਿਚ ਉਕਤ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਦੇਖੋ ਔਰਤਾਂ ਦੀ ਕਰਤੂਤ, ਕਿਵੇਂ ਕੁਝ ਹੀ ਮਿੰਟਾਂ 'ਚ ਕੀਤੀ ਵਾਰਦਾਤ (ਵੀਡੀਓ)
NEXT STORY