ਕਪੂਰਥਲਾ (ਮਹਾਜਨ) : ਸਰਕਾਰ ਅਤੇ ਸੈਰ ਸਪਾਟਾ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਕਾਂਜਲੀ ਵੈੱਟਲੈਂਡ 'ਚ ਪ੍ਰਦੂਸ਼ਣ ਵੱਧਣ ਤੇ ਇਸਦੀ ਖਸਤਾ ਹਾਲਤ ਤੋਂ ਜਿਥੇ ਸ਼ਹਿਰ ਨਿਵਾਸੀਆਂ ਨੇ ਇਸ ਤੋਂ ਮੂੰਹ ਫੇਰ ਲਿਆ, ਉੱਥੇ ਉੱਤਰੀ ਯੂਰੋਪ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਵੀ ਹੁਣ ਕਾਂਜਲੀ ਵੈੱਟਲੈਂਡ ਆਉਣਾ ਪਸੰਦ ਨਹੀਂ ਕਰਦੇ। ਜਿਸ ਕਾਰਨ ਦੁਆਬੇ ਦੀ ਸ਼ਾਨ ਸਮਝੇ ਜਾਣ ਵਾਲੇ ਕਾਂਜਲੀ ਵੈੱਟਲੈਂਡ ਦੁਨੀਆ ਦੇ ਕਈ ਤਰ੍ਹਾਂ ਦੇ ਅਜੀਬ ਪੰਛੀ, ਪ੍ਰਜਾਤੀਆਂ ਦੇ ਆਉਣ ਤੋਂ ਵਾਂਝਾ ਹੋ ਗਿਆ। ਇਸਦੇ ਨਤੀਜੇ ਵਜੋਂ ਕਾਂਜਲੀ ਵੈੱਟਲੈਂਡ ਦੀ ਸੁੰਦਰਤਾ ਨੂੰ ਬਹਾਲ ਕਰਨ ਦੇ ਦਾਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਦਾਵੇ ਵੀ ਹਵਾ-ਹਵਾਈ ਸਾਬਤ ਹੋਏ ਨਜ਼ਰ ਆਏ।
ਹਜ਼ਾਰਾਂ ਮੀਲ ਦਾ ਸਫਰ ਤੈਅ ਕਰ ਵਿਦੇਸ਼ੀ ਪੰਛੀ ਪੁੱਜੇ ਪੰਜਾਬ
ਜ਼ਿਕਰਯੋਗ ਹੈ ਕਿ ਯੂਰਪ 'ਚ ਪੈ ਰਹੀ ਭਾਰੀ ਸਰਦੀ ਦੇ ਕਾਰਨ ਝੀਲਾਂ ਜੰਮ ਜਾਂਦੀਆਂ ਹਨ, ਜਿਸ ਕਾਰਨ ਵਿਦੇਸ਼ੀ ਪੰਛੀ ਹਜ਼ਾਰਾਂ ਮੀਲ ਦਾ ਸਫਰ ਤੈਅ ਕਰ ਕੇ ਪੰਜਾਬ ਸੂਬੇ 'ਚ ਪਹੁੰਚਦੇ ਹਨ। ਜਿਥੇ ਹਰੀਕੇ ਪੱਤਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਾਲੀ ਵੇਈਂ 'ਚ ਬਣੇ ਕਾਂਜਲੀ ਵੈੱਟਲੈਂਡ ਇਕ ਮਾਤਰ ਅਜਿਹਾ ਸਥਾਨ ਸੀ, ਜਿਥੇ ਉੱਤਰੀ ਯੂਰਪ ਦੇ ਦੇਸ਼ਾਂ ਰੂਸ, ਯੂਕਰੇਨ, ਤੁਰਕੀ, ਤਜਾਕਿਸਤਾਨ, ਨਾਰਵੇ, ਫਿਨਲੈਂਡ, ਡੈਨਮਾਰਕ, ਸਵੀਡਨ 'ਚ ਲੱਖਾਂ ਦੀ ਗਿਣਤੀ 'ਚ ਪ੍ਰਵਾਸੀ ਪੰਛੀ ਰੰਗ-ਬਿਰੰਗੇ ਤੇ ਖੂਬਸੂਰਤ ਨੀਲੀ ਅੱਖਾਂ ਵਾਲੇ ਪੰਛੀਆਂ ਤੋਂ ਭਰਿਆ ਰਹਿੰਦਾ ਸੀ ਪਰ ਕੁਝ ਸਾਲਾਂ ਤੋਂ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਅਣਦੇਖੀ ਕਾਰਣ ਵਿਦੇਸ਼ੀ ਪੰਛੀ ਹੁਣ ਕਾਂਜਲੀ ਵੈੱਟਲੈਂਡ ਆਉਣਾ ਪਸੰਦ ਨਹੀਂ ਕਰਦੇ।
ਇਹ ਪੰਛੀ ਆਉਂਦੇ ਸਨ ਕਾਂਜਲੀ ਵੈੱਟਲੈਂਡ
ਗ੍ਰੇ ਲੇਗ ਗੂਜ, ਬਾਰ ਹੈਡਿਡ ਗੂਜ, ਰੁਡੀ ਸ਼ੇਲਡਕ, ਯੁਰੇਸਿਅਨ ਸਪੂਨਬਿਲ, ਬਲੈਕ ਹੈਡਿਡ ਗਲ, ਬ੍ਰਾਉਨ ਹੈਡਿਡ ਗਲ, ਪਲੇਸਿਸ ਗਲ, ਗ੍ਰੇਟ ਅਗ੍ਰੇਟ, ਬਲੈਕ ਹੈਡਿਡ ਲਿਬਸ, ਕਾਮਨ ਕੂਟ, ਕਾਮਨ ਪੋਚਰਡ, ਟਫਟੇਡ ਡਕ, ਫੇਰੁਜੀਨਿਅਸ ਡਕ (ਵ੍ਹਾਈਟ ਆਈਡ ਪੋਚਰਡ), ਯੂਰੇਸ਼ਿਅਨ ਵਿਗਨ, ਨਾਦਰਨ ਸ਼ਵਲਰ, ਨਾਦਰਨ ਪਿਨਟੇਲ, ਗਢਵਾਲ, ਗ੍ਰੇਟ ਕੋਰਮੋਰੇਂਟ, ਸਨੇਕ ਬਰਡ (ਅਨਹਿੰਗਾ), ਕਾਮਬ ਡਕ, ਪਾਈਡ ਐਵੋਕੇਟ, ਕਾਮਨ ਟਿਲ, ਗਾਰਮੇਨ, ਪੇਂਟੇਡ ਸਟਾਕ, ਏਸ਼ੀਅਨ ਓਪਨ ਬਿਲਡ, ਸਟਾਰਕ, ਮਲਾਡ, ਮਾਰਸ਼ ਸੇਂਡ ਪਾਈਪਰ, ਮਾਰਸ਼ ਹੈਰੀਅਰ, ਆਸਪ੍ਰੇ, ਵਿਸਕਰਡ ਟਰਨ, ਗੁਲ ਬਿਲਡ ਟਰਨ ਆਦਿ ਪੰਛੀ ਸ਼ਾਮਲ ਹਨ।
ਕਿਉਂ ਨਹੀਂ ਪਹੁੰਚ ਰਹੇ ਵਿਦੇਸ਼ੀ ਪੰਛੀ?
ਪੰਜਾਬ 'ਚ 10 ਸਾਲ ਤਕ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸਨੂੰ ਅਣਦੇਖਾ ਕੀਤੇ ਜਾਣ ਤੇ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਕਾਂਜਲੀ ਦੇ ਸੁੰਦਰੀਕਰਨ ਲਈ ਗ੍ਰਾਂਟ ਜਾਰੀ ਕਰਨ ਦੇ ਝੂਠੇ ਵਾਅਦੇ ਕੀਤੇ ਜਾਣ ਤੇ ਸੈਰ ਸਪਾਟਾ ਵਿਭਾਗ ਵੱਲੋਂ ਵੀ ਇਸ ਪਾਸੇ ਧਿਆਨ ਦਿੱਤੇ ਜਾਣ ਦੇ ਕਾਰਣ ਸਾਲਾਂ ਤੋਂ ਕਾਂਜਲੀ ਸੈਰਗਾਹ ਆਪਣੀ ਬਦਹਾਲੀ 'ਤੇ ਹੰਝੂ ਵਹਾ ਰਹੀ ਹੈ।
ਸਰਕਾਰਾਂ ਦੀ ਅਣਦੇਖੀ ਦੇ ਕਾਰਨ ਕਾਂਜਲੀ ਵੇਈਂ 'ਚ ਥਾਂ-ਥਾਂ ਗੰਦਗੀ ਅਤੇ ਹਾਈਸੇਂਥ ਬੂਟੀ ਜਮ੍ਹਾ ਹੋਣ ਨਾਲ ਇਸਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਗਿਆ ਹੈ, ਜਿਸ ਕਾਰਨ ਇਥੇ ਹੁਣ ਸ਼ਹਿਰ ਨਿਵਾਸੀਆਂ ਤੋਂ ਇਲਾਵਾ ਵਿਦੇਸ਼ ਪੰਛੀ ਵੀ ਆਉਣ ਤੋਂ ਕਤਰਾਉਣ ਲੱਗੇ ਹਨ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਈ ਵਾਰ ਇਸਦੇ ਸੁਧਾਰ ਦੇ ਲਈ ਪਾਇਲਟ ਪ੍ਰਾਜੈਕਟ ਬਣਾ ਕੇ ਭੇਜੇ ਪਰ ਉਹ ਪ੍ਰਾਜੈਕਟ ਫਾਈਲਾਂ 'ਚ ਹੀ ਦਬੇ ਰਹਿ ਗਏ ਹਨ। ਜਿਸ ਕਾਰਨ ਦੁਆਬਾ ਖੇਤਰ ਦਾ ਇਕਲੌਤਾ ਕਾਂਜਲੀ ਵੈੱਟਲੈਂਡ ਵੀ ਸਰਕਾਰਾਂ ਦੀ ਭੇਟ ਚੜ੍ਹ ਗਿਆ।
ਸਵਦੇਸ਼ੀ ਪੰਛੀਆਂ ਨੇ ਵੀ ਤੋੜਿਆ ਕਾਂਜਲੀ ਵੈੱਟਲੈਂਡ ਤੋਂ ਨਾਤਾ
'ਜਗ ਬਾਣੀ' ਨੇ ਜਦੋਂ ਕਾਂਜਲੀ ਵੈੱਟਲੈਂਡ ਦਾ ਦੌਰਾ ਕੀਤਾ ਤਾਂ ਪਾਇਆ ਕਿ ਕਾਂਜਲੀ ਵੈੱਟਲੈਂਡ ਦੀ ਖਸਤਾ ਹਾਲਤ ਕਾਰਨ ਇਥੇ ਵਿਦੇਸ਼ ਪੰਛੀਆਂ ਤੋਂ ਇਲਾਵਾ ਸਵਦੇਸ਼ੀ ਪੰਛੀ ਵੀ ਨਜ਼ਰ ਨਹੀਂ ਆਏ। ਲੱਖਾਂ ਦੀ ਗਿਣਤੀ 'ਚ ਇਥੇ ਆਉਣ ਵਾਲੇ ਵਿਦੇਸ਼ੀ ਪੰਛਿਆਂ ਤੋਂ ਬਾਅਦ ਹੁਣ ਤਾਂ ਸਵਦੇਸ਼ੀ ਪੰਛੀਆਂ ਨੇ ਵੀ ਇਸ ਤੋਂ ਨਾਤਾ ਤੋੜ ਲਿਆ ਹੈ। ਹਾਲਾਂਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਂਜਲੀ ਵੇਈਂ ਦੀ ਸਫਾਈ ਨੂੰ ਲੈ ਕੇ ਆਪਣੇ ਤੌਰ 'ਤੇ ਕਈ ਯਤਨ ਕੀਤੇ ਪਰ ਇਸਦੇ ਬਾਵਜੂਦ ਵੀ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਇਸਨੂੰ ਅਣਦੇਖਾ ਕਰਦਾ ਆ ਰਿਹਾ ਹੈ, ਜਿਸ ਕਾਰਣ ਇਥੇ ਆਉਣ ਵਾਲੇ ਵੱਖ-ਵੱਖ ਪ੍ਰਜਾਤੀਆਂ ਦੇ ਖੂਬਸੂਰਤ ਪੰਛੀਆਂ ਦੇ ਮਨਮੋਹਨ ਨਜਾਰੇ ਨੂੰ ਦੇਖਣ ਤੋਂ ਵੀ ਸ਼ਹਿਰ ਵਾਸੀ ਵਾਂਝੇ ਹੋ ਗਏ ਹਨ।
ਹਰੀਕੇ ਪੱਤਣ ਬਰਡ ਸੈਂਚੁਰੀ ਜਾ ਰਹੇ ਵਿਦੇਸ਼ੀ ਪੰਛੀ
ਹਰੀਕੇ ਪੱਤਣ ਸਥਿਤ ਬਰਡ ਸੈਂਚੁਰੀ 'ਚ ਇਨ੍ਹੀਂ ਦਿਨੀਂ ਲੱਖਾਂ ਦੀ ਗਿਣਤੀ 'ਚ ਵਿਦੇਸ਼ੀ ਪੰਛੀ ਪਹੁੰਚ ਚੁੱਕੇ ਹਨ, ਜੋ ਪੰਛੀ ਪਹਿਲਾਂ ਕਾਂਜਲੀ ਵੈੱਟਲੈਂਡ ਆਉਂਦੇ ਸਨ। ਉਹ ਹੁਣ ਇਥੇ ਆਉਣ ਦੀ ਬਜਾਏ ਹਰੀਕੇ ਪੱਤਣ ਸਥਿਤ ਬਰਡ ਸੈਂਚੁਰੀ ਪਹੁੰਚ ਰਹੇ ਹਨ। ਜਿਨ੍ਹਾਂ ਨੂੰ ਦੇਖਣ ਦੇ ਲਈ ਭਾਰੀ ਗਿਣਤੀ 'ਚ ਲੋਕ ਪਹੁੰਚ ਰਹੇ ਹਨ। ਉੱਥੇ ਭਾਰੀ ਗਿਣਤੀ 'ਚ ਵਿਦੇਸ਼ੀ ਪੰਛੀਆਂ ਦਾ ਬਰਡ ਸੈਂਚੁਰੀ 'ਚ ਪਹੁੰਚਣ ਤੋਂ ਉੱਥੋਂ ਦੇ ਸਥਾਨਕ ਵਿਭਾਗ ਵੀ ਕਾਫੀ ਖੁਸ਼ ਹਨ।
ਕਪੂਰਥਲਾ ਪ੍ਰਸ਼ਾਸਨ ਤੇ ਸੈਰ ਸਪਾਟਾ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਕਾਂਜਲੀ ਵੈੱਟਲੈਂਡ ਦੀ ਹਾਲਤ 'ਚ ਸੁਧਾਰ ਲਿਆਉਣ ਦੇ ਲਈ ਇਸ ਪਾਸੇ ਗੰਭੀਰਤਾ ਦਿਖਾਏ ਤਾਂ ਜੋ ਇਥੇ ਆਉਣ ਵਾਲੇ ਵਿਦੇਸ਼ੀ ਪੰਛੀਆਂ ਦੇ ਖੂਬਸੂਰਤ ਨਜ਼ਾਰੇ ਦਾ ਸ਼ਹਿਰ ਵਾਸੀ ਆਨੰਦ ਲੈ ਸਕਣ।
ਕਾਂਜਲੀ ਦੇ ਸੁੰਦਰੀਕਰਨ ਲਈ ਸਰਕਾਰ ਦਿਖਾਏ ਗੰਭੀਰਤਾ : ਸੰਤ ਸੀਚੇਵਾਲ
ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਬਚਾਉਣਾ ਸਰਕਾਰ ਦਾ ਫਰਜ਼ ਹੁੰਦਾ ਹੈ ਪਰ ਸਰਕਾਰ ਦੇ ਸਿਆਸਤਦਾਨਾਂ ਨੇ ਵੀ ਕਾਂਜਲੀ 'ਚ ਛੱਡੇ ਜਾਣ ਵਾਲੇ ਸਵੱਛ ਪਾਣੀ ਨੂੰ ਬੰਦ ਕਰਵਾ ਦਿੱਤਾ ਸੀ। ਸਵੱਛ ਪਾਣੀ ਨੂੰ ਬੰਦ ਕੀਤੇ ਜਾਣ ਦੇ ਕਾਰਣ ਇਥੇ ਗੰਦਗੀ ਤੇ ਹਾਈਸੇਂਥ ਬੂਟੀ ਨੇ ਆਪਣਾ ਡੇਰਾ ਜਮਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਜਲੀ ਵੱਲੋਂ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤੇ ਪਵਿੱਤਰ ਕਾਂਜਲੀ ਵੇਈਂ 'ਚ ਪੈ ਰਹੇ ਗੰਦੇ ਪਾਣੀ ਨੂੰ ਬੰਦ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸਦੇ ਸੁੰਦਰੀਕਰਨ ਲਈ ਸਰਕਾਰ ਨੂੰ ਗੰਭੀਰਤਾ ਦਿਖਾਉਂਦੇ ਹੋਏ ਤੁਰੰਤ ਗ੍ਰਾਂਟ ਜਾਰੀ ਕਰਕੇ ਕੰਮ ਸ਼ੁਰੂ ਕਰਵਾਉਣਾ ਚਾਹੀਦਾ ਹੈ।
ਕਾਂਜਲੀ ਵੈੱਟਲੈਂਡ ਦੀ ਸੁੰਦਰਤਾ ਨੂੰ ਬਹਾਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਗੰਭੀਰ : ਡੀ. ਸੀ.
ਇਸ ਸਬੰਧੀ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਦਾ ਕਹਿਣਾ ਹੈ ਕਿ ਕਾਂਜਲੀ ਵੈੱਟਲੈਂਡ ਦੀ ਸੁੰਦਰਤਾ ਨੂੰ ਬਹਾਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਮੈ ਅਜੇ ਹੀ ਨਵਾਂ ਚਾਰਜ ਸੰਭਾਲਿਆ ਹੈ ਤੇ ਕਾਂਜਲੀ ਦੇ ਪ੍ਰਾਜੈਕਟ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਕੇ ਇਸ ਨੂੰ ਚਾਲੂ ਕਰਵਾਇਆ ਜਾਵੇਗਾ।
ਜਲਦੀ ਹੀ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇਗਾ ਸ਼ੁਰੂ : ਚਰਨਜੀਤ ਚੰਨੀ
ਸੈਰ ਸਪਾਟਾ ਵਿਭਾਗ ਦੇ ਮੰਤਰੀ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਕਪੂਰਥਲਾ ਪ੍ਰਸ਼ਾਸਨ ਤੋਂ ਕਾਂਜਲੀ ਸਬੰਧੀ ਪੂਰੀ ਰਿਪੋਰਟ ਮੰਗਵਾਈ ਜਾਵੇਗੀ, ਜਿਸਨੂੰ ਲੈ ਕੇ ਜਲਦੀ ਹੀ ਪ੍ਰਾਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਕੀ ਕਹਿੰਦੇ ਹਨ ਪੰਛੀ ਪ੍ਰੇਮੀ
ਕਾਂਜਲੀ ਦੀ ਸੁੰਦਰਤਾ ਨੂੰ ਬਹਾਲ ਕਰਨਾ ਸਰਕਾਰ ਦਾ ਨੈਤਿਕ ਫਰਜ਼ ਹੈ। ਕਾਂਜਲੀ ਸੈਰਗਾਹ ਦੀ ਸਾਫ-ਸਫਾਈ ਤੇ ਹਾਈਸੇਂਥ ਬੂਟੀ ਨੂੰ ਕੱਢਣ ਲਈ ਪ੍ਰਸ਼ਾਸਨ ਨੂੰ ਵੱਡੇ ਕਦਮ ਚੁੱਕਣੇ ਚਾਹੀਦੇ ਹਨ। –ਤਜਿੰਦਰ ਸਹਾਏ, ਚੇਅਰਮੈਨ ਸਹਾਏ ਗਰੁੱਪ ਆਫ ਇੰਡਸਟਰੀ।
ਨਸ਼ੇ ਵਾਲੇ ਇੰਜੈਕਸ਼ਨਾਂ ਅਤੇ 100 ਗ੍ਰਾਮ ਪਦਾਰਥ ਸਮੇਤ ਕਾਰ ਸਵਾਰ ਗ੍ਰਿਫਤਾਰ
NEXT STORY