ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਮਿਹਨਤੀ ਵਪਾਰੀ ਕਿਸੇ ਦੇ ਬਹਿਕਾਵੇ ਵਿਚ ਆਉਣ ਵਾਲੇ ਨਹੀਂ ਹਨ ਅਤੇ ਸੱਚਾਈ ਨੂੰ ਭਲੀਭਾਂਤੀ ਸਮਝਦੇ ਹਨ। ਢਿੱਲੋਂ ਨੇ ਕਿਹਾ ਕਿ ਸਵਾਲ ਬਹੁਤ ਸਿੱਧਾ ਹੈ—ਆਖਿਰ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਕਿਉਂ ਲੱਗੇ ਹਨ? ਇਸ ਦਾ ਜਵਾਬ ਦੇਣ ਦੀ ਬਜਾਏ ‘ਆਪ’ ਆਗੂ ਲੋਕਾਂ ਦਾ ਧਿਆਨ ਭਟਕਾਉਣ ਲਈ ਕਾਨੂੰਨੀ ਕਾਰਵਾਈ ਨੂੰ ਰਾਜਨੀਤੀ ਅਤੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਭ੍ਰਿਸ਼ਟ ਆਗੂਆਂ ਨੂੰ ਬਚਾਉਣ ਲਈ ਸੰਵਿਧਾਨਕ ਸੰਸਥਾਵਾਂ ਅਤੇ ਜਾਂਚ ਏਜੰਸੀਆਂ ਨੂੰ ਬਦਨਾਮ ਕਰਨਾ ਲੋਕਤੰਤਰ ਲਈ ਠੀਕ ਨਹੀਂ ਹੈ।
ਭਾਜਪਾ ਪੰਜਾਬ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਹੋ ਰਹੀ ਕਾਰਵਾਈ ਤੋਂ ਆਮ ਆਦਮੀ ਪਾਰਟੀ ਸਰਕਾਰ ਨੂੰ ਇੰਨੀ ਤਕਲੀਫ਼ ਕਿਉਂ ਹੋ ਰਹੀ ਹੈ? ਕੇਂਦਰੀ ਏਜੰਸੀਆਂ ਸਿਰਫ਼ ਕਾਨੂੰਨ ਅਨੁਸਾਰ ਆਪਣਾ ਫਰਜ਼ ਨਿਭਾ ਰਹੀਆਂ ਹਨ। ਜੇ ਕੋਈ ਬੇਕਸੂਰ ਹੈ ਤਾਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ, ਪਰ ਜੇ ਕਿਸੇ ਨੇ ਕਾਨੂੰਨ ਤੋੜਿਆ ਹੈ ਤਾਂ ਉਸ ਨੂੰ ਜਵਾਬ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਮਾਨਦਾਰ ਵਪਾਰੀ ਅਤੇ ਉਦਯੋਗਪਤੀ ਸਾਡੇ ਸਿਰ ਦਾ ਤਾਜ ਹਨ। ਭਾਜਪਾ ਹਮੇਸ਼ਾ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਰਹੀ ਹੈ ਅਤੇ ਭਾਜਪਾ ਦੇ ਸ਼ਾਸਨ ਹੇਠ ਇਮਾਨਦਾਰ ਕਾਰੋਬਾਰੀਆਂ ਨੂੰ ਪੂਰੀ ਸੁਰੱਖਿਆ ਅਤੇ ਸਨਮਾਨ ਮਿਲਿਆ ਹੈ।
ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਵਪਾਰੀਆਂ ਦੇ ਮੋਢਿਆਂ ‘ਤੇ ਬੰਦੂਕ ਰੱਖ ਕੇ ਆਪਣੀ ਸਿਆਸਤ ਚਮਕਾਉਣ ਦੀ ਬਜਾਏ ਪੰਜਾਬ ਵਿਚ ਵੱਧ ਰਹੇ ਗੈਂਗਸਟਰਵਾਦ, ਫਿਰੌਤੀਆਂ ਅਤੇ ਵਪਾਰੀਆਂ ਦੀ ਸੁਰੱਖਿਆ ਦੇ ਮੁੱਦਿਆਂ ‘ਤੇ ਧਿਆਨ ਦੇਣ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ। ਇਮਾਨਦਾਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਬਚਾ ਨਹੀਂ ਸਕਦਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ, ਉਦਯੋਗਿਕ ਤਰੱਕੀ ਅਤੇ ਹਰ ਵਪਾਰੀ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਬਟਾਲਾ ਦੇ ਨਿੱਜੀ ਹਸਪਤਾਲ ’ਤੇ ਚਲਾਈਆਂ ਗੋਲੀਆਂ, ਹਸਪਤਾਲ ਦੀ ਸਟਾਫ ਮੈਂਬਰ ਜ਼ਖਮੀ
NEXT STORY