ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜ ਰਹੀਆਂ ਤਿੰਨ ਪਾਰਟੀਆਂ ਦੇ ਪ੍ਰਧਾਨ ਉਮੀਦਵਾਰ ਬਣਨ ਤੋਂ ਬਾਅਦ ਆਪਣੀਆਂ ਸੀਟਾਂ 'ਤੇ ਫਸ ਕੇ ਰਹਿ ਗਏ ਹਨ। ਇਨ੍ਹਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਮੁੱਖ ਰੂਪ ਨਾਲ ਸ਼ਾਮਲ ਹੈ, ਜੋ ਗੁਰਦਾਸਪੁਰ ਤੋਂ ਐੱਮ. ਪੀ. ਹਨ ਅਤੇ ਇਸ ਵਾਰ ਫਿਰ ਉੱਥੋਂ ਹੀ ਚੋਣ ਲੜ ਰਹੇ ਹਨ। ਹਾਲਾਂਕਿ ਉਨ੍ਹਾਂ ਕੋਲ ਪੂਰੇ ਪੰਜਾਬ 'ਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਵੀ ਹੈ ਪਰ ਭਾਰਤੀ ਜਨਤਾ ਪਾਰਟੀ ਵਲੋਂ ਸੰਨੀ ਦਿਓਲ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਮੁਕਾਬਲਾ ਸਖਤ ਹੋ ਗਿਆ ਹੈ, ਜਿਸ ਕਾਰਨ ਜਾਖੜ ਹੁਣ ਤਕ ਇਕ ਵਾਰ ਵੀ ਗੁਰਦਾਸਪੁਰ ਤੋਂ ਬਾਹਰ ਨਹੀਂ ਨਿਕਲ ਸਕੇ ਹਨ। ਇਹੀ ਹਾਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਹੈ, ਜੋ ਸੰਗਰੂਰ ਤੋਂ ਐੱਮ. ਪੀ. ਹਨ ਅਤੇ ਇਸ ਵਾਰ ਫਿਰ ਉੱਥੋਂ ਚੋਣ ਲੜ ਰਹੇ ਹਨ। ਉਹ ਸ਼ੁਰੂਆਤੀ ਦਿਨਾਂ ਵਿਚ ਤਾਂ ਨਾਲ ਲਗਦੀਆਂ ਕੁਝ ਸੀਟਾਂ 'ਤੇ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਲਈ ਗਏ ਸਨ ਪਰ ਹੁਣ ਤਿਕੋਣੀ ਟੱਕਰ ਹੋਣ ਤੋਂ ਬਾਅਦ ਮਾਨ ਲਈ ਸੰਗਰੂਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਾਕੀ ਸੀਟਾਂ 'ਤੇ ਚੋਣ ਪ੍ਰਚਾਰ ਲਈ ਆਉਣਾ ਪਿਆ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਵੀ ਬਠਿੰਡਾ ਤੋਂ ਚੋਣ ਲੜ ਰਹੇ ਹਨ, ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ, ਖੱਬੇਪੱਖੀ ਦਲਾਂ, ਬੈਂਸ ਅਤੇ ਧਰਮਵੀਰ ਗਾਂਧੀ ਦੇ ਨਾਲ ਮਿਲ ਕੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਣਾਇਆ ਹੈ ਪਰ ਨਵਾਂਸ਼ਹਿਰ ਵਿਚ ਹੋਈ ਮਾਇਆਵਤੀ ਦੀ ਰੈਲੀ ਵਿਚ ਸ਼ਾਮਲ ਹੋਣ ਤੋਂ ਸਿਵਾਏ ਖਹਿਰਾ ਕਿਤੇ ਵੀ ਆਪਣੇ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਦੇ ਨਜ਼ਰ ਨਹੀਂ ਆਏ।
ਚੁਣੀਆਂ ਹੋਈਆਂ ਸੀਟਾਂ 'ਤੇ ਹੀ ਨਜ਼ਰ ਆ ਰਹੇ ਹਨ ਸੁਖਬੀਰ ਤੇ ਸ਼ਵੇਤ ਮਲਿਕ
ਬਾਕੀ ਪਾਰਟੀਆਂ ਦੇ ਪ੍ਰਧਾਨਾਂ ਵਾਂਗ ਸੁਖਬੀਰ ਸਿੰਘ ਬਾਦਲ ਵੀ ਅਕਾਲੀ ਦਲ ਵਲੋਂ ਫਿਰੋਜ਼ਪੁਰ ਵਿਚ ਚੋਣ ਲੜ ਰਹੇ ਹਨ, ਜੋ ਸ਼ੁਰੂਆਤੀ ਦੌਰ ਵਿਚ ਤਾਂ ਕੁਝ ਬਾਹਰੀ ਸੀਟਾਂ 'ਤੇ ਪ੍ਰਚਾਰ ਕਰਨ ਲਈ ਗਏ ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਫੋਕਸ ਫਿਰੋਜ਼ਪੁਰ ਅਤੇ ਬਠਿੰਡਾ ਵਿਚ ਹੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼ਵੇਤ ਮਲਿਕ ਵੀ ਅੰਮ੍ਰਿਤਸਰ, ਗੁਰਦਾਸਪੁਰ ਦੀਆਂ ਸੀਟਾਂ 'ਤੇ ਹੀ ਨਜ਼ਰ ਆ ਰਹੇ ਹਨ।
ਇਸ ਵਾਰ ਸਿਆਸੀ ਮਹਾਰਥੀਆਂ ਨੂੰ ਬੇਹੱਦ ਪ੍ਰੇਸ਼ਾਨ ਕਰ ਰਹੀ ਹੈ ਵੋਟਰਾਂ ਦੀ ਚੁੱਪ
NEXT STORY