ਛੁੱਟੀ ਵਾਲੇ ਦਿਨ ਵੀ ਖੱਲ੍ਹੇ ਰਹੇ ਸੇਵਾ ਕੇਂਦਰ
ਤਪਾ ਮੰਡੀ(ਢੀਂਗਰਾ)- ਸਰਕਾਰ ਦੇ ਹੁਕਮ ਦੀਆਂ ਧੱਜੀਆਂ ਕਿਵੇਂ ਸਰਕਾਰੀ ਦਫਤਰ 'ਚ ਉੱਡਦੀਆਂ ਹਨ, ਇਸ ਦੀ ਮਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ 30 ਸਤੰਬਰ ਦੁਸਹਿਰੇ ਵਾਲੇ ਦਿਨ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਕੌਮੀ ਛੁੱਟੀ ਹੋਣ ਦੇ ਬਾਵਜੂਦ ਸਾਰੇ ਸੇਵਾ ਕੇਂਦਰਾਂ ਵਿਚ ਆਮ ਦਿਨਾਂ ਵਾਂਗ ਕੰਮ ਹੋਇਆ। ਕਿਰਤ ਕਾਨੂੰਨ ਅਨੁਸਾਰ ਜੇ ਕਿਸੇ ਵਿਅਕਤੀ ਤੋਂ ਕੌਮੀ ਛੁੱਟੀ ਵਾਲੇ ਦਿਨ ਕੰਮ ਲੈਣਾ ਹੁੰਦਾ ਹੈ ਤਾਂ ਉਸਨੂੰ ਨਾ ਸਿਰਫ ਉਸ ਦਿਨ ਦੀ ਦੁੱਗਣੀ ਤਨਖਾਹ ਦੇਣੀ ਹੁੰਦੀ ਹੈ ਬਲਕਿ ਛੁੱਟੀ ਨੂੰ ਐਡਜਸਟ ਕਰਨ ਲਈ ਕਿਸੇ ਹੋਰ ਦਿਨ ਦੀ ਛੁੱਟੀ ਕਰਮਚਾਰੀ ਨੂੰ ਦੇਣੀ ਹੁੰਦੀ ਹੈ ਪਰ ਸੇਵਾ ਕੇਂਦਰਾਂ ਵਿਖੇ ਨਾ ਤਾਂ ਕੋਈ ਦੁੱਗਣੀ ਤਨਖਾਹ ਦਿੱਤੀ ਜਾਂਦੀ ਹੈ ਅਤੇ ਨਾ ਹੀ ਛੁੱਟੀ ਬਦਲੇ ਕਿਸੇ ਹੋਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਅਤੇ ਸੇਵਾ ਕੇਂਦਰ ਦੇ ਕਰਮਚਾਰੀ ਆਪਣੀ ਨੌਕਰੀ ਨੂੰ ਬਚਾਉਂਦੇ ਹੋਏ ਛੁੱਟੀ ਵਾਲੇ ਦਿਨ ਵੀ ਸਵੇਰੇ 9 ਵਜੇ ਤੋਂ 6 ਵਜੇ ਤੱਕ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਕੀ ਕਹਿੰਦੇ ਹਨ ਕੋਆਰਡੀਨੇਟਰ : ਜਦੋਂ ਇਸ ਸਬੰਧੀ ਤਪਾ ਦੇ ਕੋਆਰਡੀਨੇਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੋਬਾਇਲ 'ਤੇ ਸੈਂਟਰ ਨੂੰ ਖੁੱਲ੍ਹਾ ਰੱਖਣ ਸਬੰਧੀ ਮੈਸੇਜ ਕੀਤਾ ਗਿਆ ਸੀ ਅਤੇ ਉਨ੍ਹਾਂ ਮਿਲੇ ਹੁਕਮ ਅਨੁਸਾਰ ਹੀ ਆਪਣਾ ਸੈਂਟਰ ਖੁੱਲ੍ਹਾ ਰੱਖਿਆ ਹੈ ।
ਕੀ ਕਹਿੰਦੇ ਹਨ ਜ਼ਿਲਾ ਮੈਨੇਜਰ : ਜਦੋਂ ਇਸ ਸਬੰਧੀ ਸੇਵਾ ਕੇਂਦਰ ਦੇ ਜ਼ਿਲਾ ਮੈਨੇਜਰ ਗੁਰਸ਼ਰਨ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੰਪਨੀ ਦਾ ਜੋ ਐਗਰੀਮੈਂਟ ਸਰਕਾਰ ਨਾਲ ਹੋਇਆ ਹੈ, ਉਸ ਅਨੁਸਾਰ ਸਰਕਾਰੀ ਛੁੱਟੀ ਵਾਲੇ ਦਿਨ ਵੀ ਇਹ ਸੇਵਾ ਕੇਂਦਰ ਖੁੱਲ੍ਹੇ ਰਹਿਣਗੇ। ਇਸ ਲਈ 2 ਅਕਤੂਬਰ, ਜਿਸ ਦਿਨ ਕੌਮੀ ਛੁੱਟੀ ਐਲਾਨੀ ਹੈ, ਉਸ ਦਿਨ ਵੀ ਜ਼ਿਲੇ ਦੇ ਸਾਰੇ ਸੇਵਾ ਕੇਂਦਰ ਖੁੱਲ੍ਹੇ ਹਨ ।
ਕੀ ਕਹਿੰਦੇ ਨੇ ਕਰਮਚਾਰੀ : ਜ਼ਿਲਾ ਬਰਨਾਲਾ ਦੇ ਸੇਵਾ ਕੇਂਦਰ ਵਿਚ ਕੰਮ ਕਰਦੇ ਇਕ ਕਰਮਚਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਛੁੱਟੀ ਵਾਲੇ ਦਿਨ ਕੰਮ ਕਰਨਾ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਜੇਕਰ ਉਹ ਇਸਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੂੰ ਨੌਕਰੀ ਛੱਡ ਦੇਣ ਦੀ ਲਈ ਕਹਿ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਸਰਕਾਰ ਨੇ ਸੁਵਿਧਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਇਕ ਪਾਸੇ ਕਰ ਕੇ ਰੱਖ ਦਿੱਤਾ, ਉਹ ਵੀ ਡਰਦੇ ਹਨ ਕਿ ਜੇਕਰ ਉਹ ਹੜਤਾਲ ਕਰਨਗੇ ਤਾਂ ਉਨ੍ਹਾਂ ਨੂੰ ਬਦਲ ਕੇ ਨਵੇਂ ਮੁਲਾਜ਼ਮ ਨਾ ਰੱਖ ਲਏ ਜਾਣ। ਇਸ ਡਰ ਕਾਰਨ ਉਹ ਕਿਸੇ ਕਿਸਮ ਦਾ ਵਿਰੋਧ ਕਰਨ ਤੋਂ ਗੁਰੇਜ਼ ਕਰ ਰਹੇ ਹਨ ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ : ਜਦੋਂ ਇਸ ਵਿਸ਼ੇ 'ਤੇ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਬੰਧਿਤ ਮਹਿਕਮੇ ਤੋਂ ਜਵਾਬ ਤਲਬ ਕਰਨਗੇ।
ਗਾਂਧੀ ਜਯੰਤੀ 'ਤੇ ਹਿੰਸਾ ਦੇ ਵਿਰੋਧ ਵਿਚ ਡਾਕਟਰਾਂ ਦਾ ਵਰਤ
NEXT STORY