ਮੋਹਾਲੀ (ਜੱਸੀ) : ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਜੇਲ੍ਹ ਭੇਜੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ’ਚ ਇਕ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਅਰਜ਼ੀ 'ਚ ਕਿਹਾ ਗਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਆਮ ਹਵਾਲਾਤੀਆਂ ਦੇ ਨਾਲ ਨਾ ਰੱਖਿਆ ਜਾਵੇ। ਉਨ੍ਹਾਂ ਦੀ ਬੈਰਕ ਨੂੰ ਬਦਲਿਆ ਜਾਵੇ, ਕਿਉਂਕਿ ਇਕ ਪਾਸੇ ਸਰਕਾਰ ਉਨ੍ਹਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਮ ਹਵਾਲਾਤੀਆਂ ਨਾਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਜਿਸ ਬੈਰਕ ’ਚ ਰੱਖਿਆ ਗਿਆ ਹੈ, ਉਸ ਜਗਾ ’ਤੇ ਕੈਮਰੇ ਵੀ ਲੱਗੇ ਹੋਏ ਹਨ।
ਮਜੀਠੀਆ ਦੇ ਵਕੀਲਾਂ ਵਲੋਂ ਇਕ ਹੋਰ ਅਰਜ਼ੀ ਦਾਇਰ ਕਰਕੇ ਵਿਜੀਲੈਂਸ ਕੋਲੋਂ ਬਿਕਰਮ ਸਿੰਘ ਮਜੀਠੀਆ ਦੀ ‘ਗਰਾਊਂਡ ਆਫ ਅਰੈਸਟ’ ਕਾਪੀ ਮੰਗੀ ਗਈ ਹੈ। ਵਕੀਲਾਂ ਵਲੋਂ ਉਕਤ ਅਰਜ਼ੀ ਦੇ ਨਾਲ ਜੇਲ੍ਹ ਮੈਨੂਅਲ ਬਾਰੇ ਵੀ ਕਾਪੀ ਨੱਥੀ ਕੀਤੀ ਗਈ ਹੈ। ਅਦਾਲਤ ਵੱਲੋਂ ਇਸ ਅਰਜ਼ੀ ’ਤੇ ਵਿਜੀਲੈਂਸ ਨੂੰ 14 ਜੁਲਾਈ (ਸੋਮਵਾਰ) ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕਿ ਵਿਜੀਲੈਂਸ ਸੋਮਵਾਰ ਨੂੰ ਅਦਾਲਤ ’ਚ ਇਸ ਅਰਜ਼ੀ ’ਤੇ ਕੀ ਜਵਾਬ ਦਾਖ਼ਲ ਕਰੇਗੀ। ਉਧਰ ਵਿਜੀਲੈਂਸ ਵੱਲੋਂ ਸਰਚ ਵਾਰੰਟਾਂ ਬਾਰੇ ਅਦਾਲਤ ’ਚ ਦੱਸਿਆ ਗਿਆ ਹੈ ਕਿ ਸੈਨਿਕ ਭਵਨ ਦਿੱਲੀ ਦੀ ਸਰਚ ਪੂਰੀ ਹੋ ਗਈ ਹੈ, ਜਿਸ ਸਬੰਧੀ ਅਦਾਲਤ ’ਚ ਇਕ ਪੈੱਨ ਡਰਾਈਵ ਵੀ ਪੇਸ਼ ਕੀਤੀ ਗਈ ਹੈ, ਜਦੋਂ ਕਿ ਸਰਾਇਆ ਕੰਪਨੀ ਦੇ ਦਿੱਲੀ ਵਾਲੇ ਸਰਚ ਵਾਰੰਟ ’ਤੇ ਹਾਲੇ ਜਾਂਚ ਪੂਰੀ ਨਹੀਂ ਹੋਈ ਦੱਸੀ ਜਾ ਰਹੀ ਹੈ।
ਉੱਧਰ ਬਿਕਰਮ ਸਿੰਘ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ 19 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਹੈ ਅਤੇ ਇਸ ਗੱਲ ’ਤੇ ਵੀ ਸਭ ਦੀ ਨਜ਼ਰ ਰਹੇਗੀ ਕਿ 19 ਜੁਲਾਈ ਤੋਂ ਪਹਿਲਾਂ ਵਿਜੀਲੈਂਸ ਮਜੀਠੀਆ ਦਾ ਮੁੜ ਰਿਮਾਂਡ ਲੈਂਦੀ ਹੈ ਜਾਂ ਨਹੀਂ, ਕਿਉਂਕਿ ਸਰਕਾਰ ਵਲੋਂ ਪੇਸ਼ ਹੋਏ ਸਪੈਸ਼ਲ ਪ੍ਰਾਸੀਕਿਊਟਰ ਵਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਕੋਲ ਹੋਰ 3 ਦਿਨ ਦਾ ਰਿਮਾਂਡ ਲੈਣ ਦਾ ਕਾਨੂੰਨੀ ਹੱਕ ਹੈ, ਜੇਕਰ ਜਾਂਚ ਏਜੰਸੀ ਕੋਈ ਹੋਰ ਸਬੂਤ ਸਾਹਮਣੇ ਲੈ ਕੇ ਆਉਂਦੀ ਹੈ।
ਫਿਲੌਰ 'ਚ ਚੱਲ ਗਿਆ 'ਪੀਲਾ ਪੰਜਾ', ਨਸ਼ਾ ਸਮੱਗਲਰ ਦਾ ਢਾਹ ਦਿੱਤਾ ਘਰ
NEXT STORY