ਡਾਕਟਰ ਅਰਵਿੰਦਰ ਸਿੰਘ ਨਾਗਪਾਲ
ਮੈਂ ਕਈ ਵਾਰ ਸੋਚਦਾ ਹਾਂ ਜੋ ਇਹੋ ਜਿਹੀ ਕਿਸੇ ਮਸ਼ੀਨ ਦੀ ਖੋਜ ਹੋ ਜਾਵੇ ਜੋ ਇਨਸਾਨ ਦੇ ਮਨ ਨੂੰ ਪੜ੍ਹ ਸਕੇ ਤਾਂ ਕੀ ਹੋਵੇ ? ਕੋਈ ਸਾਡੇ ਬਾਰੇ ਕੀ ਸੋਚਦਾ ਹੈ ਇਹ ਜਾਣ ਕੇ ਅਸੀਂ ਹੈਰਾਨ ਹੋਵਾਂਗੇ ਕਿ ਖੁਸ਼ ? ਜਿਹੜੀ ਬੇਇੱਜ਼ਤੀ, ਈਰਖਾ, ਦਵੇਸ਼ ਆਦਿ ਦਾ ਸਾਨੂੰ ਸਾਹਮਣਾ ਕਰਨਾ ਪਵੇਗਾ, ਉਹ ਕਿੰਨਾ ਮੁਸ਼ਕਲ ਅਤੇ ਤਕਲੀਫਦੇਹ ਹੋਵੇਗਾ।
ਕਈ ਰਿਸ਼ਤੇ ਸੁਧਰ ਜਾਣਗੇ ਤੇ ਕਈ ਵਿਗੜ ਜਾਣਗੇ। ਜਦੋਂ ਅਣਜਾਣਿਆਂ ਸੱਚ ਸਾਹਮਣੇ ਆਵੇਗਾ ਤਾਂ ਕਈ ਦਿਲ ਟੁੱਟ ਜਾਣਗੇ ਕਈ ਜ਼ਿੰਦਗੀਆਂ ਤਬਾਹ ਹੋ ਜਾਣਗੀਆਂ। ਦੁਨੀਆਂ ਵਿਚ ਆਤਮਹੱਤਿਆ, ਕਤਲ ਤੇ ਅਜਿਹੇ ਹੋਰ ਜ਼ੁਰਮ ਵੱਧ ਜਾਣਗੇ ਤੇ ਤ੍ਰਾਹੀ ਤ੍ਰਾਹੀ ਮੱਚ ਜਾਵੇਗੀ। ਸ਼ਾਇਦ ਤੀਜੀ ਸੰਸਾਰ ਜੰਗ ਹੀ ਨਾ ਸ਼ੁਰੂ ਹੋ ਜਾਵੇ।
ਅਸੀਂ ਪਹੀਏ, ਅੱਗ ਤੇ ਹੁਣ ਕੰਪਿਊਟਰ ਨੂੰ ਸਭ ਤੋਂ ਵੱਡੀ ਇਨਸਾਨੀ ਖੋਜ ਮੰਨਦੇ ਹਾਂ ਹੁਣ ਜੇ ਅਜਿਹੀ ਮਨ ਪੜ੍ਹਨ ਵਾਲੀ ਮਸ਼ੀਨ ਦੀ ਖੋਜ ਹੁੰਦੀ ਹੈ ਤਾਂ ਕਿ ਇਹ ਸਭ ਤੋਂ ਵੱਡੀ ਖੋਜ ਹੋਵੇਗੀ। ਜਦੋਂ ਕੋਈ ਤੁਹਾਨੂੰ ਪਿਆਰ ਦਾ ਇਜ਼ਹਾਰ ਕਰ ਰਿਹਾ ਹੁੰਦਾ ਹੈ, ਜੇ ਉਸ ਵੇਲੇ ਤੁਹਾਨੂੰ ਉਸ ਦੇ ਸੱਚੇ ਵਿਚਾਰਾਂ ਦੀ ਜਾਣਕਾਰੀ ਹੋ ਜਾਵੇ। ਜੇ ਕੋਈ ਨੇਤਾ ਜੋ ਵੋਟ ਮੰਗਣ ਆਇਆ ਹੈ, ਉਸ ਦੀ ਸੋਚ ਤੁਹਾਡੇ ਸਾਹਮਣੇ ਆ ਜਾਵੇ, ਜੋ ਕੋਈ ਜੇ ਕੋਈ ਦੁਕਾਨਦਾਰ ਤੁਹਾਨੂੰ ਵਧਾ ਚੜ੍ਹਾ ਕੇ ਆਪਣੀ ਵਸਤੂ ਦੀਆਂ ਖੂਬੀਆਂ ਦੱਸ ਰਿਹਾ ਹੈ, ਦੀ ਅਸਲੀਅਤ ਬਾਰੇ ਤੁਹਾਨੂੰ ਜਾਣਕਾਰੀ ਹੋ ਜਾਵੇ ਤਾਂ ਸੋਚੋ ਕੀ ਹੋਵੇਗਾ?
ਕੀ ਇਸ ਮਸ਼ੀਨ ਦੀ ਮਦਦ ਨਾਲ ਅਸੀਂ ਹੋਣ ਵਾਲੇ ਜੁਰਮਾਂ, ਜੰਗਾਂ ਨੂੰ ਰੋਕ ਸਕਾਂਗੇ? ਪਰ ਕਿਧਰੇ ਉਲਟ ਇਹ ਨਾ ਹੋਵੇ ਕਿ ਸਰਕਾਰਾਂ ਆਪਣੇ ਵਿਰੁੱਧ ਸੋਚਣ ਵਾਲਿਆਂ ਨੂੰ ਹੀ ਜੇਲਾਂ ਅੰਦਰ ਡੱਕ ਦੇਣ ।
ਸਿਆਣਿਆਂ ਨੇ ਕਿਹਾ ‘‘ਸੱਚ ਛੁਪਿਆ ਰਹੇ ਤਾਂ ਚੰਗਾ ਹੁੰਦਾ ਹੈ’’, ਜੇ ਸਾਡਾ ਮਨ ਖੁੱਲ੍ਹੀ ਕਿਤਾਬ ਹੋ ਜਾਵੇ ਤਾਂ ਕੀ ਹੋਵੇ। ਇਸ ਦੀ ਉਦਾਹਰਨ ਅਸੀਂ ਗੋਵਿੰਦਾ ਦੀ ਫਿਲਮ ‘‘ਕਿਉਂਕਿ ਮੈਂ ਝੂਠ ਨਹੀਂ ਬੋਲਤਾ’’ ਵਿਚ ਦੇਖ ਚੁੱਕੇ ਹਾਂ। ਜਦੋਂ ਗੋਵਿੰਦਾ ਸੱਚ ਬੋਲਣ ਦੀ ਕਸਮ ਖਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਦੇ ਸਾਰੇ ਰਿਸ਼ਤੇ ਨਾਤੇ ਤਹਿਸ ਨਹਿਸ ਹੋ ਜਾਂਦੇ ਹਨ।
ਮੇਰੇ ਇਕ ਬਜ਼ੁਰਗ ਮਰੀਜ਼ ਨੂੰ ਘੱਟ ਸੁਣਾਈ ਦੇਣ ਦੀ ਬੀਮਾਰੀ ਹੋ ਗਈ। ਤਿੰਨ ਹਫ਼ਤੇ ਬਾਅਦ ਜਦੋਂ ਉਹ ਮੈਨੂੰ ਦਿਖਾਉਣ ਲਈ ਆਇਆ ਤਾਂ ਮੈਂ ਉਸ ਨੂੰ ਕਿਹਾ ‘‘ਖ਼ੁਸ਼ਖਬਰੀ ਹੈ। ਤੁਹਾਨੂੰ ਹੁਣ ਬਿਲਕੁੱਲ ਠੀਕ ਸੁਣਾਈ ਦੇਣ ਲੱਗ ਪਿਆ ਹੈ’’ ਉਸ ਨੇ ਕਿਹਾ ‘‘ਡਾਕਟਰ ਸਾਹਿਬ ਸੁਣਾਈ ਤਾਂ ਮੈਨੂੰ ਤੁਹਾਡੀ ਦਵਾਈ ਲੈਣ ਦੇ ਅਗਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ। ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਿਆ। ਉਹ ਮੇਰੇ ਸਾਹਮਣੇ ਬੇਝਿਜਕ ਹੋ ਕੇ ਗੱਲਾਂ ਕਰਦੇ ਰਹਿੰਦੇ ਸਨ ਅਤੇ ਮੈਂ ਚੁੱਪ-ਚਾਪ ਸੁਣਦਾ ਰਹਿੰਦਾ ਸੀ। ਮੈਨੂੰ ਪਤਾ ਲੱਗ ਗਿਆ ਹੈ ਕਿ ਉਹ ਮੇਰੇ ਬਾਰੇ ਕੀ ਸੋਚ ਰਹੇ ਹਨ। ਪਿਛਲੇ ਤਿੰਨ ਹਫਤੇ ਵਿਚ ਮੈਂ ਆਪਣੀ ਵਸੀਅਤ ਤਿੰਨ ਵਾਰ ਬਦਲ ਚੁੱਕਿਆ ਹਾਂ ਕਿਰਪਾ ਕਰਕੇ ਇਹ ਖੁਸ਼ਖਬਰੀ ਮੇਰੇ ਪਰਿਵਾਰ ਨੂੰ ਅਜੇ ਨਾ ਦੱਸੋ। ਮੈਂ ਇਸ ਦਾ ਕੁਝ ਦੇਰ ਹੋਰ ਸੁਆਦ ਲੈਣਾ ਚਾਹੁੰਦਾ ਹਾਂ’’।
ਸੋਚੋ ਜੇ ਇਕ ਅਫ਼ਸਰ ਆਪਣੇ ਕਰਮਚਾਰੀਆਂ ਦੇ ਮਨ ਪੜ੍ਹ ਸਕੇ ਤਾਂ ਸ਼ਾਇਦ ਸਭ ਨੂੰ ਨੌਕਰੀ ਤੋਂ ਹੀ ਕੱਢ ਦੇਵੇ। ਇਸੇ ਤਰ੍ਹਾਂ ਪਤੀ-ਪਤਨੀ, ਪ੍ਰੇਮੀ-ਪ੍ਰੇਮਿਕਾ, ਅਧਿਆਪਕ, ਵਿਦਿਆਰਥੀ, ਮਾਪੇ, ਬੱਚੇ, ਇਹ ਸਾਰੇ ਰਿਸ਼ਤਿਆਂ ਵਿਚ ਵਿਘਨ ਪੈ ਜਾਏਗਾ।
ਅਸਲ ਵਿਚ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਬੇਆਇਨਾ ਹੋ ਜਾਏਗੀ। ਆਪਣੇ ਮਨ ਦੇ ਵਿਚਾਰਾਂ ਨੂੰ ਬਾਹਰ ਲਿਆਉਣ ਲਈ ਕਲਾਕਾਰ, ਲੇਖਕ ਜੋ ਰਚਨਾਵਾਂ ਰਚਦੇ ਹਨ, ਉਨ੍ਹਾਂ ਸਾਰੀਆਂ ਤੋਂ ਅਸੀਂ ਵਾਂਝੇ ਹੋ ਜਾਵਾਂਗੇ।
ਹੁਣ ਵੀ ਜਦੋਂ ਪ੍ਰੇਮੀ-ਪ੍ਰੇਮਿਕਾ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਦਾ ਹੈ ਤਾਂ ਸ਼ਾਇਦ ਉਸ ਦੇ ਮਨ ਦੇ ਸਾਰੇ ਵਿਚਾਰ ਪੜ੍ਹ ਹੀ ਲੈਂਦਾ ਹੈ। ਇਸ ਲਈ ਮਨ ਦੇ ਵਿਚਾਰ ਜਾਣਨ ਲਈ ਸਾਨੂੰ ਕਿਸੇ ਮਸ਼ੀਨ ਦੀ ਨਹੀਂ ਸਗੋਂ ਆਪਣੇ ਮਨ ਦੇ ਦਰਵਾਜ਼ੇ ਖੋਲ੍ਹਣ ਦੀ ਲੋੜ ਹੈ।
ਪਰ ਅੰਤ ਵਿਚ ਇਹੀ ਸੱਚਾਈ ਹੈ, ਜੋ ਸਿਆਣੇ ਕਹਿ ਗਏ ਹਨ ‘‘ਸੱਚ ਛੁਪਾਇਆ ਹੋਇਆ ਹੀ ਬਿਸਤਰ ਹੈ’’।
ਵਾਰਤਕ ਦਾ ਓਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ
NEXT STORY