ਨਵਾਂਸ਼ਹਿਰ (ਤ੍ਰਿਪਾਠੀ)- ਸਥਾਨਕ ਆਈ. ਟੀ. ਆਈ. ਗਰਾਊਂਡ ਵਿਖੇ 79ਵੇਂ ਆਜ਼ਾਦੀ ਦਿਹਾੜੇ ਦੇ ਮਨਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੌਮੀ ਝੰਡਾ ਲਹਿਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਮਹਾਨ ਆਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਸੁਫ਼ਨਿਆਂ ਦਾ ਪੰਜਾਬ ਸਿਰਜਨ ਲਈ ਵੱਡੇ ਪੱਧਰ ‘ਤੇ ਇਤਿਹਾਸਕ ਉਪਰਾਲੇ ਕਰ ਰਹੀ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਹੁਸ਼ਿਆਰਪੁਰ 'ਚ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ, ਕੀਤੇ ਵੱਡੇ ਐਲਾਨ
ਡਾ. ਬਲਜੀਤ ਕੌਰ ਨੇ ਕੌਮੀ ਝੰਡਾ ਲਹਿਰਾਇਆ, ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਦੇਣ ਲਈ ਕ੍ਰਾਂਤੀਕਾਰੀ ਫ਼ੈਸਲੇ ਲਾਗੂ ਕੀਤੇ ਹਨ, ਜਿਨ੍ਹਾਂ ਲੋਕਾਂ ਨੂੰ ਬੇਹੱਦ ਲਾਭ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਂਗਨਵਾੜੀ ਸੈਂਟਰਾਂ ਨੂੰ ਮਜ਼ਬੂਤ ਕਰਨ ਲਈ 5000 ਵਰਕਰਾਂ ਅਤੇ ਹੈਲਪਰਾਂ ਦੀਆਂ ਖ਼ਾਲੀ ਅਸਾਮੀਆਂ ਨੂੰ ਭਰਨ ਜਾ ਰਹੀ ਹੈ ਜਿਸ ਦੀ ਪ੍ਰਕਿਰਿਆ ਸਤੰਬਰ ਮਹੀਨੇ ਵਿੱਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 1000 ਆਂਗਨਵਾੜੀ ਸੈਂਟਰਾਂ ਦੀਆਂ ਨਵੀਆਂ ਇਮਾਰਤਾਂ ਬਣ ਰਹੀਆਂ ਹਨ, ਜਿਸ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਅਤੇ ਇਨ੍ਹਾਂ 1000 ਇਮਾਰਤਾਂ ਵਿੱਚੋਂ 300 ਸੈਂਟਰਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ।

ਖੇਡਾਂ ਦੇ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਗੱਲ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਵਿੱਤੀ ਸਾਲ 2025-26 ਵਿੱਚ ਕੁੱਲ੍ਹ 3073 ਮਾਡਲ ਪਲੇਅ-ਗਰਾਊਂਡ ਵਿਕਸਤ ਕੀਤੇ ਜਾਣਗੇ ਜਿਸ ਨਾਲ ਸੂਬੇ ਵਿੱਚ ਖੇਡ ਸੱਭਿਆਚਾਰ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 405 ਹੋਰ ਨਵੇਂ ਵੈਟਰਨਰੀ ਅਫ਼ਸਰਾਂ ਦੀਆਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ, ਜੋਕਿ ਜਲਦ ਭਰਤੀ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ 5 ਜ਼ਿਲ੍ਹਿਆਂ ਵਿੱਚ ਹਾਈਵੇਅ ’ਤੇ ਫੁੱਲਾਂ ਵਾਲੇ ਬੂਟੇ ਲਗਾਉਣ ਸਬੰਧੀ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਮੁੱਢਲੇ ਗੇੜ ਵਿੱਚ ਸ੍ਰੀ ਆਨੰਦਪੁਰ ਸਾਹਿਬ, ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਆਲੇ-ਦੁਆਲੇ ਦੇ ਖੇਤਰ ਵਿੱਚ, ਸੰਗਰੂਰ, ਪਠਾਨਕੋਟ ਅਤੇ ਅੰਮ੍ਰਿਤਸਰ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਬੋਲੇ ਮੰਤਰੀ ਤਰੁਣਪ੍ਰੀਤ ਸੌਂਦ, ਸਿੱਖਿਆ 'ਚ ਕੇਰਲਾ ਨੂੰ ਛੱਡ ਪਹਿਲੇ ਸਥਾਨ 'ਤੇ ਰਿਹਾ ਪੰਜਾਬ
ਪੰਜਾਬ ਸਰਕਾਰ ਵੱਲੋਂ 'ਜੀਵਨਜੋਤ ਪ੍ਰੋਜੈਕਟ' ਰਾਹੀਂ ਸੜਕਾਂ ‘ਤੇ ਭੀਖ ਮੰਗਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਬਾਰੇ ਉਨ੍ਹਾਂ ਕਿਹਾ ਕਿ ਉੱਚ ਮਿਆਰੀ ਸਿੱਖਿਆ ਦੇਣ ਅਤੇ ਬਾਲ ਤਸਕਰੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਇਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 600 ਤੋਂ ਵੱਧ ਬੱਚਿਆਂ ਨੂੰ ਭੀਖ ਮੰਗਣ ਤੋਂ ਹਟਾਕੇ ਮਾਪਿਆਂ ਦੇ ਸਪੁਰਦ ਕੀਤਾ ਜਾ ਚੁੱਕਾ ਹੈ ਅਤੇ ਬਹੁਤੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾ ਕੇ ਵਜੀਫਾ ਸਕੀਮ ਦਾ ਲਾਭ ਦਿੱਤਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ 196 ਪਿੰਡਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰਕੇ ਚਲਾਈਆਂ ਜਾ ਰਹੀਆਂ ਹਨ ਅਤੇ 135 ਹੋਰ ਲਾਇਬ੍ਰੇਰੀਆਂ ਦਾ ਕਾਰਜ ਜਾਰੀ ਹੈ।

ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਦਾ ਵਿਸਥਾਰ, ਮੁਫਤ ਬਿਜਲੀ, ਈਜ਼ੀ ਰਜਿਸਟਰੀ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ ਤੇ ਟੋਭਿਆ ਦੀ ਸਫਾਈ, ਟੇਲਾਂ ਤੱਕ ਪਾਣੀ ਪੁੱਜਦਾ ਕਰਨਾ, ਯੁੱਧ ਨਸ਼ਿਆਂ ਵਿਰੁੱਧ, ਪੇਂਡੂ ਖੇਡ ਮੈਦਾਨਾਂ ਦੀ ਉਸਾਰੀ ਤੋਂ ਇਲਾਵਾ ਪੰਜਾਬੀਆਂ ਨੂੰ 10 ਲੱਖ ਦਾ ਸਿਹਤ ਬੀਮਾ ਅਜਿਹੇ ਫੈਸਲੇ ਹਨ ਜਿਸ ਨਾਲ ਪੰਜਾਬ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖਣ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਬਾਅਦ ਪੰਜਾਬ ਪਹਿਲੀ ਵਾਰ ਸਿੱਖਿਆ ‘ਚ ਪਹਿਲੇ ਨੰਬਰ ਉੱਤੇ ਆਇਆ ਹੈ। ਦੇਸ਼ ਭਰ ਵਿੱਚ ਆਪਣੀ ਤਰ੍ਹਾਂ ਦੀ ਵਿਸ਼ੇਸ਼ ‘ਸੜਕ ਸੁਰੱਖਿਆ ਫੋਰਸ’ ਕਾਇਮ ਕਰਨ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਨਾਲ ਸੜਕੀ ਹਾਦਸਿਆਂ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ। ਆਗਾਮੀ ਝੋਨੇ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਨੇ ਕਿਹਾ ਕਿ 15 ਸਤੰਬਰ ਤੱਕ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਦੇ ਸਾਰਥਕ ਯਤਨਾਂ ਸਦਕਾ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 51 ਕਰੋੜ 70 ਲੱਖ ਰੁਪਏ ਲਾਗਤ ਨਾਲ ਬਣਨ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ ਬਾਰੇ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਆਉਂਦੇ 9 ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ ਜੋ ਦੇਸ਼ ਦੇ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਦੇ ਨਾਲ-ਨਾਲ ਨਵੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ ਹੋਈਆਂ ਬੰਦ! ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ
ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਵਿਧਾਇਕ ਸੰਤੋਸ਼ ਕਟਾਰੀਆ, ਵਿਧਾਇਕ ਨਛੱਤਰ ਪਾਲ, ਨਵਾਂਸ਼ਹਿਰ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਜਲ ਸਰੋਤ ਮੈਨੇਜਮੈਂਟ ਅਤੇ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਕੁਲਜੀਤ ਸਰਹਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਜਲਾਲਪੁਰ, ਹਲਕਾ ਬੰਗਾ ਦੇ ਕੋਆਡੀਨੇਟਰ ਹਰਜੋਤ ਕੌਰ ਲੋਟੀਆ, ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਅਗਨੀਹੋਤਰੀ, ਆਈ.ਜੀ. ਐਸ. ਭੂਪਥੀ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਭਾਰੀ ਗਿਣਤੀ ਵਿੱਚ ਵਿਦਿਆਰਥੀ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਦੁਕਾਨ 'ਤੇ ਬੈਠੇ ਵਿਅਕਤੀ ਨੂੰ ਗੋਲ਼ੀਆਂ ਨਾਲ ਭੁੰਨਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਲਹਿਰਾਇਆ ਕੌਮੀ ਝੰਡਾ
NEXT STORY