ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਉਸ ਸਮੇਂ ਇਕ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਭਾਰੀ ਮਾਤਰਾ 'ਚ ਅਣ-ਅਧਿਕਾਰਤ ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਮੈਡੀਕਲ ਦਵਾਈਆਂ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਵਿਚ ਪੁਲਸ ਨੇ ਇਕ ਦੋਸ਼ੀ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸਦਾ ਦੂਜਾ ਸਾਥੀ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਅਗਵਾਈ ਵਿਚ ਪੁਲਸ ਪਾਰਟੀ ਜ਼ੀਰਾ ਰੋਡ ’ਤੇ ਗਸ਼ਤ ਕਰ ਰਹੀ ਸੀ।
ਇਸ ਦੌਰਾਨ ਇਕ ਖ਼ਾਸ ਮੁਖਬਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਕਨਾਲ ਕਪੂਰ ਪੁੱਤਰ ਰਮਨ ਕਪੂਰ ਵਾਸੀ ਮੁਹੱਲਾ ਬਾਵਿਆ ਵਾਲਾ ਅਤੇ ਰਜਿਤ ਪੁੱਤਰ ਓਮ ਪ੍ਰਕਾਸ਼ ਵਾਸੀ ਨਿਊ ਨਾਨਕਪੁਰਾ, ਕੰਬੋਜ਼ ਨਗਰ ਦੋ ਵਿਅਕਤੀ ਮਿਲ ਕੇ ਨਸ਼ੀਲੀਆਂ ਦਵਾਈਆਂ ਦਾ ਗੈਰ-ਕਾਨੂੰਨੀ ਧੰਦਾ ਕਰ ਰਹੇ ਹਨ। ਕਨਾਲ ਕਪੂਰ ਨੇ ਆਪਣੇ ਰਿਹਾਇਸ਼ੀ ਮਕਾਨ 'ਚ ਸਥਿਤ ਇਕ ਬੰਦ ਪਈ ਦੁਕਾਨ 'ਚ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਅਤੇ ਹੋਰ ਮੈਡੀਕਲ ਦਵਾਈਆਂ ਰੱਖੀਆਂ ਹੋਈਆਂ ਸੀ। ਮੁਖਬਰ ਨੇ ਇਹ ਵੀ ਦੱਸਿਆ ਕਿ ਜੇਕਰ ਤੁਰੰਤ ਛਾਪੇਮਾਰੀ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਜਾ ਸਕਦਾ ਹੈ। ਪੁਲਸ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਸ ਨੇ ਰਜਿਤ ਨੂੰ ਮੌਕੇ ਤੋਂ ਕਾਬੂ ਕਰ ਲਿਆ, ਪਰ ਕਨਾਲ ਕਪੂਰ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਸ ਨੇ ਦੱਸਿਆ ਕਿ ਦੋਸ਼ੀਅਨ ਦੀ ਦੁਕਾਨ ’ਚੋਂ 2 ਲੱਖ 80 ਹਜ਼ਾਰ 630 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਈਆਂ। ਪੁਲਸ ਨੇ ਦੱਸਿਆ ਕਿ ਕਨਾਲ ਕਪੂਰ ’ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ 2-3 ਅਪਰਾਧਿਕ ਮੁਕੱਦਮੇ ਦਰਜ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ 'ਚ ਇਸ ਤਰ੍ਹਾਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਸਟੋਰ ਕਰਨਾ ਨਾ ਸਿਰਫ਼ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਹੈ, ਸਗੋਂ ਇਹ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਰਜਿਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਨਸ਼ੀਲੀਆਂ ਗੋਲੀਆਂ ਕਿੱਥੋਂ ਲਿਆਂਦੀਆਂ ਗਈਆਂ ਸਨ ਅਤੇ ਅੱਗੇ ਕਿਨ੍ਹਾਂ ਲੋਕਾਂ ਨੂੰ ਸਪਲਾਈ ਕੀਤੀਆਂ ਜਾਣੀਆਂ ਸਨ। ਫ਼ਰਾਰ ਦੋਸ਼ੀ ਕਨਾਲ ਕਪੂਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਦੇ ਦੋਸ਼ ’ਚ ਕਮਿਊਨਿਟੀ ਸੈਂਟਰ ਖ਼ਿਲਾਫ਼ ਕਾਰਵਾਈ, 6 ਲੱਖ ਦਾ ਜੁਰਮਾਨਾ ਠੋਕਿਆ
NEXT STORY