ਮਾਹਿਲਪੁਰ, (ਮੁੱਗੋਵਾਲ, ਜਸਵੀਰ)- ਬੀਤੇ ਸਮੇਂ ਦੌਰਾਨ ਨਗਰ ਪੰਚਾਇਤ ਮਾਹਿਲਪੁਰ ਦੀਆਂ ਹੋਈਆਂ ਚੋਣਾਂ ਦੌਰਾਨ ਕਾਂਗਰਸ ਦੇ 13 'ਚੋਂ 8 ਕੌਂਸਲਰ ਹੋਣ ਦੇ ਬਾਵਜੂਦ ਕਾਂਗਰਸ ਦੀ ਅੰਦਰੂਨੀ ਧੜੇਬਾਜ਼ੀ ਕਾਰਨ ਇਕ ਧੜੇ ਨੂੰ ਹੇਠਾਂ ਲਗਾਉਣ ਲਈ ਕਾਂਗਰਸ ਤੇ ਅਕਾਲੀ-ਭਾਜਪਾ ਦਾ ਮੌਕਾ ਪ੍ਰਸਤ ਗਠਜੋੜ ਹੋ ਗਿਆ, ਜਿਸ 'ਚ ਵਾਰਡ ਨੰਬਰ 12 ਤੋਂ ਕਾਂਗਰਸ ਪਾਰਟੀ ਦੀ ਰਣਜੀਤ ਕੌਰ ਪ੍ਰਧਾਨ ਤੇ ਵਾਰਡ ਨੰਬਰ 10 ਤੋਂ ਚੁਣੋ ਗਏ ਅਕਾਲੀ ਦਲ ਦੇ ਕੌਂਸਲਰ ਜਗਦੀਪ ਸਿੰਘ ਉਪ ਪ੍ਰਧਾਨ ਚੁਣੇ ਗਏ। ਨਵੀਂ ਚੁਣੀ ਗਈ ਪ੍ਰਧਾਨ ਰਣਜੀਤ ਕੌਰ ਦੇ ਘਰ ਕਾਂਗਰਸ ਤੇ ਅਕਾਲੀ-ਭਾਜਪਾ ਦੇ ਹੋਏ ਇਕੱਠ ਦੌਰਾਨ ਗੱਲਬਾਤ ਕਰਦਿਆਂ ਰਣਜੀਤ ਕੌਰ ਨੇ ਕਿਹਾ ਕਿ ਕਾਂਗਰਸ ਦੀ ਟਿਕਟ ਨਾਲ ਚੋਣ ਜਿੱਤੇ ਵਰਿੰਦਰ ਕੌਰ, ਸ਼ਸ਼ੀ ਬੰਗੜ, ਜੋਗਿੰਦਰ ਪਾਲ ਸਮੇਤ ਅਕਾਲੀ ਦਲ ਤੋਂ ਜਿੱਤੇ ਕੌਂਸਲਰ ਜਸਵੰਤ ਸਿੰਘ ਸੀਹਰਾ, ਜਗਦੀਪ ਸਿੰਘ, ਬਲਦੇਵ ਸਿੰਘ ਤੇ ਆਜ਼ਾਦ ਉਮੀਦਵਾਰ ਕੁਲਦੀਪ ਕੌਰ (ਜੋ ਭਾਜਪਾ ਨਾਲ ਜੁੜੋ ਹੋਏ ਹਨ) ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ। ਇਸ ਮੌਕੇ 'ਤੇ ਲਵਕੁਮਾਰ ਗੋਲਡੀ ਵਿਧਾਇਕ ਨੇ ਕਿਹਾ ਕਿ ਨਗਰ ਪੰਚਾਇਤ ਦੇ ਪ੍ਰਧਾਨ ਤੇ ਉਪ ਪ੍ਰਧਾਨ ਚੁਣੇ ਜਾਣ ਨਾਲ ਮਾਹਿਲਪੁਰ ਦੇ ਵਿਕਾਸ ਕਾਰਜ ਹੋਣੇ ਸ਼ੁਰੂ ਹੋ ਗਏ ਹਨ।
ਇਸ ਦੌਰਾਨ ਨਿਰਧਾਰਿਤ ਰਣਨੀਤੀ ਦੇ ਤਹਿਤ ਹਰਾਏ ਗਏ ਨਿਮਿਸ਼ਾ ਮਹਿਤਾ ਦੇ ਧੜੇ ਦੀ ਵਾਰਡ ਨੰਬਰ 6 ਤੋਂ ਜਿੱਤੀ ਹੋਈ ਕੌਂਸਲਰ ਰੀਟਾ ਰਾਣੀ ਵੀ ਨਵੀਂ ਚੁਣੀ ਗਈ ਪ੍ਰਧਾਨ ਰਣਜੀਤ ਕੌਰ ਨੂੰ ਵਧਾਈ ਦੇਣ ਪਹੁੰਚ ਗਈ। 4 ਮਹੀਨੇ ਪਹਿਲਾਂ ਹੋਈ ਚੋਣ 'ਚ ਕਾਂਗਰਸ ਦੀ ਤਰਜ਼ਮਾਨ ਨਿਮਿਸ਼ਾ ਮਹਿਤਾ ਨੂੰ 4 ਟਿਕਟਾਂ ਦਿੱਤੀਆਂ ਗਈਆਂ ਸਨ ਤੇ ਉਨ੍ਹਾਂ ਦੇ ਚਾਰੇ ਉਮੀਦਵਾਰ ਸ਼ਾਨਦਾਰ ਤਰੀਕੇ ਨਾਲ ਜਿੱਤ ਗਏ ਤੇ ਉਨ੍ਹਾਂ ਨੇ ਹਲਕੇ 'ਚ ਆਪਣੀ ਜ਼ਮੀਨੀ ਪਕੜ ਸਾਬਿਤ ਕਰ ਦਿੱਤੀ, ਜਦਕਿ ਉਨ੍ਹਾਂ ਦੀ ਪਾਰਟੀ ਦੇ ਚਾਰ ਵਾਰ ਵਿਧਾਇਕ ਦੀ ਚੋਣ ਲੜ ਚੁੱਕੇ ਲਵਕੁਮਾਰ ਗੋਲਡੀ ਦੇ ਖਾਤੇ ਤੋਂ 9 ਉਮੀਦਵਾਰ ਮੈਦਾਨ 'ਚ ਉਤਰ ਗਏ, ਜਿਨ੍ਹਾਂ 'ਚੋਂ ਗੋਲਡੀ ਦੇ 4 ਉਮੀਦਵਾਰ ਜਿੱਤੇ ਤੇ ਉਨ੍ਹਾਂ ਦੀ ਸਫਲਤਾ ਦੀ ਫੀਸਦ 44 ਰਹੀ।
ਨਿਮਿਸ਼ਾ ਮਹਿਤਾ ਦੇ ਵੱਧ ਰਹੇ ਰਾਜਨੀਤਕ ਪ੍ਰਭਾਵ ਨੂੰ ਘੱਟ ਕਰਨ ਲਈ ਸਾਬਕਾ ਵਿਧਾਇਕ ਲਵਕੁਮਾਰ ਗੋਲਡੀ ਤੇ ਸੁਰਿੰਦਰ ਸਿੰਘ ਭੁੱਲੇਵਾਲ ਰਾਂਠਾ ਨੇ ਸਿਆਸੀ ਜੱਫੀ ਪਾ ਲਈ ਪਰ ਦੋਵਾਂ ਵਿਧਾਇਕਾਂ ਦੇ ਇਸ ਫੈਸਲੇ ਨਾਲ ਪੂਰੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਉਲਝਣ ਦਾ ਮਾਹੌਲ ਹੈ। ਜੋ ਕਾਂਗਰਸੀ ਵਰਕਰ 10 ਸਾਲ ਅਕਾਲੀ ਦਲ ਦੇ ਜ਼ੁਲਮ ਸਹਿੰਦੇ ਰਹੇ ਤੇ ਜੋ ਅਕਾਲੀ ਵਰਕਰ ਅੱਜ ਪਿੰਡ-ਪਿੰਡ ਬੈਠ ਕੇ ਕਾਂਗਰਸ ਦਾ ਮੁਕਾਬਲਾ ਕਰ ਰਹੇ ਹਨ, ਉਨ੍ਹਾਂ ਦੇ ਅੰਦਰ ਇਸ ਮੌਕਾ ਪ੍ਰਸਤ ਗਠਜੋੜ ਨਾਲ ਰੋਸ ਹੈ।
ਮਾਹਿਲਪੁਰ ਵਾਸੀਆਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਜ਼ਿਲਾ ਪ੍ਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਵੀ ਭਾਰਤ ਤੇ ਪਾਕਿਸਤਾਨ ਦੀ ਤਰ੍ਹਾਂ ਆਹਮੋ-ਸਾਹਮਣੇ ਰਹਿਣ ਵਾਲੀਆਂ ਪਾਰਟੀਆਂ ਵਿਚਾਲੇ ਰਾਜਨੀਤੀ ਦਾ ਫਿਕਸਿੰਗ ਮੈਚ ਖੇਡਿਆ ਜਾ ਸਕਦਾ ਹੈ।
ਸੜਕ 'ਤੇ ਉਤਰੇ ਕਿਸਾਨ ਤਾਂ ਹੋਇਆ ਮਿੱਲ ਚਾਲੂ ਕਰਨ ਦਾ ਫੈਸਲਾ
NEXT STORY