ਮਾਨਸਾ (ਸੰਦੀਪ ਮਿੱਤਲ)- ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਹੋਈ ਹੱਤਿਆ ਤੋਂ ਬਾਅਦ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ 15 ਦਿਨਾਂ ਤੋਂ ਬੰਦ ਪਿਆ ਸਿਰਸਾ-ਬਰਨਾਲਾ ਰੋਡ ’ਤੇ ਤਿਕੋਣੀ ਚੌਕ ਦਾ ਰਸਤਾ ਅੱਜ ਖੋਲ੍ਹ ਦਿੱਤਾ ਗਿਆ। ਐਕਸ਼ਨ ਕਮੇਟੀ ਅਤੇ ਵਪਾਰੀਆਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਰਸਤਾ ਖੁੱਲ੍ਹਣ ਨਾਲ ਵਾਹਨ ਚਾਲਕਾਂ ਅਤੇ ਬੱਸ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਹਾਲਾਂਕਿ, ਧਰਨਾਕਾਰੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਿਆ ਗਿਆ ਹੈ।
ਰਸਤਾ ਖੁੱਲ੍ਹਣ ਤੋਂ ਬਾਅਦ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਸ ਵੱਲੋਂ ਮੌਕੇ ’ਤੇ ਟਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਤਾਂ ਜੋ ਧਰਨੇ ਕਾਰਨ ਮੁੜ ਜਾਮ ਦੀ ਸਥਿਤੀ ਪੈਦਾ ਨਾ ਹੋਵੇ। ਟਰੈਫਿਕ ਪ੍ਰਬੰਧਾਂ ਅਨੁਸਾਰ ਮਾਨਸਾ ਬੱਸ ਸਟੈਂਡ ਤੋਂ ਸਿਰਸਾ, ਬਰਨਾਲਾ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ਵੱਲ ਜਾਣ ਵਾਲੀਆਂ ਬੱਸਾਂ ਹੁਣ ਸਿੱਧੀਆਂ ਤਿਕੋਣੀ ਚੌਕ ਰਾਹੀਂ ਲੰਘਣਗੀਆਂ। ਇਸ ਦੇ ਉਲਟ ਬਠਿੰਡਾ, ਬਰਨਾਲਾ ਅਤੇ ਚੰਡੀਗੜ੍ਹ ਤੋਂ ਮਾਨਸਾ ਬੱਸ ਸਟੈਂਡ ਆਉਣ ਵਾਲੀਆਂ ਬੱਸਾਂ ਮਾਨਸਾ ਕੈਂਚੀਆਂ ਤੋਂ ਐੱਚਐੱਸ ਰੋਡ ਰਾਹੀਂ ਮਾਨਸਾ ਖੁਰਦ ਦੇ ਰਸਤੇ ਸ਼ਹਿਰ ਵਿਚ ਦਾਖ਼ਲ ਹੋਣਗੀਆਂ। ਇਸੇ ਤਰ੍ਹਾਂ ਸਿਰਸਾ ਵੱਲ ਜਾਣ ਵਾਲੀ ਆਵਾਜਾਈ ਵੀ ਹੁਣ ਸਿੱਧੀ ਤਿਕੋਣੀ ਚੌਕ ਤੋਂ ਲੰਘ ਸਕੇਗੀ। ਪਹਿਲਾਂ ਰਸਤਾ ਬੰਦ ਹੋਣ ਕਾਰਨ ਵਾਹਨਾਂ ਨੂੰ ਭੈਣੀ ਬਾਘਾ, ਖੋਖਰ ਅਤੇ ਰਾਮਦਿੱਤੇ ਵਾਲਾ ਰਾਹੀਂ ਲੰਘਣਾ ਪੈਂਦਾ ਸੀ, ਜਿਸ ਕਾਰਨ ਲਗਭਗ ਪੰਜ ਤੋਂ ਛੇ ਕਿਲੋਮੀਟਰ ਵਾਧੂ ਸਫ਼ਰ ਕਰਨਾ ਪੈ ਰਿਹਾ ਸੀ।
ਰਸਤਾ ਖੁੱਲ੍ਹਣ ਨਾਲ ਲੋਕਾਂ ਦਾ ਸਮਾਂ ਅਤੇ ਪੈਟਰੋਲ-ਡੀਜ਼ਲ ਦੋਵਾਂ ਦੀ ਬੱਚਤ ਹੋਵੇਗੀ। ਕੇਸ ਰੱਦ ਕਰਨ ਦੀ ਗੱਲ, ਪਰ ਪੇਸ਼ੀਆਂ ਤੋਂ ਰਾਹਤ ਨਹੀਂ ਦੂਜੇ ਪਾਸੇ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਦਰਜ ਮਾਮਲੇ ਦੀ ਅੱਜ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਪੇਸ਼ੀ 26 ਨਵੰਬਰ ਤੈਅ ਕੀਤੀ ਹੈ। ਪੇਸ਼ੀ ਤੋਂ ਬਾਅਦ ਭੀਮ ਸਿੰਘ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਪਰਵਿੰਦਰ ਸਿੰਘ ਝੋਟਾ ਅਤੇ ਉਸ ਦੇ ਸਾਥੀਆਂ ਵਿਰੁੱਧ ਦਰਜ ਕੇਸ ਰੱਦ ਕਰਨ ਦੀ ਗੱਲ ਕਰ ਰਹੀ ਹੈ, ਪਰ ਦੂਜੇ ਪਾਸੇ ਉਨ੍ਹਾਂ ਨੂੰ ਪੁਰਾਣੇ ਮਾਮਲਿਆਂ ਕਾਰਨ ਅਦਾਲਤਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ 15ਵੇਂ ਦਿਨ ਵੀ ਜਾਰੀ ਰਹਿਣ ਕਾਰਨ ਮਾਮਲਾ ਅਜੇ ਸੁਲਝਿਆ ਨਹੀਂ ਹੈ। ਇੱਕ ਪਾਸੇ ਤਿਕੋਣੀ ਚੌਕ ਦਾ ਰਸਤਾ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ, ਜਦਕਿ ਦੂਜੇ ਪਾਸੇ ਇਨਸਾਫ਼ ਕਮੇਟੀ ਅਤੇ ਪਰਿਵਾਰ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ।
ਮੋਗਾ ਦੋਹਰਾ ਕਤਲ ਕਾਂਡ : ਪਰਿਵਾਰਾਂ ਵੱਲੋਂ ਭਾਰੀ ਵਿਰੋਧ
NEXT STORY