ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ): ਸ਼ਹਿਰ ਵਿੱਚ ਔਰਤਾਂ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟਣ ਵਾਲੇ ਬਾਈਕ ਸਵਾਰ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਘਟਨਾ ਸ਼ਹਿਰ ਦੇ ਭੀੜ-ਭੜੱਕੇ ਵਾਲੇ ਗਾਡੀ ਆਹਤਾ ਚੌਕ ਨੇੜੇ ਵਾਪਰੀ, ਜਿੱਥੇ ਖਰੀਦਦਾਰੀ ਕਰਨ ਆਈ ਇਕ ਔਰਤ ਦੇ ਕੰਨ ਵਿਚੋਂ ਦੋ ਅਣਪਛਾਤੇ ਬਾਈਕ ਸਵਾਰ ਨੌਜਵਾਨ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇੜਲੀਆਂ ਦੁਕਾਨਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਏ ਹਨ। ਥਾਣਾ ਡਵੀਜ਼ਨ ਨੰਬਰ-1 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨੂਰਪੁਰ ਖਾਨੀ ਪਿੰਡ ਦੀ ਰਹਿਣ ਵਾਲੀ ਊਸ਼ਾ ਦੇਵੀ ਆਪਣੀ ਧੀ ਅਤੇ ਨੂੰਹ ਨਾਲ ਖਰੀਦਦਾਰੀ ਕਰਨ ਲਈ ਪਠਾਨਕੋਟ ਸ਼ਹਿਰ ਆਈ ਹੋਈ ਸੀ। ਜਦੋਂ ਉਹ ਗਾਡੀ ਆਹਤਾ ਚੌਕ ਨੇੜੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਅਚਾਨਕ ਉਸ ਦੇ ਨੇੜੇ ਆਏ ਅਤੇ ਉਸ ਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਝਪਟ ਕੇ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫਰਾਰ ਹੋ ਗਏ। ਔਰਤ ਵੱਲੋਂ ਰੌਲਾ ਪਾਉਣ ਅਤੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਹੱਥ ਨਹੀਂ ਆ ਸਕੇ।
ਘਟਨਾ ਤੋਂ ਬਾਅਦ ਸਾਹਮਣੇ ਆਈ ਸੀ.ਸੀ.ਟੀ.ਵੀ. ਫੁਟੇਜ ਵਿਚ ਦੋ ਸ਼ੱਕੀ ਨੌਜਵਾਨ ਸਕੂਟਰ 'ਤੇ ਸਵਾਰ ਹੋ ਕੇ ਜਾਂਦੇ ਦਿਖਾਈ ਦੇ ਰਹੇ ਹਨ। ਦੋਵਾਂ ਨੇ ਆਪਣੀ ਪਛਾਣ ਲੁਕਾਉਣ ਲਈ ਹੈਲਮੇਟ ਅਤੇ ਜੈਕਟਾਂ ਪਹਿਨੀਆਂ ਹੋਈਆਂ ਸਨ। ਫੁਟੇਜ ਵਿੱਚ ਉਨ੍ਹਾਂ ਦੇ ਚਿਹਰੇ ਸਪੱਸ਼ਟ ਦਿਖਾਈ ਨਹੀਂ ਦੇ ਰਹੇ ਅਤੇ ਨਾ ਹੀ ਸਕੂਟਰ ਦਾ ਨੰਬਰ ਪੜ੍ਹਿਆ ਜਾ ਰਿਹਾ ਹੈ। ਪੀੜਤਾ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਲੁੱਟੀ ਗਈ ਸੋਨੇ ਦੀ ਵਾਲੀ ਬਰਾਮਦ ਕਰਵਾਈ ਜਾਵੇ।
ਮੋਟਰਸਾਈਕਲ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ
NEXT STORY