ਫਾਜ਼ਿਲਕਾ (ਸੁਨੀਲ ਨਾਗਪਾਲ): ਕਹਿੰਦੇ ਹਨ ਕਿ ਧੀਆਂ ਘਰ ਦੀ ਲੱਛਮੀ ਹੁੰਦੀਆਂ ਹਨ। ਫਾਜ਼ਿਲਕਾ ਦੇ ਪਿੰਡ ਜੱਟਵਾਲੀ ਰਾਮ ਨਗਰ ਦੀ ਇਕ 5 ਸਾਲਾ ਬੱਚੀ ਨੇ ਆਪਣੇ ਪਿਓ ਨੂੰ ਮਾਲੋਮਾਲ ਕਰ ਦਿੱਤਾ। ਬੱਚੀ ਦੁਆਰਾ ਚੁਣੀ ਗਈ ਲਾਟਰੀ ਟਿਕਟ 'ਤੇ ਉਸ ਦੇ ਪਿਓ ਦਾ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਢੋਲ ਵਜਾ ਕੇ ਖੁਸ਼ੀ ਮਨਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਪਿੰਡ ਜੱਟਵਾਲੀ ਰਾਮ ਨਗਰ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਏ.ਸੀ. ਮੈਕੇਨਿਕ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਮਹੀਨੇ ਉਨ੍ਹਾਂ ਦੇ ਤਾਏ ਦੀ ਧੀ ਦਾ ਵਿਆਹ ਹੈ, ਜਿਸ ਲਈ ਉਹ ਕੱਪੜਿਆਂ ਦੀ ਖਰੀਦਦਾਰੀ ਕਰਨ ਫਾਜ਼ਿਲਕਾ ਆਏ ਸਨ। ਇਸ ਦੌਰਾਨ ਬਾਜ਼ਾਰ ਵਿਚ ਸਥਿਤ ਗੁੰਬਰ ਲਾਟਰੀ ਏਜੰਸੀ ਤੋਂ ਉਨ੍ਹਾਂ ਨੇ ਆਪਣੀ 5 ਸਾਲਾ ਧੀ ਪ੍ਰਭਨੂਰ ਕੌਰ ਦੇ ਕਹਿਣ 'ਤੇ ਲਾਟਰੀ ਦੀ ਟਿਕਟ ਖਰੀਦੀ। ਧੀ ਦੁਆਰਾ ਚੁੱਕੀ ਗਈ ਟਿਕਟ 'ਤੇ ਕਿਸਮਤ ਨੇ ਸਾਥ ਦਿੱਤਾ ਅਤੇ 3 ਲੱਖ ਰੁਪਏ ਦਾ ਇਨਾਮ ਨਿਕਲ ਆਇਆ।
ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਤੋਂ ਉਨ੍ਹਾਂ ਦੇ ਘਰ ਪ੍ਰਭਨੂਰ ਅਤੇ ਸਰਗੁਣ ਦੋ ਧੀਆਂ ਨੇ ਜਨਮ ਲਿਆ ਹੈ, ਉਦੋਂ ਤੋਂ ਉਨ੍ਹਾਂ ਦੇ ਕੰਮ ਵਿਚ ਲਗਾਤਾਰ ਬਰਕਤ ਹੋਈ ਹੈ ਅਤੇ ਉਹ ਆਪਣੀਆਂ ਧੀਆਂ ਨੂੰ ਆਪਣੇ ਲਈ ਬਹੁਤ ਲੱਕੀ ਮੰਨਦੇ ਹਨ। ਉਨ੍ਹਾਂ ਦੱਸਿਆ ਕਿ ਇਨਾਮ ਵਿਚ ਮਿਲੀ ਰਾਸ਼ੀ ਨਾਲ ਉਹ ਆਪਣੀਆਂ ਧੀਆਂ ਲਈ ਸੋਨੇ ਦੇ ਹਾਰ ਖਰੀਦਣਗੇ।
ਗੁੰਬਰ ਲਾਟਰੀ ਏਜੰਸੀ ਦੇ ਸੰਚਾਲਕ ਅਨਮੋਲ ਗੁੰਬਰ ਨੇ ਦੱਸਿਆ ਕਿ 210 ਰੁਪਏ ਦੀ ਟਿਕਟ ਨੰਬਰ 42291 'ਤੇ ਤਿੰਨ ਲੱਖ ਦਾ ਇਨਾਮ ਆਇਆ ਹੈ। ਇਸ ਖੁਸ਼ੀ ਦੇ ਮੌਕੇ 'ਤੇ ਦੋਵਾਂ ਬੱਚੀਆਂ ਨੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਜਸ਼ਨ ਮਨਾਇਆ, ਅਤੇ ਏਜੰਸੀ ਸੰਚਾਲਕ ਨੇ ਵੀ ਬੱਚੀਆਂ ਉੱਤੇ 500-500 ਰੁਪਏ ਦੇ ਨੋਟ ਵਾਰ ਕੇ ਆਪਣੀ ਖੁਸ਼ੀ ਪ੍ਰਗਟਾਈ।
ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
NEXT STORY