ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਸਾਈਬਰ ਠੱਗੀ ਦੀਆਂ ਕਈ ਘਟਨਾਵਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ ਪਰ ਸਾਈਬਰ ਠੱਗ ਇੰਨੇ ਸ਼ਾਤਿਰ ਹੋ ਚੁੱਕੇ ਹਨ ਕਿ ਇਨ੍ਹਾਂ ਦੀਆਂ ਠੱਗੀਆਂ ਦੇ ਜਾਣਕਾਰ ਅਤੇ ਪੜ੍ਹੇ-ਲਿਖੇ ਸਮਝਦਾਰ ਵਿਅਕਤੀ ਵੀ ਇਨ੍ਹਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪੜ੍ਹੇ-ਲਿਖੇ ਵਿਅਕਤੀ ਨੇ ਠੱਗਾਂ ਦੇ ਝਾਂਸੇ ਵਿੱਚ ਆ ਕੇ 1 ਲੱਖ 15 ਹਜ਼ਾਰ ਰੁਪਏ ਗੁਆ ਲਏ। ਹਾਲਾਂਕਿ, ਗਨੀਮਤ ਇਹ ਰਹੀ ਕਿ ਠੱਗੀ ਦੀ ਜਾਣਕਾਰੀ ਹੋਣ 'ਤੇ ਉਸ ਨੇ ਤੁਰੰਤ ਬੈਂਕ ਦੇ ਟੋਲ ਫ੍ਰੀ ਨੰਬਰ 'ਤੇ ਸ਼ਿਕਾਇਤ ਕਰ ਦਿੱਤੀ ਅਤੇ ਉਸ ਦੇ 95 ਹਜ਼ਾਰ ਰੁਪਏ ਤਾਂ ਵਾਪਸ ਆ ਗਏ ਪਰ ਫਿਰ ਵੀ ਠੱਗਾਂ ਵੱਲੋਂ ਉਸ ਨਾਲ 20 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਗਈ। ਇਹ ਵਿਅਕਤੀ ਠੱਗਾਂ ਦਾ ਸ਼ਿਕਾਰ ਇਸ ਲਈ ਬਣਿਆ ਕਿਉਂਕਿ ਠੱਗਾਂ ਵੱਲੋਂ ਠੱਗੀ ਦਾ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ। ਠੱਗਾਂ ਵੱਲੋਂ ਨਾਮੀ ਕੰਪਨੀਆਂ ਦੀਆਂ ਵੈੱਬਸਾਈਟਾਂ ਬਣਾ ਕੇ ਆਪਣੇ ਨੰਬਰ ਦੇ ਦਿੱਤੇ ਗਏ ਹਨ, ਜਦੋਂ ਜ਼ਰੂਰਤ ਪੈਣ 'ਤੇ ਇਨ੍ਹਾਂ ਨੰਬਰਾਂ 'ਤੇ ਕੋਈ ਵਿਅਕਤੀ ਸੰਪਰਕ ਕਰਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਹੀ ਨਹੀਂ ਹੁੰਦਾ ਕਿ ਉਹ ਸਾਈਬਰ ਠੱਗਾਂ ਦੇ ਜਾਲ ਵਿੱਚ ਫਸ ਰਿਹਾ ਹੈ।
ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਵੱਡੀ ਮੁੰਦਰੀ, ਵਜ਼ਨ 64 ਕਿਲੋ, ਕੀਮਤ 52 ਕਰੋੜ, ਜਾਣੋ ਹੋਰ ਖਾਸੀਅਤਾਂ
ਠੱਗੀ ਦੇ ਨਵੇਂ ਮਾਮਲੇ ਦਾ ਸ਼ਿਕਾਰ ਹੋਏ ਗੁਰਦਾਸਪੁਰ ਸ਼ਹਿਰ ਦੇ ਸਤਿੰਦਰਪਾਲ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੀ ਦੇ ਕੋਰੀਅਰ ਰਾਹੀਂ ਵਿਦੇਸ਼ ਜਾਣ ਨਾਲ ਸਬੰਧਤ ਜ਼ਰੂਰੀ ਕਾਗਜ਼ ਆਉਣੇ ਸਨ। ਸਬੰਧਤ ਵਿਭਾਗ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਕ ਹਫਤੇ ਦੇ ਵਿੱਚ-ਵਿੱਚ ਇਹ ਕਾਗਜ਼ ਅੰਮ੍ਰਿਤਸਰ ਦੀ ਇਕ ਨਾਮੀ ਕੋਰੀਅਰ ਕੰਪਨੀ ਰਾਹੀਂ ਆਉਣਗੇ। ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਜਦੋਂ ਕਾਗਜ਼ ਨਾ ਆਏ ਤਾਂ ਉਨ੍ਹਾਂ ਇਸ ਕੋਰੀਅਰ ਕੰਪਨੀ ਦੀ ਵੈੱਬਸਾਈਟ ਤੋਂ ਗੂਗਲ ਰਾਹੀਂ ਸਰਚ ਕਰਕੇ ਅੰਮ੍ਰਿਤਸਰ ਬ੍ਰਾਂਚ ਨਾਲ ਸਬੰਧਤ ਵਿਅਕਤੀ ਦਾ ਨੰਬਰ ਲਿਆ ਅਤੇ ਫੋਨ ਕੀਤਾ ਤਾਂ ਸੁਣਨ ਵਾਲੇ ਨੇ ਉਨ੍ਹਾਂ ਨੂੰ ਇਕ ਹੋਰ ਨੰਬਰ ਦੇ ਦਿੱਤਾ ਤੇ ਕਿਹਾ ਕਿ ਇਹ ਵਿਅਕਤੀ ਉਨ੍ਹਾਂ ਨੂੰ ਕੋਰੀਅਰ ਪਹੁੰਚਾਏਗਾ।
ਇਹ ਵੀ ਪੜ੍ਹੋ : ਔਰਤ ਨੇ ਵਿਖਾਇਆ ਅਜਿਹਾ ਹੈਰਾਨੀਜਨਕ ਕਾਰਨਾਮਾ, ਇਕੋ ਸਮੇਂ ਬਣ ਗਏ 2 ਵਰਲਡ ਰਿਕਾਰਡ
ਬੇਦੀ ਅਨੁਸਾਰ ਜਦੋਂ ਉਸ ਨੇ ਉਸ ਨੰਬਰ 'ਤੇ ਫੋਨ ਕੀਤਾ ਤਾਂ ਉਸ ਨੂੰ ਭਰੋਸਾ ਦਿਵਾਇਆ ਗਿਆ ਕਿ ਸ਼ਾਮ ਤੱਕ ਉਸ ਨੂੰ ਕੋਰੀਅਰ ਮਿਲ ਜਾਵੇਗਾ। ਇਸ ਦੇ ਨਾਲ ਹੀ ਉਸ ਨੂੰ ਇਕ ਕੋਡ ਨੰਬਰ ਦਿੱਤਾ ਗਿਆ ਅਤੇ ਫੋਨ ਤੋਂ ਇਹ ਕੋਡ ਡਾਇਲ ਕਰਨ ਲਈ ਕਿਹਾ ਗਿਆ। ਸ਼ਾਇਦ ਇਹ ਨੰਬਰ ਡਾਇਲ ਕਰਦਿਆਂ ਹੀ ਉਸ ਦਾ ਫੋਨ ਹੈਕ ਕਰ ਲਿਆ ਗਿਆ ਸੀ। ਫੋਨ ਕੱਟਦਿਆਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਦੇ ਨੰਬਰ ਨਾਲ ਅਟੈਚਡ ਉਹ ਦੇ 2 ਵੱਖ-ਵੱਖ ਬੈਂਕ ਖਾਤਿਆਂ 'ਚੋਂ 95 ਹਜ਼ਾਰ ਅਤੇ 19 ਹਜ਼ਾਰ 999 ਰੁਪਏ ਯਾਨੀ ਕੁਲ 1 ਲੱਖ 15 ਹਜ਼ਾਰ ਰੁਪਏ ਕੱਢਵਾ ਲਏ ਗਏ ਹਨ। ਠੱਗੀ ਦੀ ਜਾਣਕਾਰੀ ਹੁੰਦਿਆਂ ਹੀ ਉਸ ਨੇ ਤੁਰੰਤ ਬੈਂਕ ਦੇ ਟੋਲ ਫ੍ਰੀ ਨੰਬਰ 'ਤੇ ਸ਼ਿਕਾਇਤ ਕੀਤੀ ਅਤੇ ਬੈਂਕ ਨਾਲ ਸੰਪਰਕ ਕਰਕੇ ਖਾਤੇ ਬੰਦ ਕਰਵਾਏ। ਬੈਂਕ ਦੀ ਤੁਰੰਤ ਕਾਰਵਾਈ ਕਾਰਨ ਉਨ੍ਹਾਂ ਦੇ 95 ਹਜ਼ਾਰ ਰੁਪਏ ਤਾਂ ਵਾਪਸ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਹੋ ਗਏ ਪਰ 19 ਹਜ਼ਾਰ 999 ਰੁਪਏ ਦੀ ਠੱਗੀ ਕਰਨ ਵਿੱਚ ਕਾਮਯਾਬ ਰਹੇ ਸਨ। ਉਨ੍ਹਾਂ ਇਸ ਦੀ ਸ਼ਿਕਾਇਤ ਪੁਲਸ ਦੇ ਸਾਈਬਰ ਸੈੱਲ 'ਚ ਕਰ ਦਿੱਤੀ ਹੈ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਇਹ ਪੈਸੇ ਵੀ ਵਾਪਸ ਆ ਜਾਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸੇ ਵੇਲੇ ਵੀ ਹੋ ਸਕਦੀਆਂ ਨੇ ਨਗਰ ਨਿਗਮ ਚੋਣਾਂ, ਸਰਕਾਰ ਨੇ ਚੋਣ ਕਮਿਸ਼ਨ ਨੂੰ ਭੇਜੀ ਰਿਪੋਰਟ
NEXT STORY