ਜਲਾਲਾਬਾਦ/ਗੁਰੂਹਰਸਹਾਏ, (ਨਿਖੰਜ, ਸੇਤੀਆ, ਭੀਮ)- ਪਿੰਡ ਪੀਰੇ ਕੇ ਉਤਾੜ ਵਿਖੇ 10 ਸਤੰਬਰ ਨੂੰ ਪਿੰਡ ਦੇ ਇਕ ਵਿਅਕਤੀ 'ਤੇ ਆਪਣੇ ਨਿੱਜੀ ਮੁਨਾਫੇ ਲਈ ਸਰਕਾਰੀ ਗਲੀ 'ਚ ਲੱਗੇ ਬਿਜਲੀ ਦੇ ਖੰਭੇ ਨੂੰ ਲੋਹੇ ਦੇ ਕਟਰ ਨਾਲ ਕੱਟਣ ਦੇ ਪਿੰਡ ਦੇ ਕੁਝ ਲੋਕਾਂ ਨੇ ਦੋਸ਼ ਲਾਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬਿਜਲੀ ਵਾਲੇ ਖੰਭੇ ਰਾਹੀਂ 18 ਮੀਟਰਧਾਰਕਾਂ ਦੇ ਘਰਾਂ ਨੂੰ ਘਰੇਲੂ 24 ਘੰਟੇ ਬਿਜਲੀ ਸਪਲਾਈ ਵਿਭਾਗ ਵੱਲੋਂ ਦਿੱਤੀ ਗਈ ਹੈ ਪਰ ਮੀਟਰਧਾਰਕਾਂ ਵੱਲੋਂ ਇਹ ਸਾਰਾ ਮਾਮਲਾ ਸਬੰਧਿਤ ਵਿਭਾਗ ਦੇ ਐੱਸ. ਡੀ. ਓ. ਅਤੇ ਏਰੀਆ ਦੇ ਜੇ. ਈ. ਦੇ ਧਿਆਨ 'ਚ ਲਿਆਉਣ ਤੋਂ ਬਾਅਦ ਵੀ ਉਕਤ ਵਿਅਕਤੀ ਖਿਲਾਫ ਵਿਭਾਗ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਤੇ ਇਹ ਸਾਰਾ ਮਾਮਲਾ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਹੈ, ਜਿਸ ਦੇ ਰੋਸ 'ਚ ਅੱਜ ਪਿੰਡ ਪੀਰੇ ਕੇ ਉਤਾੜ ਦੇ ਮੀਟਰਧਾਰਕਾਂ ਨੇ ਇਕੱਠੇ ਹੋ ਕੇ ਸਬੰਧਿਤ ਵਿਭਾਗ ਪਾਵਰਕਾਮ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਖੰਭਾ ਕੱਟਣ ਕਾਰਨ ਇਹ ਬਿਜਲੀ ਦੀਆਂ ਤਾਰਾਂ ਗਲੀ 'ਚ ਡਿੱਗ ਪਈਆਂ ਹਨ।
ਜ਼ਿਕਰਯੋਗ ਹੈ ਕਿ ਇਸ ਗਲੀ ਰਾਹੀਂ ਸਾਰਾ ਦਿਨ ਪਿੰਡ ਦੇ ਲੋਕਾਂ ਦੀ ਆਵਾਜਾਈ ਹੁੰਦੀ ਰਹਿੰਦੀ ਹੈ ਅਤੇ ਕਿਸੇ ਸਮੇਂ ਵੀ ਇਨ੍ਹਾਂ ਤਾਰਾਂ ਦੇ ਕਾਰਨ ਕਿਸੇ ਮਾਸੂਮ ਬੱਚੇ ਅਤੇ ਆਮ ਵਿਅਕਤੀ ਨੂੰ ਕਰੰਟ ਲੱਗਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਦੇ ਮੀਟਰਧਾਰਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਸਾਡੇ ਖਿਲਾਫ ਝੂਠੀਆਂ ਦਰਖਾਸਤਾਂ ਦੇ ਕੇ ਸਾਨੂੰ ਧਮਕੀਆਂ ਦੇ ਰਿਹਾ ਹੈ। ਪਿੰਡ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਸ਼ਿਕਾਇਤਾਂ 'ਚ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਐੱਸ. ਡੀ. ਓ. ਦਾ
ਇਸ ਸਬੰਧੀ ਜਦੋਂ ਸਬੰਧਿਤ ਐੱਸ. ਡੀ. ਓ. ਫੁੰਮਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ 'ਚ ਹੈ ਅਤੇ ਜਲਦੀ ਹੀ ਇਸਦਾ ਹੱਲ ਹੋ ਜਾਵੇਗਾ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਨੇ ਫੂਕਿਆ ਸਰਕਾਰ ਦਾ ਪੁਤਲਾ
NEXT STORY