ਅੰਮ੍ਰਿਤਸਰ (ਦੀਪਕ ਸ਼ਰਮਾ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾਈ ਜਾਹੋ-ਜਲਾਲ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ 29, 30 ਅਪ੍ਰੈਲ ਅਤੇ 1 ਮਈ ਨੂੰ ਸ਼ਤਾਬਦੀ ਸਮਾਗਮ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਬੀਬੀ ਜਗੀਰ ਕੌਰ ਨੇ ਪਿਛਲੇ ਦਿਨੀਂ ਸ਼ਤਾਬਦੀ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਦੇ ਮੁੱਖੀ ਹੋਣ ਦੇ ਨਾਤੇ ਕੁਝ ਸੁਝਾਅ ਦਿੱਤੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਜੀ ਨਾਲ ਸਬੰਧਤ ਅਸਥਾਨਾਂ ’ਤੇ ਯਾਦਗਾਰਾਂ ਸਥਾਪਤ ਕੀਤੀਆਂ ਜਾਣ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਦੀ ਆਜ਼ਾਦੀ, ਸੈਹੋਂਦ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸੀ। ਇਸ ਲਈ ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਕੋਈ ਢੁੱਕਵੀਂ ਯਾਦਗਾਰ ਉਸਾਰੀ ਜਾਵੇ, ਜੋ ਦੁਨੀਆ ’ਚ ਮਿਸਾਲ ਹੋਵੇ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਸੇਧ ਪ੍ਰਾਪਤ ਕਰ ਸਕਣ। ਉਨ੍ਹਾਂ ਭਾਰਤ ਸਰਕਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਯੂ. ਐੱਨ. ਓ. ਦੀ ਤਰਜ ’ਤੇ ਇਕ ਵਿਸ਼ਵ ਪੱਧਰੀ ਸ਼ਾਂਤੀ ਕੇਂਦਰ ਸਥਾਪਤ ਕਰਨ ਦਾ ਸੁਝਾਅ ਵੀ ਦਿੱਤਾ ਤਾਂ ਜੋ ਵਿਸ਼ਵ ਨੂੰ ਸਾਂਝੀਵਾਲਤਾ ਵੱਲ ਮੋੜਿਆ ਜਾ ਸਕੇ।
ਪ੍ਰਧਾਨ ਮੰਤਰੀ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਇਕ ਪਾਠ (ਚੈਪਟਰ) ਪੂਰੇ ਭਾਰਤ ਦੇ ਸਕੂਲ ਬੋਰਡ, ਖ਼ਾਸ ਤੌਰ ’ਤੇ ਐੱਨ. ਸੀ. ਈ. ਆਰ. ਟੀ. ’ਚ ਸ਼ਾਮਲ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਅਨੁਵਾਦ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਕਰਵਾਉਣ ਦੀ ਅਪੀਲ ਕੀਤੀ। ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਮਨੁੱਖੀ ਹੱਕਾਂ ਦਾ ਇਕ ਦਿਨ ਐਲਾਨਣ ਅਤੇ ਇਸ ਬਾਰੇ ਯੂ. ਐੱਨ. ਓ. ਨੂੰ ਵਿਸ਼ਵ ਪੱਧਰ ’ਤੇ ਮਾਨਤਾ ਲਈ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਤੇ ਲੋਕ ਨੁਮਾਇੰਦਿਆਂ ਤੱਕ ਗੱਲ ਪਹੁੰਚਾਉਣ ਲਈ ਯੂ.ਐੱਨ.ਓ. ਵਿਚ ਸਿੱਖ ਨੁਮਾਇੰਦਾ ਸ਼ਾਮਲ ਕਰਨ ਲਈ ਯਤਨ ਕੀਤੇ ਜਾਣ ਬਾਰੇ ਵੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਕੋਵਿਡ ਕਾਰਨ ਕਰਤਾਰਪੁਰ ਸਾਹਿਬ ਦਾ ਬੰਦ ਹੋਇਆ ਲਾਂਘਾ ਦੁਬਾਰਾ ਖੋਲ੍ਹਣ ਦੀ ਅਪੀਲ ਵੀ ਕੀਤੀ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਰਕਾਰ ਨੂੰ ਨੌਵੇਂ ਪਾਤਸ਼ਾਹ ਜੀ ਦੀ ਪ੍ਰਕਾਸ਼ ਸ਼ਤਾਬਦੀ ਸਬੰਧੀ ਸਿੱਕਾ, ਇਨਵੈਲਪ, ਡਾਕ ਟਿਕਟ ਜਾਰੀ ਕਰਨ ਲਈ ਕਿਹਾ ਗਿਆ ਸੀ, ਜਿਸ ਸਬੰਧੀ ਡਿਜ਼ਾਈਨ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਸਬੰਧੀ ਜਲਦ ਹੀ ਇਕ ਵਫਦ ਦੇ ਰੂਪ ਵਿਚ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ ਕੀਤੀ ਜਾਵੇਗੀ।
ਅਹਿਮ ਖ਼ਬਰ : ਪੰਜਾਬ 'ਚ 'ਕੋਰੋਨਾ ਟੈਸਟ' ਦੀ ਰਿਪੋਰਟ ਨੂੰ ਲੈ ਕੇ ਜਾਰੀ ਕੀਤੇ ਗਏ ਇਹ ਹੁਕਮ
NEXT STORY