ਰਾਮਪੁਰ, (ਇੰਟ.)-ਉੱਤਰ ਪ੍ਰਦੇਸ਼ ਦੇ ਰਾਮਪੁਰ ’ਚ ਵਿਆਹ ਸਮਾਗਮ ਦੌਰਾਨ ਬਕਾਇਆ ਭੁਗਤਾਨ ਨੂੰ ਲੈ ਕੇ ਹੋਟਲ ਪ੍ਰਬੰਧਕਾਂ ਅਤੇ ਲੜਕੀ ਧਿਰ ਵਿਚਾਲੇ ਵਿਵਾਦ ਹੋ ਗਿਆ। ਦੋਸ਼ ਹੈ ਕਿ ਵੀਰਵਾਰ ਸਵੇਰੇ ਲੱਗਭਗ 4 ਵਜੇ ਹੋਟਲ ਦੇ ਦੋਵਾਂ ਗੇਟਾਂ ’ਤੇ ਤਾਲਾ ਲਾ ਦਿੱਤਾ ਗਿਆ। ਇਸ ਨਾਲ ਲਾੜਾ-ਲਾੜੀ ਸਮੇਤ 25 ਤੋਂ 30 ਮਹਿਮਾਨ ਅੰਦਰ ਫਸ ਗਏ। ਪੁਲਸ ਦੇ ਦਖਲ ਤੋਂ ਬਾਅਦ 5 ਘੰਟੇ ਬਾਅਦ ਗੇਟ ਖੋਲ੍ਹੇ ਗਏ ਅਤੇ ਵਿਦਾਈ ਹੋ ਸਕੀ।
ਜਾਣਕਾਰੀ ਅਨੁਸਾਰ ਮਠਿਆਈ ਕਾਰੋਬਾਰੀ ਸੰਜੇ ਨਿਰੰਕਾਰੀ ਦੀ ਧੀ ਸੁਗੰਧੀ ਦਾ ਵਿਆਹ ਉੱਤਰਾਖੰਡ ਦੇ ਕੋਟਦਵਾਰ ਵਾਸੀ ਆਯੁਸ਼ ਨਾਲ ਹੋਇਆ। ਸਮਾਗਮ ਲਈ ਥ੍ਰੀ ਸਟਾਰ ਹੋਟਲ ਰਿਵਰ ਸਾਈਡ ਇਨ ਨੂੰ 14.50 ਲੱਖ ਰੁਪਏ ’ਚ ਬੁੱਕ ਕੀਤਾ ਗਿਆ ਸੀ। ਲੜਕੀ ਧਿਰ ਨੇ 8.50 ਲੱਖ ਰੁਪਏ ਐਡਵਾਂਸ ਦਿੱਤੇ ਸਨ। ਖਾਣੇ ਅਤੇ ਸਹੂਲਤਾਂ ’ਚ ਕਮੀ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੇ ਬਿੱਲ ’ਚ ਕਟੌਤੀ ਦੀ ਮੰਗ ਕੀਤੀ ਸੀ।
ਸਵੇਰੇ 9 ਵਜੇ ਸੂਚਨਾ ’ਤੇ ਸਿਵਲ ਲਾਈਨਜ਼ ਥਾਣੇ ਦੇ ਇੰਸਪੈਕਟਰ ਮਨੀਸ਼ ਪੁਲਸ ਟੀਮ ਨਾਲ ਪਹੁੰਚੇ। ਲੱਗਭਗ ਇਕ ਘੰਟੇ ਦੀ ਗੱਲਬਾਤ ਤੋਂ ਬਾਅਦ 50 ਹਜ਼ਾਰ ਰੁਪਏ ਦੀ ਛੋਟ ਦੇ ਕੇ 5.50 ਲੱਖ ਰੁਪਏ ਦਾ ਬਕਾਇਆ ਭੁਗਤਾਨ ਜਮ੍ਹਾ ਕਰਵਾਇਆ ਗਿਆ। ਇਸ ਤੋਂ ਬਾਅਦ ਹੋਟਲ ਦੇ ਗੇਟ ਖੋਲ੍ਹੇ ਗਏ। ਇਸ ਦੌਰਾਨ ਕੁਝ ਮਹਿਮਾਨਾਂ ਦੀ ਫਲਾਈਟ ਵੀ ਛੁੱਟ ਗਈ।
IRCTC ਘਪਲਾ : ਲਾਲੂ, ਰਾਬੜੀ ਤੇ ਤੇਜਸਵੀ ਨੂੰ ਝਟਕਾ! ਦਿੱਲੀ ਹਾਈ ਕੋਰਟ ਤੋਂ ਪਟੀਸ਼ਨ ਖਾਰਿਜ
NEXT STORY