ਮੋਹਾਲੀ (ਰਾਣਾ) : ਨਗਰ ਨਿਗਮ ਵੱਲੋਂ ਹੁਣ ਤੱਕ ਪ੍ਰਾਪਰਟੀ ਟੈਕਸ ਸਾਢੇ 17 ਕਰੋੜ ਭਰਿਆ ਜਾ ਚੁੱਕਾ ਹੈ। ਪੁਲਸ ਵਿਭਾਗ 'ਤੇ ਪਹਿਲਾਂ ਪ੍ਰਾਪਰਟੀ ਟੈਕਸ 50 ਲੱਖ ਸੀ ਜੋ ਸਮੇਂ ਸਿਰ ਨਾ ਭਰਨ ਕਾਰਨ ਹੁਣ 75 ਲੱਖ ਹੋ ਚੁੱਕਾ ਹੈ। ਅਜੇ ਉਨ੍ਹਾਂ ਵੱਲੋਂ ਪ੍ਰਾਪਰਟੀ ਟੈਕਸ ਭਰਨ ਸਬੰਧੀ ਕੋਈ ਵੀ ਵਿਚਾਰ ਨਹੀਂ ਕੀਤਾ ਜਾ ਰਿਹਾ। ਪੁਲਸ ਵਿਭਾਗ ਕੋਲ ਪ੍ਰਾਪਰਟੀ ਟੈਕਸ ਭਰਨ ਲਈ ਪੈਸੇ ਹੀ ਨਹੀਂ ਹਨ । ਨਿਗਮ ਵੱਲੋਂ ਉਨ੍ਹਾਂ ਨੂੰ 5 ਰਿਮਾਈਂਡਰ ਭੇਜੇ ਜਾ ਚੁੱਕੇ ਹਨ । ਨਿਗਮ ਨੇ 2 ਨਵੇਂ ਪਿੰਡ ਪ੍ਰਾਪਰਟੀ ਟੈਕਸ ਵਿਚ ਸ਼ਾਮਲ ਕੀਤੇ ਹਨ, ਉਨ੍ਹਾਂ ਨੇ ਵੀ 50 ਲੱਖ ਰੁਪਏ ਭਰ ਦਿੱਤੇ ਹਨ ।
ਨਿਗਮ ਦੀਆਂ ਕਾਫ਼ੀ ਯੋਜਨਾਵਾਂ ਪ੍ਰਾਪਰਟੀ ਟੈਕਸ ਨਾ ਭਰਨ ਕਾਰਨ ਰੁਕੀਆਂ
ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਵਿਚ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਤੇ ਇੰਡਸਟਰੀਅਲ ਤਿੰਨ ਤਰ੍ਹਾਂ ਦੀ ਪ੍ਰਾਪਰਟੀਜ਼ ਸ਼ਾਮਲ ਹੈ । ਨਗਰ ਨਿਗਮ ਨੇ ਅਜਿਹੇ ਲੋਕਾਂ ਨੂੰ ਆਖਰੀ ਵਾਰਨਿੰਗ ਨੋਟਿਸ ਭੇਜ ਦਿੱਤੇ ਹਨ । ਨਗਰ ਨਿਗਮ ਨੇ ਤੈਅ ਕੀਤਾ ਹੈ ਕਿ ਜੇਕਰ ਉਕਤ ਲੋਕਾਂ ਨੇ ਇਕ ਮਹੀਨੇ ਵਿਚ ਬਣਦੇ ਟੈਕਸ ਦਾ ਭੁਗਤਾਨ ਨਾ ਕੀਤਾ ਤਾਂ ਨਿਗਮ ਵੱਲੋਂ ਉਨ੍ਹਾਂ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਜਾਵੇਗੀ । ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ । ਨਾਲ ਹੀ ਪ੍ਰਾਪਰਟੀ ਦੀ ਨਿਲਾਮੀ ਕਰ ਕੇ ਪ੍ਰਾਪਰਟੀ ਟੈਕਸ ਵਸੂਲਿਆ ਜਾਵੇਗਾ । ਜੋ ਪ੍ਰਾਪਰਟੀ ਟੈਕਸ ਭਰਿਆ ਜਾਂਦਾ ਹੈ, ਉਸ ਨੂੰ ਲੈ ਕੇ ਹੀ ਨਿਗਮ ਆਪਣੇ ਪ੍ਰਾਜੈਕਟ ਦੀ ਤਿਆਰੀ ਕਰਦਾ ਹੈ। ਨਿਗਮ ਅਧੀਨ ਆਏ ਜ਼ਿਆਦਾਤਰ ਲੋਕ ਪ੍ਰਾਪਰਟੀ ਟੈਕਸ ਭਰਨ ਤੋਂ ਬਚ ਰਹੇ ਹਨ। ਇਸ ਨਾਲ ਨਿਗਮ ਨੂੰ ਨੁਕਸਾਨ ਹੋ ਰਿਹਾ ਹੈ । ਉਥੇ ਹੀ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਦੀ ਜਾਇਦਾਦ ਨੂੰ ਤਾਲੇ ਲੱਗੇ ਹੋਏ ਹਨ। ਇਸ ਨਾਲ ਨਿਗਮ ਦੇ ਕਾਫੀ ਪ੍ਰਾਜੈਕਟ ਵੀ ਰੁਕ ਗਏ ਹਨ ।
31 ਮਾਰਚ ਤੋਂ ਬਾਅਦ ਲੱਗੇਗਾ ਪੈਨਲਟੀ ਤੇ ਵਿਆਜ
ਨਿਗਮ ਵੱਲੋਂ ਪ੍ਰਾਪਰਟੀ ਟੈਕਸ ਭਰੇ ਜਾਣ ਸਬੰਧੀ ਕਾਫੀ ਸਖਤੀ ਕੀਤੀ ਜਾ ਚੁੱਕੀ ਹੈ ਪਰ ਅਜੇ ਵੀ ਸਾਢੇ 6 ਕਰੋੜ ਪ੍ਰਾਪਰਟੀ ਟੈਕਸ ਲੋਕ ਦੱਬ ਕੇ ਬੈਠੇ ਹਨ । ਨਿਗਮ ਨੇ ਪਹਿਲਾਂ ਜਨਵਰੀ ਤੱਕ ਪ੍ਰਾਪਰਟੀ ਟੈਕਸ ਭਰਨ ਲਈ ਕਿਹਾ ਸੀ ਪਰ ਜ਼ਿਆਦਾਤਰ ਲੋਕਾਂ ਨੇ ਪ੍ਰਾਪਰਟੀ ਟੈਕਸ ਨਹੀਂ ਭਰਿਆ। ਇਸ 'ਤੇ ਨਿਗਮ ਨੇ ਵੀ ਹੁਣ ਸਖਤੀ ਕਰ ਦਿੱਤੀ ਹੈ। ਹੁਣ ਪ੍ਰਾਪਰਟੀ ਟੈਕਸ ਭਰਨ ਲਈ 31 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ । ਜੇਕਰ ਇਸ ਵਿਚ ਕਿਸੇ ਨੇ ਪ੍ਰਾਪਰਟੀ ਟੈਕਸ ਨਾ ਭਰਿਆ ਤਾਂ ਉਸ ਨੂੰ 31 ਮਾਰਚ ਤੋਂ ਬਾਅਦ ਹੋਰ 20 ਫ਼ੀਸਦੀ ਪੈਨਲਟੀ ਤੇ 18 ਫ਼ੀਸਦੀ ਵਿਆਜ ਦੇ ਨਾਲ ਪੈਸੇ ਭਰਨੇ ਹੋਣਗੇ ।
4000 ਨੂੰ ਨੋਟਿਸ
ਨਿਗਮ ਵੱਲੋਂ 4000 ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਲਈ ਨੋਟਿਸ ਭੇਜ ਦਿੱਤੇ ਗਏ ਹਨ । ਇਨ੍ਹਾਂ ਵਿਚ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਰੈਜ਼ੀਡੈਂਸ਼ੀਅਲ-ਕਮ-ਕਮਰਸ਼ੀਅਲ ਤੇ ਐੱਸ. ਸੀ. ਐੱਫ. ਸ਼ਾਮਲ ਹਨ । ਇਨ੍ਹਾਂ ਵਿਚ ਜ਼ਿਆਦਾ ਨੋਟਿਸ ਰੈਜ਼ੀਡੈਂਸ਼ੀਅਲ ਨੂੰ ਭੇਜੇ ਗਏ ਹਨ। ਉਨ੍ਹਾਂ ਵਿਚ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ।
2018-19 ਦੇ ਬਜਟ ਵਿਚ ਰੱਖਾਂਗੇ ਪ੍ਰਾਪਰਟੀ ਟੈਕਸ ਦਾ ਮਤਾ
ਜਾਣਕਾਰੀ ਅਨੁਸਾਰ ਮੋਹਾਲੀ ਪੁਲਸ ਵਿਭਾਗ ਦਾ ਜੋ 75 ਲੱਖ ਦਾ ਪ੍ਰਾਪਰਟੀ ਟੈਕਸ ਬਾਕੀ ਹੈ, ਉਸ ਸਬੰਧੀ ਨਿਗਮ 5 ਰਿਮਾਈਂਡਰ ਭੇਜ ਚੁੱਕਾ ਹੈ। ਇਸ ਦਾ ਆਖਰੀ ਜਵਾਬ ਐੱਸ. ਐੱਸ. ਪੀ. ਮੋਹਾਲੀ ਵੱਲੋਂ ਆਇਆ ਹੈ । ਉਸ ਜਵਾਬ ਵਿਚ ਦੱਸਿਆ ਗਿਆ ਕਿ ਪੁਲਸ ਵਿਭਾਗ ਕੋਲ ਪ੍ਰਾਪਰਟੀ ਟੈਕਸ ਭਰਨ ਲਈ ਪੈਸੇ ਨਹੀਂ ਹਨ ਤੇ ਨਾ ਹੀ ਜੋ ਪੁਲਸ ਵਿਭਾਗ ਦਾ ਬਜਟ ਹੁੰਦਾ ਹੈ, ਉਸ ਵਿਚ ਵੀ ਅਜੇ ਤੱਕ ਪ੍ਰਾਪਰਟੀ ਟੈਕਸ ਭਰਨ ਦਾ ਕੋਈ ਮਤਾ ਹੈ। ਉਨ੍ਹਾਂ ਵੱਲੋਂ ਹੁਣ ਜੋ 2018-19 ਦਾ ਬਜਟ ਹੋਵੇਗਾ, ਉਸ ਵਿਚ ਪੁਲਸ ਵਿਭਾਗ ਦੇ ਪ੍ਰਾਪਰਟੀ ਟੈਕਸ ਭਰਨ ਸਬੰਧੀ ਮਤਾ ਸ਼ਾਮਲ ਹੋਵੇਗਾ। ਉਸ ਤੋਂ ਬਾਅਦ ਹੀ ਉਹ ਨਿਗਮ ਦੇ ਪ੍ਰਾਪਰਟੀ ਟੈਕਸ ਦੇ ਬਾਕੀ ਪੈਸੇ ਦੇਣਗੇ ।
ਨਿਜੀ ਹਸਪਤਾਲ 'ਚ ਗਰਭਵਤੀ ਮਹਿਲਾ ਸਮੇਤ ਬੱਚੇ ਦੀ ਮੌਤ
NEXT STORY