ਮਾਛੀਵਾੜਾ ਸਾਹਿਬ/ਲੁਧਿਆਣਾ (ਟੱਕਰ/ਰਾਜ): ਮਾਛੀਵਾੜਾ ਦੇ ਪਿੰਡ ਤੱਖਰਾਂ ਵਿਚ ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਮਾਮਲੇ ਵਿਚ ਪੁਲਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਏ. ਡੀ. ਸੀ.ਪੀ.-4 ਜਸ਼ਨਦੀਪ ਸਿੰਘ ਗਿੱਲ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਦੱਸਿਆ ਕਿ ਇਹ ਕੋਈ ਰੈਂਡਮ ਹਮਲਾ ਨਹੀਂ, ਸਗੋਂ ਪੁਰਾਣੀ ਖੁੰਦਕ ਤੇ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਜਾਮ ਸੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਪੂਰੀ ਸਾਜ਼ਿਸ਼ ਪਿੱਛੇ ਖੋਖਰਾ ਵਾਸੀ ਵਿਜੇ ਕੁਮਾਰ ਦਾ ਹੱਥ ਹੈ, ਜਿਸ ਨੇ ਪੰਚਾਇਤ ਦੀ ਜ਼ਮੀਨ ਨੂੰ ਲੈ ਕੇ ਹੋਈ ਕਾਰਵਾਈ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਵਿਚ ਕੇਵਲ 15 ਗਜ ਦੀ ਪੰਚਾਇਤੀ ਜਮੀਨ ਦੇ ਵਿਵਾਦ ਕਾਰਨ ਮੁਲਜ਼ਮ ਵਿਜੈ ਕੁਮਾਰ ਪਿੰਡ ਤੱਖਰਾਂ-ਖੋਖਰਾਂ ਦੀ ਪੰਚਾਇਤ ਅਤੇ ਮ੍ਰਿਤਕ ਪਰਮਿੰਦਰ ਤਿਵਾੜੀ ਨਾਲ ਰੰਜਿਸ਼ ਰੱਖਦਾ ਸੀ ਜਿਸ ਕਾਰਨ ਉਸਦਾ ਕਤਲ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤੱਖਰਾਂ-ਖੋਖਰਾਂ ਦੀ ਪੰਚਾਇਤ ਕਾਂਗਰਸ ਪੱਖੀ ਚੁਣੀ ਗਈ ਸੀ ਜਿਸ ਨੂੰ ਬਣਾਉਣ ਵਿਚ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਅਹਿਮ ਯੋਗਦਾਨ ਸੀ। ਪੰਚਾਇਤ ਚੁਣੇ ਜਾਣ ਤੋਂ ਬਾਅਦ ਤਿਵਾੜੀ, ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਵਿਜੈ ਕੁਮਾਰ ਕੋਲ ਜੋ ਪੰਚਾਇਤੀ ਜਗ੍ਹਾ ’ਤੇ ਜੋ ਨਾਜਾਇਜ ਕਬਜਾ ਕੀਤਾ ਸੀ ਉਸ ਤੋਂ ਕਰੀਬ 15 ਗਜ ਦਾ ਕਬਜਾ ਛੁਡਵਾਇਆ ਜਦਕਿ ਬਾਕੀ ’ਤੇ ਉਸਦਾ ਸਾਰਾ ਪਰਿਵਾਰ ਕਾਬਜ ਸੀ। ਇਸ ਸਬੰਧੀ ਮਾਮਲਾ ਮਾਛੀਵਾੜਾ ਥਾਣਾ ਵਿਖੇ ਪੁੱਜਾ ਜਿੱਥੇ ਮੁਲਜ਼ਮ ਵਿਜੈ ਕੁਮਾਰ, ਪਰਮਿੰਦਰ ਤਿਵਾੜੀ ਅਤੇ ਪੰਚਾਇਤ ਵਿਚਕਾਰ ਤਕਰਾਰਬਾਜੀ ਹੋਈ ਦੱਸੀ ਜਾ ਰਹੀ ਹੈ। ਪੰਚਾਇਤੀ ਕਬਜਾ ਹਟਾਉਣ ਤੋਂ ਬਾਅਦ ਮੁਲਜ਼ਮ ਵਿਜੈ ਕੁਮਾਰ ਨੇ ਇਸ ਸਬੰਧੀ ਅਦਾਲਤ ਵਿਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਸੀ ਪਰ ਉਹ ਪਰਮਿੰਦਰ ਤਿਵਾੜੀ ਤੇ ਪੰਚਾਇਤ ਨਾਲ ਰੰਜਿਸ਼ ਰੱਖ ਰਿਹਾ ਸੀ।
ਅੱਜ ਇਸ ਸਬੰਧੀ ਏ.ਡੀ.ਸੀ.ਪੀ. ਜਸ਼ਨਦੀਪ ਸਿੰਘ ਗਿੱਲ ਨੇ ਖੁਲਾਸਾ ਕੀਤਾ ਕਿ ਇਹ ਪੰਚਾਇਤੀ ਜਮੀਨ ਦਾ ਕਬਜਾ ਹਟਾਉਣ ਦੀ ਰੰਜਿਸ਼ ਕਾਰਨ ਹੀ ਵਿਜੈ ਕੁਮਾਰ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਕਤਲ ਕੀਤਾ। ਉਨ੍ਹਾਂ ਕਿਹਾ ਕਿ ਇਹ ਕਤਲ ਰੰਜਿਸ਼ ਕਾਰਨ ਹੋਇਆ ਜਦਕਿ ਇਸ ਪਿੱਛੇ ਕੋਈ ਹੋਰ ਵਜ੍ਹਾ ਨਹੀਂ ਹੈ। ਏ.ਡੀ.ਸੀ.ਪੀ. ਨੇ ਕਿਹਾ ਕਿ ਵਿਜੈ ਕੁਮਾਰ ਦੀ ਪਹਿਚਾਣ ਕਰਨ ਤੋਂ ਬਾਅਦ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੋਰ ਵੀ ਜੋ ਕਤਲ ਮਾਮਲੇ ਵਿਚ ਮੁਲਜ਼ਮ ਹੋਵੇਗਾ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਜਦੋਂ ਤੱਕ ਕਾਤਲ ਨਹੀਂ ਫੜ੍ਹੇ ਜਾਂਦੇ ਉਦੋਂ ਤੱਕ ਕਾਂਗਰਸੀ ਆਗੂ ਦਾ ਨਹੀਂ ਹੋਵੇਗਾ ਅੰਤਿਮ ਸਸਕਾਰ: ਰਾਜਾ ਗਿੱਲ
ਅੱਜ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਤੇ ਪਾਰਟੀ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਪੁਲਸ ਕਾਤਲਾਂ ਨੂੰ ਫੜ੍ਹ ਕੇ ਸਲਾਖ਼ਾਂ ਪਿੱਛੇ ਨਹੀਂ ਧੱਕਦੀ ਉਦੋਂ ਤੱਕ ਉਹ ਨਾ ਤਾਂ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣਗੇ ਅਤੇ ਨਾ ਹੀ ਅੰਤਿਮ ਸਸਕਾਰ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ, ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ ਜਿਸ ਕਾਰਨ ਅੱਜ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਸਵ. ਪਰਮਿੰਦਰ ਤਿਵਾੜੀ ਸਾਡੀ ਪਾਰਟੀ ਦਾ ਇੱਕ ਵਫ਼ਾਦਾਰ ਤੇ ਨਿਧੜਕ ਆਗੂ ਸੀ ਜਿਸ ਦੀ ਮੌਤ ਨਾਲ ਪਾਰਟੀ ਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸੋਗ ਵਜੋਂ ਮਾਲਵਾ ਚੌਂਕ ਦਾ ਬਜ਼ਾਰ ਰਿਹਾ ਬੰਦ
ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦੀ ਘਟਨਾ ਤੋਂ ਬਾਅਦ ਅੱਜ ਪਿੰਡ ਹਾੜੀਆਂ ਅਤੇ ਉੱਥੋਂ ਦੇ ਲੋਕਾਂ ਵਿਚ ਕਾਫ਼ੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਉਸ ਦੇ ਕਤਲ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਸੀ ਜਿਸ ਕਾਰਨ ਮਾਲਵਾ ਚੌਂਕ ਦੀਆਂ ਸੈਂਕੜੇ ਦੁਕਾਨਾਂ ਬੰਦ ਰਹੀਆਂ। ਦੂਸਰੇ ਪਾਸੇ ਲੋਕ ਮੰਗ ਕਰ ਰਹੇ ਸਨ ਕਿ ਇਸ ਕਤਲ ਦੀ ਨਿਰਪੱਖ ਜਾਂਚ ਕਰ ਕਾਤਲਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ।
ਪਰਿਵਾਰ ਨੂੰ ਅੱਜ ਸਵੇਰੇ ਪਰਮਿੰਦਰ ਤਿਵਾੜੀ ਦੀ ਮੌਤ ਦੀ ਸੂਚਨਾ ਦਿੱਤੀ ਗਈ
ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਫੋਰਟਿਸ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ ਪਰ ਉਸ ਦੀ ਪਤਨੀ ਤੇ ਬੱਚਿਆਂ ਨੂੰ ਉਸ ਦੀ ਮੌਤ ਬਾਰੇ ਸੂਚਨਾ ਨਹੀਂ ਦਿੱਤੀ ਗਈ। ਪਰਿਵਾਰ ਨੂੰ ਇਹ ਦੱਸਿਆ ਗਿਆ ਕਿ ਹਾਲਤ ਨਾਜ਼ੁਕ ਹੈ ਅਤੇ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ। ਅੱਜ ਸਵੇਰੇ ਜਦੋਂ ਪਤਨੀ ਤੇ ਬੱਚਿਆਂ ਨੂੰ ਪਤਾ ਲੱਗਾ ਕਿ ਪਰਮਿੰਦਰ ਤਿਵਾੜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕਾ ਹੈ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਤਨੀ ਕੁਸੁਮ ਤਿਵਾੜੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ ਸੀ ਅਤੇ ਸੂਚਨਾ ਮਿਲਦੇ ਹੀ ਉਨ੍ਹਾਂ ਦਾ ਭਰਾ ਦਵਿੰਦਰ ਤਿਵਾੜੀ ਕੈਨੇਡਾ ਤੋਂ ਭਾਰਤ ਲਈ ਰਵਾਨਾ ਹੋ ਚੁੱਕਾ ਹੈ। ਸਵ. ਪਰਮਿੰਦਰ ਤਿਵਾੜੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦੇ ਨਾਲ-ਨਾਲ ਵੱਡੇ ਕਾਰੋਬਾਰੀ ਵੀ ਸਨ। ਉਨ੍ਹਾਂ ਦੀ ਪਤਨੀ ਇਕ ਪ੍ਰਾਈਵੇਟ ਸਕੂਲ ਚਲਾ ਰਿਹਾ ਹੈ ਜਦਕਿ ਉਹ ਆਪ ਆੜ੍ਹਤ ਦੇ ਨਾਲ-ਨਾਲ ਪਿੰਡ ਹਾੜੀਆਂ ਵਿਖੇ ਪ੍ਰਵਾਸੀ ਮਜ਼ਦੂਰਾਂ ਲਈ ਕਿਰਾਏ ’ਤੇ ਕੁਆਰਟਰ ਵੀ ਬਣਾ ਕੇ ਦਿੱਤੇ ਹੋਏ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਐਲਾਨ ਨੇ ਮਚਾਈ ਹਲਚਲ, ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
NEXT STORY