ਜਲੰਧਰ(ਰਵਿੰਦਰ ਸ਼ਰਮਾ)-ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤੇ ਖੇਡ ਨਿਰਾਲੇ ਹਨ। ਇਕ ਪਾਸੇ ਸੂਬੇ ਦੇ ਸਰਕਾਰੀ ਹਸਪਤਾਲਾਂ ਅਤੇ ਪ੍ਰਾਇਮਰੀ ਸੈਂਟਰਾਂ 'ਚ 40 ਫੀਸਦੀ ਨਰਸਿੰਗ ਸਟਾਫ ਦੀ ਕਮੀ ਹੈ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਇਥੇ ਨਰਸਿੰਗ ਦੀ ਭਰਤੀ ਕਰਨ ਦੀ ਬਜਾਏ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਰਹੀ ਹੈ। ਅੰਤਰਰਾਸ਼ਟਰੀ ਰੋਜ਼ਗਾਰ ਮੇਲੇ ਦੇ ਨਾਂ 'ਤੇ ਪੰਜਾਬ ਸਰਕਾਰ ਨੇ 2000 ਦੇ ਕਰੀਬ ਨਰਸਿੰਗ ਸਟਾਫ ਨੂੰ ਅਰਬ ਦੇਸ਼ਾਂ ਵਿਚ ਭੇਜਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਅਰਬ ਦੇਸ਼ਾਂ ਵਿਚ ਭਾਰਤੀ ਔਰਤਾਂ ਦੀ ਇੱਜ਼ਤ ਪਹਿਲਾਂ ਹੀ ਖਤਰੇ ਵਿਚ ਹੈ ਅਤੇ ਹਰ ਸਾਲ ਹਜ਼ਾਰਾਂ ਸ਼ਿਕਾਇਤਾਂ ਉਥੋਂ ਔਰਤਾਂ ਦੇ ਜਬਰ-ਜ਼ਨਾਹ ਦੀਆਂ ਆ ਰਹੀਆਂ ਹਨ ਪਰ ਪੰਜਾਬ ਸਰਕਾਰ ਪਤਾ ਨਹੀਂ ਕਿਹੜੀਆਂ ਸਕੀਮਾਂ ਲੈ ਕੇ ਆ ਰਹੀ ਹੈ ਕਿ ਉਸ ਵਲੋਂ ਰੋਜ਼ਗਾਰ ਦੇ ਨਾਂ 'ਤੇ 2000 ਦੇ ਕਰੀਬ ਨਰਸਿੰਗ ਸਟਾਫ ਦੁਬਈ, ਯੂ. ਏ. ਈ., ਕੁਵੈਤ, ਓਮਾਨ ਤੇ ਕਤਰ ਵਿਚ ਭੇਜਿਆ ਜਾ ਰਿਹਾ ਹੈ। ਜਗ ਬਾਣੀ ਨੂੰ ਮਿਲੀ ਜਾਣਕਾਰੀ ਅਨੁਸਾਰ 1664 ਦੇ ਕਰੀਬ ਪੰਜਾਬ 'ਚ ਨਰਸਿੰਗ ਸਟਾਫ ਦੇ ਮਨਜ਼ੂਰਸ਼ੁਦਾ ਅਹੁਦੇ ਹਨ ਪਰ ਇਨ੍ਹਾਂ 'ਚ 40 ਫੀਸਦੀ ਦੇ ਕਰੀਬ ਅਹੁਦੇ ਖਾਲੀ ਹਨ। ਪਿਛਲੇ ਲੰਮੇ ਸਮੇਂ ਤੋਂ ਸੂਬੇ 'ਚ ਪੰਜਾਬ ਸਰਕਾਰ ਨੇ ਨਰਸਿੰਗ ਸਟਾਫ ਦੀ ਭਰਤੀ ਨਹੀਂ ਕੀਤੀ, ਜਿਸਦਾ ਅਸਰ ਮੈਡੀਕਲ ਸਹੂਲਤਾਂ 'ਤੇ ਪੈ ਰਿਹਾ ਹੈ। ਸੱਤਾ 'ਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਸਰਕਾਰ ਭਟਕ ਚੁੱਕੀ ਹੈ। ਘਰ-ਘਰ ਰੋਜ਼ਗਾਰ ਦੇ ਬਹਾਨੇ ਹੁਣ ਪੰਜਾਬ ਸਰਕਾਰ ਸੂਬੇ 'ਚ ਨਰਸਿੰਗ ਸਟਾਫ ਦੀ ਕਮੀ ਨੂੰ ਪੂਰਾ ਕਰਨ ਦੀ ਬਜਾਏ ਪੰਜਾਬ ਦੇ ਟੇਲੈਂਟ ਨੂੰ ਅਰਬ ਦੇਸ਼ਾਂ 'ਚ ਭੇਜ ਰਹੀ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਹੋਣੀ ਸ਼ੁਰੂ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਭਰ 'ਚ ਟ੍ਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸ ਲਿਆ ਹੈ ਪਰ ਹੁਣ ਖੁਦ ਟ੍ਰੈਵਲ ਏਜੰਟੀ 'ਤੇ ਉਤਰ ਆਈ ਹੈ। ਪੰਜਾਬ ਦੀ ਸਕਿੱਲ ਡਿਵੈੱਲਪਮੈਂਟ ਨੂੰ ਇਥੇ ਇਸਤੇਮਾਲ ਕਰਨ ਦੀ ਬਜਾਏ ਵਿਦੇਸ਼ ਭੇਜਿਆ ਜਾ ਰਿਹਾ ਹੈ। ਅਰਬ ਦੇਸ਼ਾਂ 'ਚ ਕੰਮ ਕਰਨ ਗਈਆਂ ਪੰਜਾਬ ਦੀਆਂ ਔਰਤਾਂ 'ਚੋਂ 80 ਫੀਸਦੀ ਔਰਤਾਂ ਨੇ ਜਬਰ-ਜ਼ਨਾਹ ਦੀਆਂ ਸ਼ਿਕਾਇਤਾਂ ਕੀਤੀਆਂ ਹਨ।
ਨਾ ਤਾਂ ਉਹ ਆਰਥਿਕ ਤੌਰ 'ਤੇ ਸੁਰੱਖਿਅਤ ਹਨ ਤੇ ਨਾ ਹੀ ਸਰੀਰਕ ਤੌਰ 'ਤੇ ਪਰ ਪੰਜਾਬ ਸਰਕਾਰ ਜਾਣ-ਬੁੱਝ ਕੇ ਪੰਜਾਬ ਦੇ 2000 ਦੇ ਕਰੀਬ ਟੇਲੈਂਟਿਡ ਨਰਸਿੰਗ ਸਟਾਫ ਨੂੰ ਅਰਬ ਦੇਸ਼ਾਂ ਵਿਚ ਝੋਕਣ ਦੀ ਤਿਆਰੀ ਕਰ ਰਹੀ ਹੈ। ਕਾਰਨ ਸਾਫ ਹੈ ਕਿ ਵਿਭਾਗ ਦੇ ਇਕ ਮੰਤਰੀ ਨੇ ਪੂਰੀ ਖੇਡ ਦੀ ਜ਼ਿੰਮੇਦਾਰੀ 'ਕ' ਤੋਂ ਸ਼ੁਰੂ ਹੋਣ ਵਾਲੇ ਨਾਂ ਦੇ ਇਕ ਵਿਅਕਤੀ ਨੂੰ ਸੌਂਪ ਦਿੱਤੀ ਹੈ। ਕੁਝ ਦਿਨ ਪਹਿਲਾਂ ਵਿਭਾਗ ਦੇ ਮੰਤਰੀ ਅਤੇ 'ਕ' ਅੱਖਰ ਤੋਂ ਸ਼ੁਰੂ ਹੋਣ ਵਾਲੇ ਨਾਂ ਦਾ ਵਿਅਕਤੀ ਜੋ ਯੂਨੀਵਰਸਿਟੀ ਦੇ ਨਾਲ ਜੁੜ ਰਿਹਾ ਹੈ, ਵਿਦੇਸ਼ ਜਾ ਕੇ ਆਏ ਹਨ ਅਤੇ ਉਥੇ ਪਤਾ ਨਹੀਂ ਕਿਸ ਕੰਪਨੀ ਦੇ ਨਾਲ ਕੀ ਸੈਟਿੰਗ ਕਰ ਕੇ ਆਏ ਹਨ ਕਿ ਨੌਜਵਾਨਾਂ ਨੂੰ ਵਿਦੇਸ਼ ਦੇ ਸੁਪਨੇ ਦਿਖਾ ਕੇ ਉਨ੍ਹਾਂ ਨੂੰ ਉਥੇ ਝੋਕਿਆਂ ਜਾ ਰਿਹਾ ਹੈ। ਇਹ 'ਕ' ਅੱਖਰ ਵਾਲਾ ਵਿਅਕਤੀ ਪਹਿਲਾਂ ਵੀ ਕਾਫੀ ਵਿਵਾਦਾਂ ਵਿਚ ਰਹਿ ਚੁੱਕਾ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਪਾਰਟੀ ਦੇ ਅੰਦਰ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਪੂਰੇ ਮਾਮਲੇ ਨੂੰ ਲੈ ਕੇ ਵਿਭਾਗ ਦੇ ਮੰਤਰੀ ਨੇ ਚੁੱਪੀ ਸਾਧ ਲਈ ਹੈ।
ਗੈਂਗਵਾਰ ਦੌਰਾਨ ਗੋਲੀਆਂ ਚਲਾਉਣ ਵਾਲਾ ਤੇਗਾ ਹੈਰੋਇਨ ਸਮੇਤ ਗ੍ਰਿਫਤਾਰ
NEXT STORY