ਪਾਇਲ (ਵਿਨਾਇਕ): ਪਾਇਲ ਦੇ ਵਾਰਡ ਨੰਬਰ 7 ਵਿਖੇ ਬੀਤੇ ਦਿਨੀਂ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਗੰਭੀਰ ਰੂਪ ਵਿਚ ਜਖ਼ਮੀ ਹੋਏ ਸਤਨਾਮ ਸਿੰਘ ਉਰਫ਼ ਰਿੰਕੂ (40) ਪੁੱਤਰ ਬਲਵੀਰ ਸਿੰਘ ਉਰਫ਼ ਬੀਰਾ ਵਾਸੀ ਵਾਰਡ ਨੰਬਰ 7, ਪਾਇਲ ਦੀ ਅੱਜ ਸਵੇਰੇ ਪੀ.ਜੀ.ਆਈ. ਚੰਡੀਗੜ੍ਹ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੀ ਪੁਸ਼ਟੀ ਥਾਣਾ ਪਾਇਲ ਦੇ ਐਸਐਚਓ ਸਬ-ਇੰਸਪੈਕਟਰ ਤਰਵਿੰਦਰ ਕੁਮਾਰ ਬੇਦੀ ਵੱਲੋਂ ਕੀਤੀ ਗਈ ਹੈ।
ਪੁਲਸ ਅਧਿਕਾਰੀ ਅਨੁਸਾਰ ਜਖ਼ਮੀ ਸਤਨਾਮ ਸਿੰਘ ਦੀ ਮੌਤ ਹੋਣ ਨਾਲ ਹੁਣ ਇਸ ਮਾਮਲੇ ਵਿਚ ਮੁਲਜ਼ਮਾਂ ਵਿਰੁੱਧ ਧਾਰਾ 302 ਆਈ.ਪੀ.ਸੀ. (ਕਤਲ) ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਇਲ ਪੁਲਸ ਦੀ ਟੀਮ ਮ੍ਰਿਤਕ ਦੇਹ ਪੋਸਟਮਾਰਟਮ ਕਾਰਵਾਈ ਲਈ ਲਿਆਉਣ ਵਾਸਤੇ ਪੀ.ਜੀ.ਆਈ. ਚੰਡੀਗੜ੍ਹ ਲਈ ਰਵਾਨਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੀਤੀ 7 ਮਾਰਚ ਦੀ ਸ਼ਾਮ ਕਰੀਬ 6:30 ਵਜੇ ਪਾਇਲ ਦੇ ਵਾਰਡ ਨੰਬਰ 7 ਵਿਚ ਗੋਲੀਬਾਰੀ ਦੀ ਵਾਰਦਾਤ ਵਾਪਰੀ ਸੀ, ਜਿਸ ਦੌਰਾਨ ਸਤਨਾਮ ਸਿੰਘ ਨੂੰ ਗੋਲੀਆਂ ਲੱਗੀਆਂ ਸਨ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਬਾਅਦ ਵਿਚ ਹਾਲਤ ਨਾਜ਼ੁਕ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਉਪਰੰਤ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ।
ਇਸ ਘਟਨਾ ਤੋਂ ਬਾਅਦ ਥਾਣਾ ਪਾਇਲ ਦੇ ਮੁੱਖ ਅਫਸਰ ਸਬ-ਇੰਸਪੈਕਟਰ ਤਰਵਿੰਦਰ ਕੁਮਾਰ ਬੇਦੀ ਨੇ ਜਖ਼ਮੀ ਸਤਨਾਮ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਨੰਬਰ 52 ਮਿਤੀ 8 ਮਾਰਚ 2026 ਅਧੀਨ ਧਾਰਾ 109, 351(2), 3(5) ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ 25, 54, 59 ਆਰਮਜ਼ ਐਕਟ ਤਹਿਤ ਥਾਣਾ ਪਾਇਲ ਵਿੱਚ ਕੇਸ ਦਰਜ ਕੀਤਾ ਸੀ। ਪੁਲਸ ਜਾਂਚ ਦੌਰਾਨ ਮਾਮਲੇ ਵਿਚ ਵਾਧਾ ਜੁਰਮ ਵਜੋਂ ਧਾਰਾ 253 ਬੀਐਨਐਸ ਅਤੇ 27, 54, 59 ਆਰਮਜ਼ ਐਕਟ ਵੀ ਸ਼ਾਮਲ ਕੀਤੇ ਗਏ ਸਨ, ਜਦਕਿ ਜਾਂਚ ਮਗਰੋਂ ਧਾਰਾ 25, 54, 59 ਆਰਮਜ਼ ਐਕਟ ਨੂੰ ਹਟਾ ਦਿੱਤਾ ਗਿਆ ਸੀ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਪੁਲਸ ਦੇ ਡੀਜੀਪੀ ਗੌਰਵ ਯਾਦਵ ਅਤੇ ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ‘ਚ ਮਾੜੇ ਅਨਸਰਾਂ ਖ਼ਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਪਤਾਨ ਪੁਲਸ (ਡੀ) ਖੰਨਾ ਪਵਨਜੀਤ ਚੋਧਰੀ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕਰਕੇ ਮੁਲਜ਼ਮ ਨਾਜਰ ਸਿੰਘ ਪੁੱਤਰ ਰੁਲਦੂ ਰਾਮ ਅਤੇ ਉਸ ਦੇ ਪੁੱਤਰ ਸੁਖਵੀਰ ਸਿੰਘ ਉਰਫ਼ ਬੱਬੂ ਵਾਸੀ ਵਾਰਡ ਨੰਬਰ 7, ਪਾਇਲ ਨੂੰ ਕੁਝ ਹੀ ਘੰਟਿਆਂ ਵਿਚ ਕਾਬੂ ਕਰ ਲਿਆ ਸੀ। ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਗਿਆ .32 ਬੋਰ ਦਾ ਲਾਇਸੰਸੀ ਰਿਵਾਲਵਰ, ਮੈਗਜ਼ੀਨ, .32 ਬੋਰ ਦੇ 5 ਜਿੰਦੇ ਰੌਂਦ, 5 ਖਾਲੀ ਖੋਲ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਗਈ ਸੀ। ਮੁੱਢਲੀ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਸੁਖਵੀਰ ਸਿੰਘ ਉਰਫ਼ ਬੱਬੂ ਦੇ ਸਾਲੇ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਵੀ ਮੁਲਜ਼ਮ ਨੂੰ ਪਨਾਹ ਦੇਣ ਦੇ ਦੋਸ਼ ਹੇਠ ਮੁਕੱਦਮੇ ਵਿਚ ਨਾਮਜ਼ਦ ਕਰਕੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਮੁਲਜ਼ਮ ਨਾਜਰ ਸਿੰਘ ਪੰਜਾਬ ਹੋਮਗਾਰਡ ਦੇ ਜਵਾਨ ਵਜੋਂ ਸਾਹਨੇਵਾਲ ਵਿਖੇ ਤਾਇਨਾਤ ਸਨ।
ਨਵਜੋਤ ਕੌਰ ਸਿੱਧੂ ਦਾ CM ਭਗਵੰਤ ਮਾਨ 'ਤੇ ਤਿੱਖਾ ਹਮਲਾ, ਪੰਜਾਬ ਸਿਰ ਚੜ੍ਹੇ ਕਰਜ਼ੇ ਬਾਰੇ ਮੰਗਿਆ ਜਵਾਬ
NEXT STORY