ਸਮਰਾਲਾ (ਗਰਗ, ਬੰਗੜ): ਅੱਜ ਇੱਥੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਗਰਮੀ ਦੀਆਂ ਛੁੱਟੀਆਂ ਕੱਟਣ ਆਪਣੇ ਨਾਨਕੇ ਘਰ ਜਾ ਰਹੇ ਪੰਜਵੀਂ ਕਲਾਸ ਦੇ ਵਿਦਿਆਰਥੀ ਹਰਜੋਤ ਸਿੰਘ ( 11 ਸਾਲ) ਦੀ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਹੈ। ਜਦ ਕਿ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇਸ ਮ੍ਰਿਤਕ ਬੱਚੇ ਦੇ ਮਾਤਾ ਪਿਤਾ ਅਤੇ ਇੱਕ ਛੋਟਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਸਾਰੇ ਜਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਪਹੁੰਚਾਇਆ ਗਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਪਵਾਤ ਨਿਵਾਸੀ ਤਰਲੋਚਨ ਸਿੰਘ ਆਪਣੀ ਪਤਨੀ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਦੋ ਬੱਚਿਆਂ ਹਰਜੋਤ ਸਿੰਘ ( 11 ਸਾਲ) ਅਤੇ ਜਸਕਰਨ ਸਿੰਘ ( 9 ਸਾਲ) ਨੂੰ ਸਕੂਲ ਵਿਚ ਗਰਮੀ ਦੀਆਂ ਛੁੱਟੀਆਂ ਹੋਣ ਉਪਰੰਤ ਉਨ੍ਹਾਂ ਦੇ ਨਾਨਕੇ ਪਿੰਡ ਚਹਿਲਾਂ ਵਿਖੇ ਛੱਡਣ ਲਈ ਜਾ ਰਿਹਾ ਸੀ। ਦਿਨ ਦੇ ਕਰੀਬ 11:30 ਵਜੇ ਮੋਟਰਸਾਈਕਲ ਸਵਾਰ ਜਿਵੇਂ ਹੀ ਇਹ ਪਰਿਵਾਰ ਪਿੰਡ ਬਾਲਿਓ ਨੇੜੇ ਪੁੱਜਾ ਤਾਂ ਉੱਥੇ ਪਹਿਲਾਂ ਹੀ ਸਾਈਡ ਤੇ ਸੜਕ ਤੋਂ ਹੇਠਾਂ ਕੱਚੇ ਵਿੱਚ ਖੜੀ ਇੱਕ ਕਰੇਟਾ ਕਾਰ ਦੇ ਚਾਲਕ ਨੇ ਅਚਾਨਕ ਆਪਣੀ ਕਾਰ ਇੱਕ ਦਮ ਬੜੀ ਤੇਜ਼ੀ ਨਾਲ ਸੜਕ ਉੱਤੇ ਲਿਆਂਦੇ ਹੋਏ ਇਸ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਆਪਣੀ ਚਪੇਟ ਵਿਚ ਲੈ ਲਿਆ।
ਇਸ ਦਰਦਨਾਕ ਹਾਦਸੇ ਵਿੱਚ ਹਰਜੋਤ ਸਿੰਘ ਜੋ ਕਿ ਪੰਜਵੀਂ ਕਲਾਸ ਦਾ ਵਿਦਿਆਰਥੀ ਸੀ,ਮੋਟਰਸਾਈਕਲ ਤੋਂ ਉਛਲ ਕੇ ਸੜਕ ਤੇ ਡਿੱਗ ਪਿਆ ਅਤੇ ਉਸ ਦੀ ਉੱਥੇ ਹੀ ਮੌਤ ਹੋ ਗਈ। ਜਦ ਕਿ ਮ੍ਰਿਤਕ ਬੱਚੇ ਦੇ ਪਿਤਾ ਤਰਲੋਚਨ ਸਿੰਘ, ਮਾਤਾ ਪਰਮਜੀਤ ਕੌਰ ਅਤੇ ਛੋਟੇ ਭਰਾ ਜਸਕਰਨ ਸਿੰਘ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਤੋਂ ਬਾਅਦ ਕਰੇਟਾ ਕਾਰ ਚਾਲਕ ਆਪਣੀ ਕਾਰ ਉਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਸਥਾਨਕ ਪੁਲਸ ਨੇ ਇਸ ਹਾਦਸੇ ਲਈ ਜਿੰਮੇਵਾਰ ਕਰੇਟਾ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਇਸ ਦੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੇਪਰਲੈੱਸ ਹੋਵੇਗਾ ਨਗਰ ਨਿਗਮ ਦਾ ਜਨਰਲ ਹਾਊਸ, ਅਫਸਰਾਂ ਨਾਲ ਕੌਂਸਲਰਾਂ ਨੂੰ ਮਿਲਣਗੇ ਟੈਬ
NEXT STORY