ਅਬੋਹਰ (ਵੈੱਬ ਡੈਸਕ): 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਸੇ ਸਾਲ ਦੇ ਅਖ਼ੀਰ ਤਕ ਹੋ ਸਕਦੀਆਂ ਹਨ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਹਨ। ਅਬੋਹਰ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸੇ ਸਾਲ ਨਵੰਬਰ ਮਹੀਨੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ, ਤਾਂ ਜੋ ਪੰਜਾਬ ਨੂੰ ਮੁੜ ਤੋਂ ਨੰਬਰ 1 ਸੂਬਾ ਬਣਾਇਆ ਜਾ ਸਕੇ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ 4 ਲੱਖ 13 ਹਜ਼ਾਰ ਕਰੋੜ ਰੁਪਏ ਪੰਜਾਬ ਆ ਚੁੱਕੇ ਹਨ, ਪਰ ਪਤਾ ਨਹੀਂ ਲੱਗਦਾ ਇਹ ਪੈਸਾ ਲੱਗਿਆ ਕਿੱਥੇ ਹੈ। ਉਨ੍ਹਾਂ ਕਿਹਾ ਕਿ ਨੀਤੀ ਆਯੋਗ ਦੇ ਅੰਕੜਿਆਂ ਮੁਤਾਬਕ ਪੰਜਾਬ ਪਹਿਲਾਂ ਨੰਬਰ ਸੂਬਾ ਹੁੰਦਾ ਸੀ, ਪਰ ਹੁਣ 18ਵੇਂ ਨੰਬਰ 'ਤੇ ਜਾ ਪਹੁੰਚਿਆ ਹੈ। ਉੱਥੇ ਹੀ ਉੱਤਰ ਪ੍ਰਦੇਸ਼ 18ਵੇਂ ਨੰਬਰ 'ਤੇ ਹੁੰਦਾ ਸੀ, ਉਹ ਨੰਬਰ 2 'ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਨੂੰ ਫ਼ਿਰ ਤੋਂ ਨੰਬਰ 1 ਸੂਬਾ ਬਣਾਇਆ ਜਾਵੇਗਾ ਤੇ ਨਸ਼ਿਆਂ ਨੂੰ ਖ਼ਤਮ ਕਰ ਕੇ ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲ ਕੀਤਾ ਜਾਵੇਗਾ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਚੁਟਕਲੇ ਸੁਣਾਉਣੇ ਜਾਂ ਸ਼ੇਅਰੋ-ਸ਼ਾਇਰੀ ਕਰਨੀ ਨਹੀਂ ਆਉਂਦੀ, ਸਗੋਂ ਕੰਮ ਕਰਨਾ ਆਉਂਦਾ ਹੈ।
ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਨੇ ਅਬੋਹਰ ਦੀਆਂ ਨਗਰ ਨਿਗਮ ਚੋਣਾਂ ਦੌਰਾਨ ਭਾਜਪਾ ਨੂੰ ਜਿਤਾਉਣ ਲਈ ਇੱਥੋਂ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਸੰਦੀਪ ਜਾਖੜ ਅਤੇ ਪਾਰਟੀ ਦੇ ਵਰਕਰਾਂ ਦੀ ਪਿੱਠ ਵੀ ਥਾਪੜੀ ਤੇ ਕਿਹਾ ਕਿ ਅਬੋਹਰ ਵਿਚ ਭਾਜਪਾ ਨੇ ਪਹਿਲੀ ਝੰਡੀ ਗੱਡ ਦਿੱਤੀ ਹੈ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਭਾਜਪਾ ਦੀ ਸਰਕਾਰ ਬਣਾਉਣਗੇ। ਉਨ੍ਹਾਂ ਸਟੇਜ 'ਤੇ ਮੌਜੂਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਕੰਮਾਂ ਦੀ ਰੱਜ ਕੇ ਤਾਰੀਫ਼ ਕੀਤੀ ਤੇ ਕਿਹਾ ਕਿ ਹਰਿਆਣਾ ਵਿਚ ਭਾਜਪਾ ਦੀ ਸਰਕਾਰ 24 ਫ਼ਸਲਾਂ 'ਤੇ ਐੱਮ. ਐੱਸ. ਪੀ. ਦੇ ਰਹੀ ਹੈ। ਪੰਜਾਬ ਵਿਚ 2 ਮੁੱਖ ਫ਼ਸਲਾਂ, ਕਣਕ ਤੇ ਝੋਨਾ ਵੀ ਕੇਂਦਰ ਦੇ ਪੈਸਿਆਂ ਨਾਲ ਹੀ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 22 ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਜਿੱਥੇ ਤੇਜ਼ੀ ਨਾਲ ਵਿਕਾਸ ਕਾਰਜ ਅਤੇ ਲੋਕ ਭਲਾਈ ਦੇ ਕੰਮ ਹੋ ਰਹੇ ਹਨ।
ਪੰਜਾਬ ਦੇ ਰਾਸ਼ਨ ਡਿਪੂਆਂ ਨੂੰ ਲੈ ਕੇ ਵੱਡੀ ਖ਼ਬਰ, ਖੜ੍ਹੀ ਹੋਈ ਇਹ ਸਮੱਸਿਆ
NEXT STORY