ਜਲੰਧਰ (ਜੁਗਿੰਦਰ ਸੰਧੂ)—ਰਾਵੀ ਦਰਿਆ 'ਤੇ ਬਣਿਆ ਆਰਜ਼ੀ ਜਿਹਾ ਪੁਲ ਹੀ ਉਨ੍ਹਾਂ ਲੋਕਾਂ ਲਈ ਸ਼ਾਹ-ਰਗ ਦਾ ਕੰਮ ਕਰਦਾ ਹੈ, ਜਿਹੜੇ 'ਟਾਪੂਨੁਮਾ' ਇਲਾਕੇ ਦੇ ਵਸਨੀਕ ਹਨ। ਅਜਿਹਾ ਇਲਾਕਾ ਜਿਸ ਦੇ ਇਕ ਪਾਸੇ ਕਮਾਨ ਦੀ ਸ਼ਕਲ ਵਿਚ ਸਥਿਤ ਪਾਕਿਸਤਾਨ ਵਾਲੀ ਸਰਹੱਦ ਹੈ, ਦੂਜੇ ਪਾਸੇ ਬਰਸਾਤਾਂ 'ਚ ਤੀਰ ਵਾਂਗ ਸ਼ੂਕਣ ਵਾਲੀ 'ਉਝ' ਨਦੀ, ਤੀਜੇ ਪਾਸੇ ਭੱਥੇ ਦੀ ਸ਼ਕਲ ਵਾਂਗ ਕਿਤੋਂ ਚੌੜਾ, ਕਿਤੋਂ ਸੌੜਾ ਰਾਵੀ ਦਰਿਆ ਅਤੇ ਵਿਚਕਾਰ ਘਿਰੇ ਹਨ ਦਰਜਨ ਦੇ ਕਰੀਬ ਪਿੰਡ। ਭੂਗੋਲਿਕ ਤੌਰ 'ਤੇ ਇਸ ਇਲਾਕੇ ਦਾ ਸਿੱਧਾ ਅਤੇ ਸੌਖਾ ਸਬੰਧ ਪਾਕਿਸਤਾਨ ਨਾਲ ਜੁੜਦਾ ਹੈ ਪਰ ਲੋਕ ਉਧਰ ਜਾ ਨਹੀਂ ਸਕਦੇ। ਘਰੇਲੂ ਲੋੜਾਂ ਦੀ ਪੂਰਤੀ ਲਈ ਜਾਂ ਕਿਸੇ ਬੀਮਾਰ ਦਾ ਇਲਾਜ ਕਰਵਾਉਣ ਲਈ ਦੀਨਾਨਗਰ ਅਤੇ ਗੁਰਦਾਸਪੁਰ ਵੱਲ ਹੀ ਮੂੰਹ ਕਰਨਾ ਪੈਂਦਾ ਹੈ। ਇਸ ਰਸਤੇ 'ਚ ਵਹਿੰਦਾ ਹੈ ਰਾਵੀ ਦਰਿਆ, ਜਿਸ ਉਪਰ ਲਾਂਘੇ ਲਈ ਬਣਿਆ ਹੈ ਆਰਜ਼ੀ ਪਲਟੂਨ ਪੁਲ। ਇਹ ਪੁਲ ਸਾਲ ਦੇ 5 ਮਹੀਨੇ ਤਾਂ ਚੁੱਕ ਦਿੱਤਾ ਜਾਂਦਾ ਹੈ ਅਤੇ ਬਾਕੀ ਦੇ 7 ਮਹੀਨੇ ਵੀ ਇਹ ਡਿੱਕ-ਡੋਲੇ ਖਾਂਦਾ ਰਹਿੰਦਾ ਹੈ। ਪੁਲ 'ਤੇ ਕਿਸੇ ਤਰ੍ਹਾਂ ਦੀ ਵਾੜ ਜਾਂ ਦੀਵਾਰ ਨਹੀਂ ਹੈ, ਮਾੜਾ ਜਿਹਾ ਪੈਰ ਜਾਂ ਵ੍ਹੀਕਲ ਦਾ ਪਹੀਆ ਤਿਲਕਿਆ ਤਾਂ ਸਿੱਧੇ ਗਏ ਪਾਣੀ 'ਚ। ਪੁਲ ਤੋਂ ਲੰਘਦਿਆਂ ਕਾਲਜਾ ਧੱਕ-ਧੱਕ ਕਰਨ ਲੱਗਦਾ ਹੈ।
ਪੰਜਾਬ ਕੇਸਰੀ ਦੀ ਰਾਹਤ ਵੰਡ ਟੀਮ ਨੂੰ ਵੀ ਇਸੇ 'ਪੁਲ' ਤੋਂ ਲੰਘ ਕੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਲਸਿਆਣ ਪਹੁੰਚਣਾ ਪਿਆ, ਜਿੱਥੇ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ 486ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ, ਜੋ ਕਿ ਲੁਧਿਆਣਾ ਤੋਂ ਰਾਜ ਕੁਮਾਰ ਵਰਮਾ ਦੇ ਪਰਿਵਾਰ ਵਲੋਂ ਭਿਜਵਾਈ ਗਈ ਸੀ। ਇਸ ਮੌਕੇ 'ਤੇ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਦੇ ਯਤਨਾਂ ਸਦਕਾ 300 ਲੋੜਵੰਦ ਪਰਿਵਾਰਾਂ ਨੂੰ ਠੰਡੀ ਰੁੱਤ ਤੋਂ ਬਚਾਅ ਲਈ ਰਜਾਈਆਂ ਵੰਡੀਆਂ ਗਈਆਂ।
ਪਿੰਡ ਲਸਿਆਣ 'ਚ ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰਾਹਤ ਮੁਹਿੰਮ ਦੇ ਆਗੂ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ ਹੈ। ਇਨ੍ਹਾਂ ਲੋਕਾਂ ਦੇ ਪਹਿਲੇ ਮਸਲੇ ਸੁਲਝਦੇ ਨਹੀਂ ਅਤੇ ਉਪਰੋਂ ਹੋਰ ਮੁਸੀਬਤਾਂ ਪੈਦਾ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਵਲੋਂ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਸਿਰਫ ਰਾਹਤ ਸਮੱਗਰੀ ਹੀ ਨਹੀਂ ਵੰਡੀ ਜਾਵੇਗੀ, ਸਗੋਂ ਪੱਤਰ-ਸਮੂਹ ਦੇ ਅਖ਼ਬਾਰਾਂ ਰਾਹੀਂ ਇਨ੍ਹਾਂ ਦੀਆਂ ਸਮੱਸਿਆਵਾਂ ਵੀ ਸਰਕਾਰ ਦੇ ਧਿਆਨ ਵਿਚ ਲਿਆਂਦੀਆਂ ਜਾਣਗੀਆਂ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਰਹੱਦੀ ਇਲਾਕਿਆਂ ਨੂੰ ਪਹਿਲ ਦੇ ਆਧਾਰ 'ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਸੀ. ਆਰ. ਪੀ. ਐੱਫ. ਦੇ ਰਿਟਾਇਰਡ ਇੰਸਪੈਕਟਰ ਸ. ਰਾਜ ਸਿੰਘ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਲੋੜਵੰਦਾਂ ਲਈ ਮਦਦ ਭਿਜਵਾਈ ਗਈ ਹੈ। ਸਰਕਾਰ ਦੇ ਨੁਮਾਇੰਦੇ ਜਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤਾਂ ਇਸ 'ਟਾਪੂ' ਵੱਲ ਗੇੜਾ ਵੀ ਨਹੀਂ ਮਾਰਦੇ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਤਕ ਹੋਰ ਸਹਾਇਤਾ ਭਿਜਵਾਈ ਜਾਣੀ ਚਾਹੀਦੀ ਹੈ।
ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਅੱਜ ਸੰਸਾਰ ਭਰ ਵਿਚ ਜਗਤ ਗੁਰੂ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਬਾਬਾ ਨਾਨਕ ਜੀ ਦਾ ਇਹ ਉਪਦੇਸ਼ ਵੀ ਸੀ ਕਿ ਦੂਜਿਆਂ ਦੀ ਸੇਵਾ ਕੀਤੀ ਜਾਵੇ ਅਤੇ ਆਪਣੀ ਕਮਾਈ ਦਾ ਕੁਝ ਹਿੱਸਾ ਲੋੜਵੰਦਾਂ 'ਤੇ ਖਰਚ ਕੀਤਾ ਜਾਵੇ। ਗੁਰੂ ਸਾਹਿਬਾਨ ਨੇ ਸੰਗਤ ਅਤੇ ਪੰਗਤ ਦੀ ਸੁਨਹਿਰੀ ਪ੍ਰੰਪਰਾ ਦੀ ਸ਼ੁਰੂਆਤ ਕੀਤੀ ਸੀ। ਸਾਨੂੰ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸਬਕ ਲੈਂਦਿਆਂ ਔਕੜਾਂ, ਮੁਸ਼ਕਲਾਂ ਅਤੇ ਕਮੀਆਂ ਦੇ ਸ਼ਿਕਾਰ ਲੋਕਾਂ ਦਾ ਦੁੱਖ-ਦਰਦ ਵੰਡਾਉਣਾ ਚਾਹੀਦਾ ਹੈ। ਯੋਗਾਚਾਰੀਆ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਸਿਰ 'ਤੇ ਹਰ ਵੇਲੇ ਖਤਰੇ ਦੇ ਬੱਦਲ ਘੇਰਾ ਪਾਈ ਰੱਖਦੇ ਹਨ। ਇਨ੍ਹਾਂ ਖੇਤਰਾਂ 'ਚ ਵੱਧ ਤੋਂ ਵੱਧ ਮਦਦ ਭਿਜਵਾਈ ਜਾਣੀ ਚਾਹੀਦੀ ਹੈ।
ਸੀ. ਆਰ. ਪੀ. ਐੱਫ. ਦੇ ਰਿਟਾਇਰਡ ਅਧਿਕਾਰੀ ਸਤਨਾਮ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕਾਂ ਦਾ ਦਰਦ ਵੰਡਾਉਣਾ ਤਾਂ ਦੂਰ ਦੀ ਗੱਲ ਹੈ, ਇਨ੍ਹਾਂ ਦੀਆਂ ਤਾਂ ਮੁਸ਼ਕਲਾਂ ਸੁਣਨ ਲਈ ਵੀ ਕਿਸੇ ਕੋਲ ਸਮਾਂ ਨਹੀਂ। ਰਾਹਤ ਵੰਡ ਟੀਮ ਦੇ ਮੈਂਬਰਾਂ ਨੂੰ ਮਿਲ ਕੇ ਇਹ ਲੋਕ ਬਹੁਤ ਸੰਤੁਸ਼ਟੀ ਮਹਿਸੂਸ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਅੱਜ ਅਹਿਸਾਸ ਹੋਇਆ ਹੈ ਕਿ ਕੁਝ ਹੱਥ ਮਦਦਗਾਰ ਬਣ ਕੇ ਆਏ ਹਨ। ਉਨ੍ਹਾਂ ਕਿਹਾ ਕਿ ਹਰ ਇਨਸਾਨ ਵਿਚ ਇਕ-ਦੂਜੇ ਦੇ ਕੰਮ ਆਉਣ ਦੀ ਭਾਵਨਾ ਹੋਣੀ ਚਾਹੀਦੀ ਹੈ। ਇਸ ਮੌਕੇ 'ਤੇ ਲੁਧਿਆਣਾ ਤੋਂ ਆਏ ਸ. ਹਰਦਿਆਲ ਸਿੰਘ ਅਮਨ, ਸ. ਇਕਬਾਲ ਸਿੰਘ ਅਰਨੇਜਾ, ਲਸਿਆਣ ਦੇ ਸਰਪੰਚ ਸਲੋਵਰ ਸਿੰਘ, ਭਰਿਆਲ ਦੇ ਸਰਪੰਚ ਰੂਪ ਸਿੰਘ, ਸਾਈਂ ਦਾਸ ਕਾਟਲ ਅਤੇ ਪਿੰਡ ਦੇ ਆਗੂਆਂ ਨੇ ਸਮੱਗਰੀ ਦੀ ਵੰਡ 'ਚ ਲੋੜੀਂਦਾ ਸਹਿਯੋਗ ਦਿੱਤਾ।
ਲਾਂਘੇ ਬਾਰੇ ਕੈਪਟਨ ਕਰ ਰਹੇ ਹੇਠਲੇ ਦਰਜੇ ਦੀ ਸਿਆਸਤ : ਪੀਰ ਮੁਹੰਮਦ
NEXT STORY