ਮਾਨਸਾ(ਸੰਦੀਪ ਮਿੱਤਲ)-ਥਾਣਾ ਸਿਟੀ-1 ਮਾਨਸਾ ਦੀ ਪੁਲਸ ਨੇ ਰਾਮਪੁਰਾ ਫੂਲ ਵਿਖੇ ਹਰ ਵੀਰਵਾਰ ਪੁੱਛਾਂ ਦੇਣ ਵਾਲੇ ਤਾਂਤਰਿਕ ਲੱਡੂ ਬਾਬਾ ਵੱਲੋਂ ਮਾਨਸਾ ਸ਼ਹਿਰ ਦੀ ਇਕ ਵਿਆਹੁਤਾ ਨੂੰ ਆਪਣੀ ਮੂੰਹ ਬੋਲੀ ਭੈਣ ਬਣਾ ਕੇ ਜ਼ਬਰ-ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਕਾਰਵਾਈ ਪੀੜਤਾ ਦੀ ਡਾਕਟਰੀ ਜਾਂਚ ਸਿਵਲ ਹਸਪਤਾਲ ਮਾਨਸਾ ਵਿਖੇ ਕਰਵਾਉਣ ਤੋਂ ਬਾਅਦ ਅਮਲ 'ਚ ਲਿਆਂਦੀ ਹੈ। ਪੀੜਤਾ ਦਾ ਪਰਿਵਾਰ ਅਕਸਰ ਵੀਰਵਾਰ ਨੂੰ ਰਾਮਪੁਰਾ ਫੂਲ ਵਿਖੇ ਪੁੱਛਾਂ ਲੈਣ ਲਈ ਇਸ ਤਾਂਤਰਿਕ ਬਾਬੇ ਕੋਲ ਜਾਂਦਾ ਸੀ।ਇਸ ਮਾਮਲੇ 'ਚ ਪੀੜਤ ਵਿਆਹੁਤਾ ਔਰਤ ਨੇ ਦੱਸਿਆ ਕਿ ਘਰੇਲੂ ਤੰਗੀਆਂ ਕਾਰਨ ਇਸ ਤਾਂਤਰਿਕ ਰਾਜ ਕੁਮਾਰ ਉਰਫ਼ ਲੱਡੂ ਬਾਬਾ ਨਾਲ ਸੰਪਰਕ ਹੋਇਆ। ਉਨ੍ਹਾਂ ਤੋਂ ਇਸ ਬਾਬੇ ਨੇ ਇਕ ਲੱਖ ਰੁਪਏੇ ਦੀ ਮੰਗ ਵੀ ਕੀਤੀ। ਪੀੜਤ ਔਰਤ ਨੇ ਦੱਸਿਆ ਕਿ ਬਾਬਾ ਉਸ ਨੂੰ ਭੈਣ ਕਹਿ ਕੇ ਬੁਲਾਉਂਦਾ ਸੀ, ਜਿਸ ਕਰ ਕੇ ਬਾਬੇ ਪ੍ਰਤੀ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਡੂੰਘਾ ਵਿਸ਼ਵਾਸ ਬਣ ਗਿਆ ਸੀ । ਉਸ ਨੇ ਦੱਸਿਆ ਕਿ ਇਕ ਦਿਨ ਬਾਬੇ ਨੇ ਉਨ੍ਹਾਂ ਨੂੰ ਵੀਰਵਾਰ ਸਵੇਰੇ 5 ਵਜੇ ਉਸ ਦੇ ਕੋਲ ਆਉਣ ਦੀ ਸਲਾਹ ਦਿੱਤੀ ਕਿ ਉਹ ਹਰਿਦੁਆਰ ਜਾ ਕੇ ਮੱਥਾ ਟੇਕਣ ਅਤੇ ਆਪਣੇ ਕਸ਼ਟ ਦੂਰ ਕਰਨ। ਪੀੜਤਾ ਦੇ ਬਿਆਨਾਂ ਅਨੁਸਾਰ 21 ਮਈ 2017 ਨੂੰ ਉਸ ਦਾ ਪਤੀ ਅਤੇ ਲੜਕਾ ਕਿਸੇ ਵਿਆਹ ਸਮਾਗਮ 'ਚ ਗਏ ਹੋਏ ਸਨ। ਇਸ ਦਾ ਪਤਾ ਲੱਗਣ 'ਤੇ ਬਾਬਾ ਰਾਤ ਸਮੇਂ ਉਨ੍ਹਾਂ ਦੇ ਘਰ ਆਇਆ ਤੇ ਰੁਕਿਆ। ਰਾਤ ਵੇਲੇ ਤਾਂਤਰਿਕ ਬਾਬੇ ਨੇ ਉਸ ਦੀ ਮਰਜ਼ੀ ਦੇ ਖਿਲਾਫ਼ ਜਬਰ-ਜ਼ਨਾਹ ਕੀਤਾ ਅਤੇ ਬਾਅਦ 'ਚ ਤਾਂਤਰਿਕ ਬਾਬਾ ਉਸ ਨਾਲ ਧੱਕੇਸ਼ਾਹੀ ਕਰ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਦੱਸੀ। ਥਾਣਾ ਸਿਟੀ-1 ਮਾਨਸਾ ਨੇ ਪੀੜਤ ਔਰਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਪੁਲਸ ਨੇ ਰਾਜ ਕੁਮਾਰ ਉਰਫ਼ ਲੱਡੂ ਬਾਬਾ ਵਾਸੀ ਰਾਮਪੁਰਾ ਫੂਲ ਦੇ ਖਿਲਾਫ਼ ਜ਼ਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਤ-ਪਾਤ ਤੋਂ ਉੱਪਰ ਉਠ ਕੇ ਸਾਰੇ ਧਰਮਾਂ ਦਾ ਸਤਿਕਾਰ ਕਰੋ : ਹਰਸਿਮਰਤ ਬਾਦਲ
NEXT STORY