ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 14 ਅਗਸਤ 2023 ਨੂੰ 7ਵੀਂ ਜਮਾਤ 'ਚ ਪੜ੍ਹਦੀ 12 ਸਾਲਾ ਨਾਬਾਲਗ ਨਾਲ ਜਬਰ-ਜ਼ਿਨਾਹ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਦੋਸ਼ੀ ਠਹਿਰਾਉਂਦੇ ਹੋਏ 20 ਸਾਲ ਦੀ ਕੈਦ ਅਤੇ 70,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਪੀੜਤ ਮੁਆਵਜ਼ਾ ਯੋਜਨਾ ਦੇ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਨੂੰ 4 ਲੱਖ ਰੁਪਏ ਦਾ ਭੁਗਤਾਨ ਕਰਨ ਦੀ ਵੀ ਸਿਫਾਰਿਸ਼ ਕੀਤੀ। ਦਰਜ ਕੀਤੇ ਗਏ ਮਾਮਲੇ ਦੇ ਅਨੁਸਾਰ ਇਹ ਘਟਨਾ ਪੀੜਤਾ ਨਾਲ 14 ਅਗਸਤ ਨੂੰ ਵਾਪਰੀ ਸੀ, ਜਦੋਂ ਉਹ ਆਪਣੀ ਮਾਂ ਤੋਂ ਪੈਸੇ ਲੈ ਕੇ ਘਰੋਂ ਨਿਕਲੀ ਸੀ ਕਿ ਉਹ ਆਜ਼ਾਦੀ ਦਿਵਸ ਲਈ ਝੰਡਾ ਖਰੀਦਣ ਜਾ ਰਹੀ ਹੈ।
ਸਾਰੰਗਪੁਰ ਥਾਣੇ ਵਿਚ ਦਰਜ ਕੀਤਾ ਗਿਆ ਸੀ ਮਾਮਲਾ
14 ਅਗਸਤ, 2023 ਨੂੰ ਇੱਕ ਔਰਤ ਧੀ ਨਾਲ ਹੋਏ ਗਲਤ ਵਿਵਹਾਰ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਸਾਰੰਗਪੁਰ ਪੁਲਸ ਥਾਣੇ ਪਹੁੰਚੀ ਸੀ। ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਸਭ ਤੋਂ ਛੋਟੀ 12 ਸਾਲ ਦੀ ਧੀ 7ਵੀਂ ਜਮਾਤ ਵਿਚ ਪੜ੍ਹਦੀ ਹੈ। ਔਰਤ ਨੇ ਦੱਸਿਆ ਕਿ 14 ਅਗਸਤ ਦੀ ਸਵੇਰ ਨੂੰ ਉਸਦੀ ਧੀ ਨੇ ਆਜ਼ਾਦੀ ਦਿਹਾੜੇ ਲਈ ਝੰਡਾ ਖਰੀਦਣ ਲਈ ਕਹਿ ਕੇ ਉਸ ਤੋਂ 100 ਰੁਪਏ ਲਏ ਸਨ। ਪੈਸੇ ਲੈਣ ਤੋਂ ਬਾਅਦ ਧੀ ਸਵੇਰੇ 7 ਵਜੇ ਦੇ ਕਰੀਬ ਘਰੋਂ ਨਿਕਲੀ ਸੀ, ਪਰ ਉਹ ਵਾਪਸ ਨਹੀਂ ਆਈ। ਆਪਣੀ ਧੀ ਦੀ ਭਾਲ ਕਰਦੇ ਹੋਏ, ਜਦੋਂ ਉਹ ਧਨਾਸ ਝੀਲ ਪਹੁੰਚੀ, ਤਾਂ ਉਸਨੇ ਆਪਣੀ ਧੀ ਨੂੰ ਇੱਕ ਨੌਜਵਾਨ ਨਾਲ ਖੁੱਡਾ ਲਾਹੌਰਾ ਤੋਂ ਧਨਾਸ ਝੀਲ ਵੱਲ ਆਉਂਦੇ ਦੇਖਿਆ।
ਮੁੰਡੇ ਨੇ ਧੀ ਦਾ ਹੱਥ ਫੜ੍ਹਿਆ ਹੋਇਆ ਸੀ। ਜਿਵੇਂ ਹੀ ਉਸਨੇ ਉਸਨੂੰ ਦੇਖਿਆ, ਉਹ ਮੌਕੇ ਤੋਂ ਭੱਜ ਗਿਆ। ਨੌਜਵਾਨ ਬਾਰੇ ਪੁੱਛੇ ਜਾਣ ’ਤੇ ਧੀ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਲਾਲਾਂਵਾਲਾ ਪੀਰ ਨੇੜੇ ਗਈ ਸੀ ਤਾਂ ਉੱਥੇ ਇੱਕ ਨੌਜਵਾਨ ਉਸ ਕੋਲ ਆਇਆ ਅਤੇ ਜ਼ਬਰਦਸਤੀ ਉਸ ਕੋਲ ਮੌਜੂਦ 100 ਰੁਪਏ ਖੋਹ ਲਏ ਅਤੇ ਉਸਦਾ ਹੱਥ ਫੜ੍ਹ ਲਿਆ। ਦੋਸ਼ੀ ਨੌਜਵਾਨ ਨੇ 50 ਰੁਪਏ ਦੀ ਸ਼ਰਾਬ ਖਰੀਦੀ ਅਤੇ ਬਾਕੀ ਰਕਮ ਵਾਪਸ ਕਰ ਦਿੱਤੀ। ਫਿਰ ਉਹ ਉਸਨੂੰ ਖੁੱਡਾ ਲਾਹੌਰਾ ਦੇ ਜੰਗਲੀ ਖੇਤਰ ਵਿਚ ਲੈ ਗਿਆ, ਜਿੱਥੇ ਉਸਨੇ ਸ਼ਰਾਬ ਪੀਤੀ ਅਤੇ ਜ਼ਬਰਦਸਤੀ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਸੀ।
ਪੰਜਾਬ ਦੇ 13 ਜ਼ਿਲ੍ਹਿਆਂ ਲਈ ਅੱਜ ਯੈਲੋ ਅਲਰਟ! 15 ਤਾਰੀਖ਼ ਤਕ ਬਾਰਿਸ਼ ਦੀ ਭਵਿੱਖਬਾਣੀ
NEXT STORY