ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ 14 ਦਸੰਬਰ ਨੂੰ ਚੀਫ ਖਾਲਸਾ ਦੀਵਾਨ ਦੇ ਸਕੂਲ ਹਰਕ੍ਰਿਸ਼ਨ ਪਬਲਿਕ ਸਕੂਲ ਬਾਈਪਾਸ ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਦਾਸ ਦੀ ਆਪਸੀ ਸਹਿਮਤੀ ਨਾਲ ਸਾਂਝੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਭੋਗ ਉਪਰੰਤ ਅਰਦਾਸ ਕਰ ਕੇ ਕੀਤੀ ਜਾਵੇਗੀ। ਅਕਾਲੀ ਨੇਤਾਵਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ 99ਵਾਂ ਸਥਾਪਨਾ ਦਿਵਸ ਕਿਸੇ ਇਕ ਅਕਾਲੀ ਦਲ ਜਾਂ ਧੜੇ ਵਲੋਂ ਨਹੀਂ ਮਨਾਇਆ ਜਾ ਰਿਹਾ, ਸਗੋਂ ਸਰਬ ਸਾਂਝੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮਨਾਇਆ ਜਾ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੇ ਮੁੱਢਲੇ ਸਿਧਾਂਤਾਂ 'ਤੇ ਖੜ੍ਹਾ ਕਰਨਾ, ਸ਼੍ਰੋਮਣੀ ਅਕਾਲੀ ਦਲ 'ਚ ਸੰਪੂਰਨ ਲੋਕਤੰਤਰ ਬਹਾਲ ਕਰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਆਜ਼ਾਦ ਕਰਾਉਣਾ, ਪੰਥ ਦੀਆਂ ਧਾਰਮਿਕ ਸੰਸਥਾਵਾਂ ਦੇ ਡਿੱਗੇ ਅਤੇ ਖੁੱਸੇ ਹੋਏ ਵੱਕਾਰ ਨੂੰ ਮੁੜ ਬਹਾਲ ਕਰਵਾਉਣਾ ਅਤੇ ਸਿੱਖ ਕੌਮ ਦੇ ਧਾਰਮਿਕ ਮੁੱਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਪੁਲਸ ਫਾਇਰਿੰਗ ਦੌਰਾਨ 2 ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਮੁੱਖ ਦੋਸ਼ੀਆਂ ਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣਾ ਮੁੱਖ ਨੀਤੀ ਏਜੰਡਾ ਹੋਵੇਗਾ। ਅਕਾਲੀ ਨੇਤਾ ਨੇ ਕਿਹਾ ਕਿ ਅੱਜ ਇਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਧਾਰਮਿਕ ਸੰਸਥਾਵਾਂ ਤੇ ਪਰਦੇ ਪਿੱਛੇ ਮੁੱਖ ਪ੍ਰਬੰਧਕ ਬਾਦਲ ਪਰਿਵਾਰ 'ਚ ਮਹੰਤ ਨਰੈਣੂ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੇ ਮੁੱਢਲੇ ਸਿਧਾਂਤਾਂ 'ਤੇ ਖੜ੍ਹੇ ਕਰਨ ਦਾ ਪ੍ਰਣ ਕਰਕੇ ਅੱਜ ਦੇ ਮਹੰਤ ਨਰੈਣੂਆ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪੰਥਕ ਧਾਰਮਿਕ ਸੰਸਥਾਵਾਂ ਨੂੰ ਸਿੱਖ ਸੰਗਤ ਦੇ ਸਹਿਯੋਗ ਨਾਲ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਮੁੜ ਖ਼ਾਲਸਾ ਪੰਥ ਨੂੰ ਸੌਂਪਿਆ ਜਾ ਸਕੇ।
ਜਗੀਰ ਕੌਰ ਦੇ ਕਤਲ ਲਈ ਕਾਂਗਰਸੀ ਵਿਧਾਇਕ ਜਲਾਲਪੁਰ ਖਿਲਾਫ ਕੇਸ ਦਰਜ ਹੋਵੇ : ਅਕਾਲੀ ਦਲ
NEXT STORY