ਫਾਜ਼ਿਲਕਾ/ਅਬੋਹਰ (ਕ੍ਰਿਸ਼ਨ): ਅਬੋਹਰ ਦੇ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਦਿਨ-ਦਿਹਾੜੇ ਇਕ ਸਕੂਟੀ ਸਵਾਰ ਦੀ ਜੇਬ ਵਿੱਚੋਂ 2.50 ਲੱਖ ਰੁਪਏ ਖੋਹਣ ਦੇ ਮਾਮਲੇ ਵਿਚ ਥਾਣਾ ਸਿਟੀ 1 ਅਬੋਹਰ ਦੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਅਨੁਸਾਰ, ਸ਼ਿਕਾਇਤਕਰਤਾ ਵਿਨੋਦ ਨਾਰੰਗ ਪੁੱਤਰ ਮੋਹਨ ਲਾਲ ਨਾਰੰਗ ਉਮਰ ਕਰੀਬ 57 ਸਾਲ, ਵਾਸੀ ਗਲੀ ਨੰਬਰ 12, ਮਾਡਲ ਟਾਊਨ, ਅਬੋਹਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 25 ਨਵੰਬਰ 2026 ਨੂੰ ਦੁਪਹਿਰ ਕਰੀਬ 1:30 ਵਜੇ ਉਹ ਆਪਣੇ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਜਾ ਰਿਹਾ ਸੀ।
ਉਸ ਨੇ 2,50,000 ਰੁਪਏ ਇਕ ਲਿਫ਼ਾਫ਼ੇ ਵਿੱਚ ਪਾ ਕੇ ਆਪਣੀ ਖੱਬੀ ਜੇਬ ਵਿਚ ਰੱਖੇ ਹੋਏ ਸਨ ਅਤੇ ਉਹ ਆਪਣੀ ਸਕੂਟੀ (ਨੰਬਰ PB 15-U-8593) 'ਤੇ ਸਵਾਰ ਹੋ ਕੇ ਅਬੋਹਰ ਵੱਲ ਜਾ ਰਿਹਾ ਸੀ। ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਸਤਪਾਲ ਨਾਮ ਦੇ ਵਿਅਕਤੀ ਨੇ ਝਪਟ ਮਾਰ ਕੇ ਉਸਦੀ ਜੇਬ ਵਿੱਚੋਂ ਪੈਸੇ ਖੋਹ ਲਏ। ਘਟਨਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਿਟੀ 1 ਅਬੋਹਰ ਦੀ ਪੁਲਿਸ ਨੇ 27 ਨਵੰਬਰ 2026 ਨੂੰ ਮੁਲਜ਼ਮ ਸਤਪਾਲ ਸਿੰਘ ਉਰਫ ਬੱਬਰ ਪੁੱਤਰ ਜਸਵੀਰ ਸਿੰਘ (ਵਾਸੀ ਕੁੰਡਲ, ਅਬੋਹਰ) ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 304(2) ਤਹਿਤ ਮੁਕੱਦਮਾ ਨੰਬਰ 385 ਦਰਜ ਕੀਤਾ ਹੈ।
ਪੁਲਸ ਵੱਲੋਂ ਮੁਲਜ਼ਮ ਸਤਪਾਲ ਸਿੰਘ ਉਰਫ ਬੱਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਹੈੱਡ ਕਾਂਸਟੇਬਲ (HC) ਸਵਰਾਜ ਵੱਲੋਂ ਕੀਤੀ ਜਾ ਰਹੀ ਹੈ।
ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੇ ਮਾਮਲੇ 'ਚ ਕੈਂਟਰ ਚਾਲਕ 'ਤੇ ਮਾਮਲਾ ਦਰਜ
NEXT STORY