ਅੰਮ੍ਰਿਤਸਰ (ਜ.ਬ.): ਥਾਣਾ ਤਰਸਿੱਕਾ ਅਧੀਨ ਆਉਂਦੇ ਪਿੰਡ ਸੇਦੋਲੇਲ ਵਿਚ ਬੀਤੇ ਦਿਨੀਂ ਮੌਜੂਦਾ ਮਹਿਲਾ ਸਰਪੰਚ ਤੋਂ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟਣ ਦੀ ਵਾਰਦਾਤ ਨੂੰ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ ਵਿਚ ਦੋ ਮੁੱਖ ਝਪਟਮਾਰਾਂ ਦੇ ਨਾਲ-ਨਾਲ ਝਪਟਿਆ ਹੋਇਆ ਸੋਨਾ ਖਰੀਦਣ ਵਾਲੇ ਇਕ ਸੁਨਿਆਰੇ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਸਰਪੰਚ ਤੋਂ ਝਪਟੀਆਂ ਸੋਨੇ ਦੀਆਂ ਵਾਲੀਆਂ ਅਤੇ ਵਾਰਦਾਤ ਵਿਚ ਵਰਤੀ ਗਈ ਪਲਸਰ ਮੋਟਰਸਾਈਕਲ ਵੀ ਬਰਾਮਦ ਕਰ ਲਈ ਹੈ।
ਘਰ ਦੇ ਬਾਹਰ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ 23 ਸਤੰਬਰ ਨੂੰ ਪਿੰਡ ਸੇਦੋਲੇਲ ਦੀ ਮੌਜੂਦਾ ਸਰਪੰਚ ਅਮਰਜੀਤ ਕੌਰ, ਉਮਰ ਲਗਭਗ 62 ਸਾਲ, ਦੇ ਘਰ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ। ਮੁਲਜ਼ਮਾਂ ਨੇ ਮੌਕਾ ਮਿਲਦਿਆਂ ਹੀ ਸਰਪੰਚ ਅਮਰਜੀਤ ਕੌਰ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਤੁਰੰਤ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਇਹ ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ।
ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਤੇਜ਼ ਕਾਰਵਾਈ
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ, ਐੱਸਪੀ ਇਨਵੈਸਟੀਗੇਸ਼ਨ ਰਮਨਦੀਪ ਸਿੰਘ ਅਤੇ ਡੀਐੱਸਪੀ ਜੰਡਿਆਲਾ ਬਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਰਸਿੱਕਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਇਲਾਕੇ ਦੇ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਮਹਿਜ਼ ਤਿੰਨ ਦਿਨਾਂ ਦੇ ਅੰਦਰ 26 ਸਤੰਬਰ ਨੂੰ ਦੋਵੇਂ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਮੁਲਜ਼ਮਾਂ ਦੀ ਪਛਾਣ ਅਤੇ ਅਪਰਾਧਿਕ ਰਿਕਾਰਡ
ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮਾਂ ਦੀ ਪਛਾਣ ਮੰਗਾ ਨਾਥ ਅਤੇ ਸੂਰਜ ਨਾਥ ਵਜੋਂ ਹੋਈ ਹੈ, ਜੋ ਤਰਨਤਾਰਨ ਰੇਲਵੇ ਸਟੇਸ਼ਨ ਦੇ ਨੇੜੇ ਝੁੱਗੀਆਂ ਵਿੱਚ ਰਹਿੰਦੇ ਹਨ। ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਖ਼ਿਲਾਫ਼ ਪਹਿਲਾਂ ਵੀ ਮੋਗਾ ਅਤੇ ਟਾਂਡਾ ਵਿੱਚ ਸਨੈਚਿੰਗ ਅਤੇ ਹੋਰ ਧਾਰਾਵਾਂ ਤਹਿਤ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਟਾਂਡਾ ਵਾਲੇ ਮਾਮਲੇ ਵਿੱਚ ਇੱਕ ਮੁਲਜ਼ਮ ਭਗੌੜਾ (ਪੀ.ਓ.) ਵੀ ਚੱਲ ਰਿਹਾ ਸੀ।
ਵਾਰਦਾਤ ਦਾ ਅਨੋਖਾ ਤਰੀਕਾ, ਸੁਨਿਆਰਾ ਵੀ ਗ੍ਰਿਫ਼ਤਾਰ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਿਸੇ ਤਰ੍ਹਾਂ ਦੀ ਪਹਿਲਾਂ ਰੇਕੀ ਨਹੀਂ ਕੀਤੀ ਸੀ। ਉਹ ਬਿਨਾਂ ਕਿਸੇ ਹਥਿਆਰ ਦੇ ਗਲੀਆਂ ਵਿੱਚ ਘੁੰਮਦੇ ਅਤੇ ਕਿਸੇ ਵੀ ਘਰ ਦਾ ਦਰਵਾਜ਼ਾ ਖੜਕਾ ਦਿੰਦੇ ਸਨ। ਜਦੋਂ ਕੋਈ ਮਹਿਲਾ ਬਾਹਰ ਆਉਂਦੀ ਤਾਂ ਉਹ ਪਾਣੀ ਮੰਗਣ ਜਾਂ ਗੱਲਬਾਤ ਕਰਨ ਦਾ ਬਹਾਨਾ ਬਣਾਉਂਦੇ ਸਨ। ਜੇਕਰ ਮਹਿਲਾ ਨੇ ਸੋਨੇ ਦੇ ਗਹਿਣੇ ਪਹਿਨੇ ਹੁੰਦੇ ਤਾਂ ਉਹ ਝਪਟ ਕੇ ਫ਼ਰਾਰ ਹੋ ਜਾਂਦੇ ਸਨ। ਜੇਕਰ ਕੋਈ ਗਹਿਣਾ ਨਜ਼ਰ ਨਾ ਆਉਂਦਾ ਤਾਂ ਆਮ ਗੱਲਬਾਤ ਕਰਕੇ ਉੱਥੋਂ ਅੱਗੇ ਚਲੇ ਜਾਂਦੇ ਸਨ।
ਫੜੇ ਗਏ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਲੁੱਟਿਆ ਗਿਆ ਸੋਨਾ ਖਰੀਦਣ ਵਾਲੇ ਸੁਨਿਆਰੇ ਹਰਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਹਰਪ੍ਰੀਤ ਸਿੰਘ ਪਹਿਲਾਂ ਦੁਕਾਨ ਚਲਾਉਂਦਾ ਸੀ, ਪਰ ਦੁਕਾਨ ਬੰਦ ਕਰਨ ਤੋਂ ਬਾਅਦ ਉਹ ਆਪਣੇ ਘਰ ਤੋਂ ਹੀ ਕਥਿਤ ਤੌਰ ’ਤੇ ਚੋਰੀ ਅਤੇ ਝਪਟੇ ਗਏ ਗਹਿਣੇ ਖਰੀਦਣ ਦਾ ਕੰਮ ਕਰਦਾ ਸੀ। ਪੁਲਸ ਨੇ ਉਸ ਕੋਲੋਂ ਸਰਪੰਚ ਅਮਰਜੀਤ ਕੌਰ ਤੋਂ ਝਪਟੀਆਂ ਗਈਆਂ ਸੋਨੇ ਦੀਆਂ ਵਾਲੀਆਂ ਵੀ ਬਰਾਮਦ ਕਰ ਲਈਆਂ ਹਨ। ਪੁਲਸ ਵੱਲੋਂ ਤਿੰਨਾਂ ਮੁਲਜ਼ਮਾਂ ਕੋਲੋਂ ਅਗਲੀ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।
ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਮੌਕਾ, ਇਕ ਦਿਨ ’ਚ ਹੋਈ 2.10 ਕਰੋੜ ਦੀ ਵਸੂਲੀ
NEXT STORY