ਅੰਮ੍ਰਿਤਸਰ (ਦਲਜੀਤ)- ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਸਿਹਤ ਵਿਭਾਗ ਵੱਲੋਂ ਨਕਲੀ ਅਤੇ ਗੈਰ-ਦੁੱਧੀ ਪਨੀਰ ਦੀ ਤਿਆਰੀ, ਭੰਡਾਰਨ, ਢੋਆ-ਢੁਆਈ, ਵੰਡ ਅਤੇ ਵਿਕਰੀ ’ਤੇ ਰੋਕ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਜਾਰੀ ਕੀਤੀ ਇਸ ਐਡਵਾਈਜ਼ਰੀ ਦੇ ਆਧਾਰ ’ਤੇ ਜ਼ਿਲਾ ਅੰਮ੍ਰਿਤਸਰ ਵਿਚ ਵੀ ਪਨੀਰ ਦੀ ਗੁਣਵੱਤਾ ਨੂੰ ਲੈ ਕੇ ਜਾਂਚ ਮੁਹਿੰਮ ਤੇਜ਼ ਕੀਤੀ ਜਾਵੇਗੀ। ਜ਼ਿਲਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੋਲ ਨੇ ਸਪੱਸ਼ਟ ਕੀਤਾ ਹੈ ਕਿ ਪਨੀਰ ਦੇ ਨਾਂ ’ਤੇ ਗੈਰ-ਮਿਆਰੀ ਜਾਂ ਗੈਰ-ਦੁੱਧੀ ਉਤਪਾਦ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ: ਘਰ ’ਚ ਇਕੱਲੀ ਔਰਤ ਦਾ ਕਰੰਟ ਲਗਾ ਕੇ ਕਤਲ
ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਦੁੱਧ ਤੋਂ ਤਿਆਰ ਹੋਣ ਵਾਲੇ ਪਨੀਰ ਦੇ ਨਿਰਧਾਰਤ ਮਿਆਰਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਜਿਹੜੇ ਕਾਰੋਬਾਰੀ ਦੁੱਧ ਤੋਂ ਇਲਾਵਾ ਹੋਰ ਪਦਾਰਥਾਂ ਦੀ ਵਰਤੋਂ ਕਰ ਕੇ ਪਨੀਰ ਵਰਗਾ ਉਤਪਾਦ ਤਿਆਰ ਕਰਦੇ ਹਨ ਅਤੇ ਉਸ ਨੂੰ ਆਮ ਪਨੀਰ ਦੇ ਨਾਂ ਨਾਲ ਵੇਚਦੇ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- SGPC ਦੀ ਪਾਕਿਸਤਾਨ ਨੂੰ ਅਪੀਲ, 500 ਪਾਕਿ ਸਿੱਖ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਦਿਓ ਇਜਾਜ਼ਤ
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੋਲ ਨੇ ਕਿਹਾ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਪਨੀਰ ਬਣਾਉਣ ਵਾਲੀਆਂ ਇਕਾਈਆਂ, ਡੇਅਰੀਆਂ, ਥੋਕ ਵਿਕਰੇਤਾਵਾਂ, ਵੰਡਕਾਰਾਂ, ਪ੍ਰਚੂਨ ਦੁਕਾਨਦਾਰਾਂ, ਠੰਢੇ ਭੰਡਾਰਾਂ ਅਤੇ ਗੋਦਾਮਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਨੀਰ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਥਾਂ ’ਤੇ ਨਿਯਮਾਂ ਦੀ ਉਲੰਘਣਾ ਮਿਲਣ ’ਤੇ ਨਮੂਨੇ ਲਏ ਜਾਣਗੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ: 8 ਆਧੁਨਿਕ ਪਿਸਤੌਲ ਤੇ ਹੈਰੋਇਨ ਦੀ ਵੱਡੀ ਖੇਪ ਸਣੇ 6 ਮੁਲਜ਼ਮ ਗ੍ਰਿਫਤਾਰ, ਡਰੋਨ ਰਾਹੀਂ ਕਰਦੇ ਸੀ ਸਮੱਗਲਿੰਗ
ਹੋਟਲਾਂ ਤੇ ਰੈਸਟੋਰੈਂਟਾਂ ’ਚ ਵੀ ਹੋਵੇਗੀ ਜਾਂਚ
ਡਾਕਟਰ ਰਟੋਲ ਅਨੁਸਾਰ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਿਰਫ਼ ਪਨੀਰ ਬਣਾਉਣ ਵਾਲੀਆਂ ਇਕਾਈਆਂ ਹੀ ਨਹੀਂ, ਸਗੋਂ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਖਾਣ-ਪੀਣ ਦੀਆਂ ਸੇਵਾਵਾਂ ਦੇਣ ਵਾਲੇ ਅਦਾਰਿਆਂ, ਸੰਸਥਾਗਤ ਰਸੋਈਆਂ ਅਤੇ ਹੋਰ ਖੁਰਾਕੀ ਅਦਾਰਿਆਂ ਵਿਚ ਵਰਤੇ ਜਾ ਰਹੇ ਪਨੀਰ ਦੀ ਵੀ ਜਾਂਚ ਕੀਤੀ ਜਾਵੇਗੀ। ਅਧਿਕਾਰੀ ਇਹ ਵੀ ਪਤਾ ਲਗਾਉਣਗੇ ਕਿ ਸਬੰਧਤ ਅਦਾਰਾ ਪਨੀਰ ਕਿੱਥੋਂ ਖ਼ਰੀਦ ਰਿਹਾ ਹੈ ਅਤੇ ਉਸ ਦੀ ਖ਼ਰੀਦ ਸਬੰਧੀ ਰਿਕਾਰਡ ਮੌਜੂਦ ਹੈ ਜਾਂ ਨਹੀਂ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਗੈਰ-ਮਿਆਰੀ ਪਨੀਰ ਦੀ ਵਿਕਰੀ ਨੂੰ ਰੋਕਣ ਲਈ ਸਿਰਫ਼ ਉਤਪਾਦ ਬਣਾਉਣ ਵਾਲਿਆਂ ਦੀ ਜਾਂਚ ਕਾਫ਼ੀ ਨਹੀਂ ਹੈ। ਇਸ ਲਈ ਪਨੀਰ ਦੀ ਸਪਲਾਈ ਲੜੀ ਨਾਲ ਜੁੜੇ ਹਰ ਪੱਧਰ ’ਤੇ ਨਿਗਰਾਨੀ ਰੱਖੀ ਜਾਵੇਗੀ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪਨੀਰ ਦੇ ਨਾਮ ’ਤੇ ਗੈਰ-ਦੁੱਧੀ ਉਤਪਾਦ ਤਿਆਰ ਕਰਕੇ, ਭੰਡਾਰ ਕਰਕੇ, ਢੋਆ-ਢੁਆਈ ਕਰਕੇ ਜਾਂ ਵੇਚ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਕੋਈ ਨਰਮੀ ਨਹੀਂ
ਫੂਡ ਸੇਫਟੀ ਅਧਿਕਾਰੀ ਮੈਡਮ ਰਜਨੀ ਨੇ ਦੱਸਿਆ ਕਿ ਪਨੀਰ ਦੇ ਨਾਮ ’ਤੇ ਗੈਰ-ਦੁੱਧੀ ਜਾਂ ਗੈਰ-ਮਿਆਰੀ ਉਤਪਾਦ ਲੋਕਾਂ ਨੂੰ ਵੇਚਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੇ ਆਧਾਰ ’ਤੇ ਜ਼ਿਲੇ ਵਿਚ ਜਾਂਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਪਨੀਰ ਬਣਾਉਣ ਵਾਲੀਆਂ ਇਕਾਈਆਂ ਤੋਂ ਲੈ ਕੇ ਦੁਕਾਨਾਂ, ਹੋਟਲਾਂ ਅਤੇ ਰੈਸਟੋਰੈਂਟਾਂ ਤੱਕ ਜਾਂਚ ਕੀਤੀ ਜਾਵੇਗੀ। ਜਿਥੇ ਵੀ ਨਿਯਮਾਂ ਦੀ ਉਲੰਘਣਾ ਮਿਲੇਗੀ, ਉੱਥੇ ਨਮੂਨੇ ਲੈ ਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ।”
ਲੋਕ ਰਹਿਣ ਜਾਗਰੂਕ, ਸ਼ੱਕੀ ਗੁਣਵੱਤਾ ਵਾਲਾ ਪਨੀਰ ਨਾ ਖ਼ਰੀਦਣ
ਸਿਵਲ ਸਰਜਨ ਡਾਕਟਰ ਰਸ਼ਮੀ ਵਿੱਜ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਹੈ। ਪਨੀਰ ਵਰਗੇ ਖੁਰਾਕੀ ਪਦਾਰਥ ਵਿਚ ਕਿਸੇ ਵੀ ਕਿਸਮ ਦੀ ਮਿਲਾਵਟ ਜਾਂ ਗੈਰ-ਮਿਆਰੀ ਉਤਪਾਦ ਦੀ ਵਿਕਰੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਲੋਕ ਵੀ ਜਾਗਰੂਕ ਰਹਿਣ ਅਤੇ ਸ਼ੱਕੀ ਗੁਣਵੱਤਾ ਵਾਲਾ ਪਨੀਰ ਨਾ ਖ਼ਰੀਦਣ। ਜੇਕਰ ਕਿਸੇ ਵਿਅਕਤੀ ਨੂੰ ਗੈਰ-ਮਿਆਰੀ ਜਾਂ ਸ਼ੱਕੀ ਪਨੀਰ ਦੀ ਵਿਕਰੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਸਿਹਤ ਵਿਭਾਗ ਦੇ ਧਿਆਨ ਵਿੱਚ ਮਾਮਲਾ ਲਿਆਵੇ। ਲੋਕਾਂ ਦੀ ਸਿਹਤ ਨਾਲ ਸਮਝੌਤਾ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਕੀਤਾ ਜਾਵੇਗਾ।”
ਨਿਯਮ ਤੋੜਨ ਵਾਲਿਆਂ ’ਤੇ ਹੋਵੇਗੀ ਕਾਨੂੰਨੀ ਕਾਰਵਾਈ
ਡਾਕਟਰ ਮਨਜੀਤ ਸਿੰਘ ਰਟੋਲ ਦੇ ਅਨੁਸਾਰ ਐਡਵਾਈਜ਼ਰੀ ਵਿਚ ਖੁਰਾਕ ਸੁਰੱਖਿਆ ਅਤੇ ਮਿਆਰਾਂ ਨਾਲ ਸਬੰਧਤ ਕਾਨੂੰਨ ਅਤੇ ਨਿਯਮਾਂ ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਖੁਰਾਕੀ ਕਾਰੋਬਾਰੀ ਪਾਬੰਦੀ ਦੇ ਬਾਵਜੂਦ ਗੈਰ-ਦੁੱਧੀ ਪਨੀਰ ਨੂੰ ਪਨੀਰ ਦੇ ਨਾਮ ਨਾਲ ਤਿਆਰ, ਭੰਡਾਰ, ਢੋਆ-ਢੁਆਈ, ਵੰਡ ਜਾਂ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਕਾਰੋਬਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਪਨੀਰ ਦੀ ਖ਼ਰੀਦ ਅਤੇ ਵਿਕਰੀ ਸਬੰਧੀ ਸਾਰੇ ਰਿਕਾਰਡ ਸੰਭਾਲ ਕੇ ਰੱਖਣ ਅਤੇ ਸਿਰਫ਼ ਮਿਆਰੀ ਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਤਿਆਰ ਪਨੀਰ ਹੀ ਲੋਕਾਂ ਨੂੰ ਵੇਚਣ।
ਵਿਭਾਗ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਹੁਣ ਸਖ਼ਤ ਰੁਖ਼ ਅਪਣਾਇਆ ਜਾਵੇਗਾ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਪਨੀਰ ਖ਼ਰੀਦਣ ਸਮੇਂ ਇਸ ਦੀ ਗੁਣਵੱਤਾ, ਪੈਕਿੰਗ ਅਤੇ ਸਰੋਤ ਬਾਰੇ ਪੂਰੀ ਜਾਣਕਾਰੀ ਲੈਣ। ਜੇਕਰ ਕਿਸੇ ਦੁਕਾਨ, ਹੋਟਲ ਜਾਂ ਹੋਰ ਖੁਰਾਕੀ ਅਦਾਰੇ ਵਿਚ ਸ਼ੱਕੀ ਪਨੀਰ ਵਿਕਦਾ ਨਜ਼ਰ ਆਵੇ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਜ਼ਿਲ੍ਹਾ ਸਿਹਤ ਵਿਭਾਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਅਦਾਰੇ ਨੂੰ ਕਾਨੂੰਨ ਦੇ ਘੇਰੇ ਤੋਂ ਬਾਹਰ ਨਹੀਂ ਰਹਿਣ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੁੱਤੀਆਂ ਦੀ ਦੁਕਾਨ ਦੀ ਆੜ ’ਚ ਜਾਸੂਸੀ! ਲੁਧਿਆਣਾ ਤੋਂ ਪਾਕਿਸਤਾਨੀ ਨੈੱਟਵਰਕ ਦਾ ਪਰਦਾਫ਼ਾਸ਼
NEXT STORY