ਚੰਡੀਗੜ੍ਹ: ਪੰਜਾਬ ਵਿਚ ਝੋਨੇ ਦੀ ਕਟਾਈ ਲਗਭਗ 98 ਫੀਸਦੀ ਪੂਰੀ ਹੋਣ ਦੇ ਬਾਵਜੂਦ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਦੀ ਹਵਾ ਕਾਫ਼ੀ ਜ਼ਹਿਰੀਲੀ ਹੋ ਚੁੱਕੀ ਹੈ। 14 ਨਵੰਬਰ ਤੱਕ ਦੇ ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਵਿਚ ਪਰਾਲੀ ਜਲਾਉਣ ਦੇ ਕੁੱਲ 5835 ਮਾਮਲੇ ਦਰਜ ਹੋ ਚੁੱਕੇ ਹਨ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿਚ ਦਰਜ 4826 ਮਾਮਲਿਆਂ ਦੇ ਮੁਕਾਬਲੇ 1009 ਥਾਵਾਂ ਜ਼ਿਆਦਾ ਹਨ।
ਹਵਾ ਪ੍ਰਦੂਸ਼ਣ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਖੰਨਾ ਵਿਚ ਏ.ਕਿਊ.ਆਈ. 255, ਪਟਿਆਲਾ ਵਿਚ 242, ਲੁਧਿਆਣਾ ਵਿਚ 208, ਮੰਡੀ ਗੋਬਿੰਦਗੜ੍ਹ ਵਿਚ 186 ਅਤੇ ਅੰਮ੍ਰਿਤਸਰ ਵਿਚ 148 ਰਿਕਾਰਡ ਕੀਤਾ ਗਿਆ ਹੈ। ਜ਼ਿਲ੍ਹੇਵਾਰ ਅੰਕੜਿਆਂ ਅਨੁਸਾਰ ਫ਼ਿਰੋਜ਼ਪੁਰ 808 ਅੱਗ ਦੇ ਮਾਮਲਿਆਂ ਨਾਲ ਸਭ ਤੋਂ ਅੱਗੇ ਹੈ, ਜਦੋਂ ਕਿ ਤਰਨਤਾਰਨ ਵਿਚ 697, ਸੰਗਰੂਰ ਵਿਚ 678, ਬਠਿੰਡਾ ਵਿਚ 513, ਪਟਿਆਲਾ ਵਿਚ 391, ਬਰਨਾਲਾ ਵਿਚ 337 ਅਤੇ ਲੁਧਿਆਣਾ ਵਿਚ 300 ਘਟਨਾਵਾਂ ਸਾਹਮਣੇ ਆਈਆਂ ਹਨ।
ਪਰਾਲੀ ਸਾੜਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਹੁਣ ਤੱਕ 1834 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 2015 ਖੇਤਾਂ ਵਿਚ ਰੈੱਡ ਐਂਟਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਕਰਨ 'ਤੇ 1 ਕਰੋੜ 8 ਲੱਖ 55 ਹਜ਼ਾਰ ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ ਸੀ, ਪਰ ਹੁਣ ਤੱਕ ਪ੍ਰਸ਼ਾਸਨ ਵੱਲੋਂ ਸਿਰਫ਼ 40 ਲੱਖ 40 ਹਜ਼ਾਰ ਰੁਪਏ ਹੀ ਵਸੂਲ ਕੀਤੇ ਜਾ ਸਕੇ ਹਨ ਅਤੇ 68 ਲੱਖ 15 ਹਜ਼ਾਰ ਰੁਪਏ ਦੀ ਵਸੂਲੀ ਅਜੇ ਵੀ ਬਾਕੀ ਹੈ।
ਦੂਜੇ ਪਾਸੇ ਪ੍ਰਸ਼ਾਸਨਿਕ ਨਿਗਰਾਨੀ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਨੋਡਲ ਅਤੇ ਸੁਪਰਵਾਈਜ਼ਰੀ ਅਧਿਕਾਰੀਆਂ ਨੂੰ 1607 ਚੇਤਾਵਨੀ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ 5539 ਖੇਤਾਂ ਦੇ ਨਿਰੀਖਣ ਦੌਰਾਨ 2442 ਥਾਵਾਂ 'ਤੇ ਅੱਗ ਲੱਗਣ ਦੀ ਭੌਤਿਕ ਪੁਸ਼ਟੀ ਹੋਈ ਅਤੇ 246 ਖੇਤਾਂ ਵਿਚ ਸੜਨ ਦੇ ਨਿਸ਼ਾਨ ਮਿਲੇ ਹਨ। ਇਸ ਤਰ੍ਹਾਂ ਪ੍ਰਸ਼ਾਸਨ ਦੀਆਂ ਸਖ਼ਤੀਆਂ ਅਤੇ ਦਾਅਵਿਆਂ ਦੇ ਬਾਵਜੂਦ ਧੂੰਏਂ ਦੀ ਚਾਦਰ ਘਟਣ ਦਾ ਨਾਂ ਨਹੀਂ ਲੈ ਰਹੀ ਅਤੇ ਧੂੰਏਂ ਕਾਰਨ ਆਮ ਲੋਕਾਂ ਦਾ ਸਾਹ ਲੈਣਾ ਦੁੱਭਰ ਹੋ ਰਿਹਾ ਹੈ।
ਪੰਜਾਬ 'ਚ ਹਜ਼ਾਰਾਂ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡੀ ਖ਼ਬਰ! ਗ੍ਰਹਿ ਵਿਭਾਗ ਨੇ ਜਾਰੀ ਕਰ 'ਤੇ ਨਵੇਂ ਹੁਕਮ
NEXT STORY