ਭਾਜਪਾ ਦੇ ਰਾਸ਼ਟਰੀ ਮੁੱਖ ਦਫ਼ਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨਾਲ ਵਿਸ਼ੇਸ਼ ਗੱਲਬਾਤ
ਸਵਾਲ-1 : ਅੰਮ੍ਰਿਤਸਰ 'ਚ ਡਿਊਟੀ 'ਤੇ ਤਾਇਨਾਤ ਏ. ਐੱਸ. ਆਈ. ਹਰਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਹੋਇਆ। ਤੁਸੀਂ ਇਸ ਨੂੰ ਭੈਅ ਦਾ ਵਾਤਾਵਰਣ ਕਿਹਾ ਸੀ। ਪੰਜਾਬ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਅੱਜ ਕਿੱਥੇ ਖੜ੍ਹੀ ਹੈ?
ਤਰੁਣ ਚੁੱਘ : ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਮਜੀਠਾ 'ਚ ਪਹਿਲਾਂ ਘਟਨਾ ਹੋਈ, ਪਠਾਨਕੋਟ 'ਚ ਪੁਲਸ ਚੌਂਕੀ 'ਚ ਘਟਨਾ ਹੋਈ ਹੈ। ਏ. ਐੱਸ. ਆਈ. ਹਰਜੀਤ ਸਿੰਘ ਡਿਊਟੀ 'ਤੇ ਸਨ, ਵਰਦੀ 'ਚ ਸਨ ਅਤੇ ਉਨ੍ਹਾਂ ਨੂੰ ਦਿਨ-ਦਿਹਾੜੇ ਗੋਲੀ ਮਾਰ ਦਿੱਤੀ ਗਈ। ਇਹ ਇਕ ਪਰਿਵਾਰ ਦੀ ਤ੍ਰਾਸਦੀ ਹੈ, ਪਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਇਹ ਪੂਰੇ ਸੂਬੇ ਦੀ ਕਾਨੂੰਨ-ਵਿਵਸਥਾ ਤੰਤਰ ਨੂੰ ਦਿੱਤੀ ਗਈ ਖੁੱਲ੍ਹੀ ਚੁਣੌਤੀ ਹੈ। ਜਿਸ ਸੂਬੇ 'ਚ ਵਰਦੀ ਸੁਰੱਖਿਅਤ ਨਹੀਂ ਹੈ, ਉੱਥੇ ਆਮ ਆਦਮੀ ਕਿਵੇਂ ਸੁਰੱਖਿਅਤ ਰਹੇਗਾ? ਜੋ ਪੁਲਸ ਮੁਲਾਜ਼ਮ ਦੂਜਿਆਂ ਦੀ ਰੱਖਿਆ ਲਈ ਤਾਇਨਾਤ ਹਨ, ਜੇਕਰ ਉਨ੍ਹਾਂ ਦੀ ਹੀ ਰੱਖਿਆ ਨਹੀਂ ਹੋ ਸਕਦੀ ਤਾਂ ਸਰਕਾਰ ਨੂੰ ਇਹ ਦੱਸਣਾ ਪਵੇਗਾ ਕਿ ਸੂਬੇ 'ਚ ਕਾਨੂੰਨ ਦਾ ਸ਼ਾਸਨ ਹੈ ਜਾਂ ਅਪਰਾਧੀਆਂ ਦਾ ਮਨੋਬਲ। ਮੈਂ ਸ਼ਹੀਦ ਏ. ਐੱਸ. ਆਈ. ਹਰਜੀਤ ਸਿੰਘ ਦੇ ਪਰਿਵਾਰ ਦੇ ਨਾਲ ਪੂਰੀ ਹਮਰਦਰਦੀ ਰੱਖਦਾ ਹਾਂ ਅਤੇ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਪੂਰੀ ਸੱਚਾਈ ਜਨਤਾ ਦੇ ਸਾਹਮਣੇ ਲਿਆਂਦੀ ਜਾਵੇ ਅਤੇ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ।
ਸਵਾਲ-2 : ਪੁਲਸ ਦਾ ਕਹਿਣਾ ਹੈ ਕਿ ਇਸ ਕਤਲ ਦੇ ਪਿੱਛੇ ਪਾਕਿਸਤਾਨ 'ਚ ਬੈਠਾ ਇਕ ਹੈਂਡਲਰ ਸੀ, ਜਿਸ ਨੇ ਨਸ਼ਾ ਤਸਕਰੀ ਦੇ ਨੈੱਟਵਰਕ 'ਚ ਸ਼ਾਮਲ ਹੋਣ ਲਈ ਲਾਇਲਟੀ ਟੈਸਟ ਦੇ ਤੌਰ 'ਤੇ ਪੁਲਸ ਮੁਲਾਜ਼ਮ ਦਾ ਕਤਲ ਕਰਵਾਇਆ ਅਤੇ ਉਸ ਦਾ ਵੀਡੀਓ ਮੰਗਿਆ। ਇਸ ਖ਼ੁਲਾਸੇ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਤਰੁਣ ਚੁੱਘ : ਸੋਚੋ, ਸਰਹੱਦ 'ਤੇ ਬੈਠਾ ਇਕ ਆਦਮੀ ਪੰਜਾਬ ਦੇ ਨੌਜਵਾਨਾਂ ਨੂੰ ਇਹ ਨਿਰਦੇਸ਼ ਦੇ ਰਿਹਾ ਹੈ ਕਿ ਕਿਸੇ ਇਕੱਲੇ ਪੁਲਸ ਮੁਲਾਜ਼ਮ ਨੂੰ ਚੁਣੋ, ਉਸ ਨੂੰ ਮਾਰੋ ਅਤੇ ਉਸ ਦਾ ਵੀਡੀਓ ਭੇਜੋ, ਉਦੋਂ ਤੁਹਾਨੂੰ ਨਸ਼ੇ ਦੇ ਧੰਦੇ 'ਚ ਜਗ੍ਹਾ ਮਿਲੇਗੀ। ਇਹ ਸਿਰਫ ਅਪਰਾਧ ਹੀ ਨਹੀਂ ਹੈ, ਇਹ ਨਸ਼ਾ ਅਤੇ ਅੱਤਵਾਦ ਦਾ ਗਠਜੋੜ ਹੈ, ਜਿਸ ਨੂੰ ਪੰਜਾਬ ਦੀ ਜ਼ਮੀਨ 'ਤੇ ਕੰਮ ਕਰਨ ਦੀ ਖੁੱਲ੍ਹੀ ਛੁੱਟੀ ਮਿਲ ਗਈ ਹੈ। ਇਹ ਮੇਰਾ ਸਵਾਲ ਹੈ-ਜੇਕਰ ਨਸ਼ੇ ਦਾ ਨੈੱਟਵਰਕ ਇੰਨਾ ਤਾਕਤਵਰ ਹੋ ਗਿਆ ਹੈ ਕਿ ਉਹ ਪੰਜਾਬ ਪੁਲਸ ਦੇ ਜਵਾਨ ਦੇ ਕਤਲ ਦਾ ਹੁਕਮ ਦੇ ਸਕਦਾ ਹੈ ਤਾਂ ਪਿਛਲੇ ਸਾਢੇ ਚਾਰ ਸਾਲ 'ਚ ਸਰਕਾਰ ਨੇ ਇਸ ਨੈੱਟਵਰਕ ਨੂੰ ਤੋੜਨ ਲਈ ਅਸਲ 'ਚ ਕੀ ਕੀਤਾ?
ਸਵਾਲ-3 : ਇਸ ਕਤਲ ਤੋਂ ਬਾਅਦ ਰਿਪੋਰਟ ਆਈ ਕਿ ਹੋਰ ਪੁਲਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਵਾਲਾ ਇਨਪੁੱਟ ਮਿਲਿਆ ਹੈ ਅਤੇ ਪੁਲਸ ਨੂੰ ਵਰਦੀ 'ਚ ਸਫ਼ਰ ਨਾ ਕਰਨ ਵਰਗੀ ਸਲਾਹ ਦਿੱਤੀ ਗਈ। ਇਹ ਸਥਿਤੀ ਕੀ ਕਹਿੰਦੀ ਹੈ?
ਤਰੁਣ ਚੁੱਘ : ਇਹ ਸਥਿਤੀ ਪੰਜਾਬ ਦੇ ਇਤਿਹਾਸ 'ਚ ਸ਼ਰਮਨਾਕ ਅਧਿਆਏ ਹੈ। ਪੰਜਾਬ ਪੁਲਸ ਜਿਸ ਨੇ ਅੱਤਵਾਦ ਦੇ ਸਭ ਤੋਂ ਮੁਸ਼ਕਲ ਦੌਰ 'ਚ ਦੇਸ਼ ਲਈ ਸਰਵਉੱਚ ਬਲੀਦਾਨ ਦਿੱਤੇ, ਅੱਜ ਉਸੇ ਪੁਲਸ ਦੇ ਜਵਾਨ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਵਰਦੀ ਪਾ ਕੇ ਬਾਹਰ ਨਾ ਨਿਕਲੇ। ਵਰਦੀ ਦਾ ਖ਼ੌਫ ਅਪਰਾਧੀਆਂ 'ਚ ਹੋਣਾ ਚਾਹੀਦਾ ਹੈ ਨਾ ਕਿ ਵਰਦੀ ਨੂੰ ਖ਼ੌਫ਼ 'ਚ ਉਤਾਰ ਦੇਣ ਦੀ ਕਵਾਇਦ। ਜਿਸ ਦਿਨ ਰੱਖਿਅਕ ਨੂੰ ਲੁਕਣ ਦੀ ਸਲਾਹ ਦਿੱਤੀ ਜਾਂਦੀ ਹੈ, ਉਸ ਦਿਨ ਅਪਰਾਧੀ ਨੂੰ ਖੁੱਲ੍ਹਾ ਘੁੰਮਣ ਦਾ ਲਾਇਸੈਂਸ ਮਿਲ ਜਾਂਦਾ ਹੈ। ਮੈਂ ਪੰਜਾਬ ਸਰਕਾਰ ਨੂੰ ਪੁੱਛਦਾ ਹਾਂ ਕਿ ਤੁਸੀਂ ਆਪਣੇ ਜਵਾਨਾਂ ਨੂੰ ਸੁਰੱਖਿਆ ਦੇਵੋਗੇ ਜਾਂ ਸਿਰਫ ਸਲਾਹ ਦੇਵੋਗੇ? ਪੁਲਸ ਨੂੰ ਬੁਲਟ ਪਰੂਫ ਸੁਰੱਖਿਆ, ਆਧੁਨਿਕ ਤਕਨੀਕ, ਨਿਗਰਾਨੀ ਤੰਤਰ ਅਤੇ ਸਿਆਸੀ ਦਬਾਅ ਤੋਂ ਮੁਕਤ ਵਾਤਾਵਰਣ ਚਾਹੀਦਾ ਹੈ, ਨਾ ਕਿ ਸਲਾਹ ਪੱਤਰ।
ਸਵਾਲ-4 : ਤੁਸੀਂ ਲਗਾਤਾਰ ਥਾਣਿਆਂ 'ਤੇ ਹਮਲਿਆਂ ਦਾ ਜ਼ਿਕਰ ਕਰਦੇ ਹੋ। ਕਿੰਨੀ ਗੰਭੀਰ ਹੈ ਇਹ ਸਥਿਤੀ?
ਤਰੁਣ ਚੁੱਘ : ਪੰਜਾਬ 'ਚ 23 ਪੁਲਸ ਥਾਣਿਆਂ 'ਤੇ ਗ੍ਰਨੇਡ ਸੁੱਟੇ ਗਏ, ਭਾਜਪਾ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਪੁਲਸ ਮੁੱਖ ਦਫ਼ਤਰ 'ਤੇ ਰਾਕੇਟ ਲਾਂਚਰ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ। ਦੁਨੀਆ 'ਚ ਕਿਤੇ ਵੀ ਥਾਣਾ ਸੁਰੱਖਿਆ ਪ੍ਰਤੀਤ ਹੁੰਦਾ ਹੈ। ਪੰਜਾਬ 'ਚ ਥਾਣਾ ਖ਼ੁਦ ਅਸੁਰੱਖਿਅਤ ਹੋ ਗਿਆ ਹੈ ਅਤੇ ਇਸ ਤੋਂ ਵੀ ਵੱਡੀ ਚਿੰਤਾ ਇਹ ਹੈ ਕਿ ਅਪਰਾਧੀ ਗੋਲੀ ਚਲਾਂਉਂਦੇ ਹਨ ਅਤੇ ਵੀਡੀਓ ਬਣਾਉਂਦੇ ਹਨ, ਸੋਸ਼ਲ ਮੀਡੀਆ 'ਤੇ ਪਾਉਂਦੇ ਹਨ ਅਤੇ ਸਰਕਾਰ ਦੇ ਬੁਲਾਰੇ ਟੀ. ਵੀ. 'ਤੇ ਬੈਠ ਕੇ ਕਹਿੰਦੇ ਹਨ ਕਿ ਸਭ ਠੀਕ ਹੈ। ਇਹ ਇਨਕਾਰ ਦੀ ਸਿਆਸਤ ਪੰਜਾਬ ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਇਹ ਬਹੁਤ ਹੀ ਗੰਭੀਰ ਬੀਮਾਰੀ ਹੈ। ਇਸ ਦਾ ਇਲਾਜ ਹੋਣਾ ਚਾਹੀਦਾ ਹੈ ਨਾ ਕਿ ਬੀਮਾਰੀ ਲੁਕਾਈ ਜਾਣੀ ਚਾਹੀਦੀ ਹੈ।
ਸਵਾਲ-5 : ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਚੱਲ ਰਹੀ ਹੈ। 'ਆਪ' ਇਸ ਨੂੰ ਡਰਾਮਾ ਟੂਰ ਅਤੇ ਚੁਣਾਵੀ ਯਾਤਰਾ ਕਹਿ ਰਹੀ ਹੈ।
ਤਰੁਣ ਚੁੱਘ : ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤ ਨਸ਼ਿਆਂ ਕਾਰਨ ਖੋਹੇ ਹਨ, ਉਨ੍ਹਾਂ ਲਈ ਇਹ ਡਰਾਮਾ ਨਹੀਂ, ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਖੁੱਲ੍ਹੇਆਮ ਆਮ ਟੌਫ਼ੀਆਂ ਦੀ ਤਰ੍ਹਾਂ ਵਿਕ ਰਿਹਾ ਨਸ਼ਾ ਪੂਰੀ ਪੀੜ੍ਹੀ ਨੂੰ ਦਾਨਵ ਦੀ ਤਰ੍ਹਾਂ ਖਾ ਰਿਹਾ ਹੈ। ਇਹ ਯਾਤਰਾ 18 ਸਤੰਬਰ ਨੂੰ ਪਠਾਨਕੋਟ ਤੋਂ ਸ਼ੁਰੂ ਹੋਈ ਹੈ, 13 ਦਿਨਾਂ 'ਚ ਕਰੀਬ 4,000 ਕਿਲੋਮੀਟਰ ਤੈਅ ਕਰਦੇ ਹੋਏ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੱਕ ਪਹੁੰਚੇਗੀ ਅਤੇ 30 ਸਤੰਬਰ ਨੂੰ ਜਲੰਧਰ 'ਚ ਇਸ ਦੀ ਸਮਾਪਤੀ ਹੋਵੇਗੀ। ਸਾਡਾ ਟੀਚਾ ਪੰਜਾਬ ਨੂੰ ਨਸ਼ਾ, ਫ਼ਿਰੌਤੀ, ਗੈਂਗਸਟਰਵਾਦ ਅਤੇ ਭੈਅ-ਇਨ੍ਹਾਂ ਚਾਰਾਂ ਤੋਂ ਮੁਕਤ ਕਰਨਾ ਹੈ। ਮੈਂ 'ਆਪ' ਤੋਂ ਪੁੱਛਦਾ ਹਾਂ ਕਿ ਜੇਕਰ ਇਹ ਡਰਾਮਾ ਹੈ ਤਾਂ ਤੁਸੀਂ ਵੀ ਨਾਲ ਚੱਲੋ। ਇਕ ਹੀ ਮੰਚ 'ਤੇ ਆਓ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਦੱਸੋ ਕਿ ਚਿੱਟਾ ਕਿੱਥੋਂ ਆ ਰਿਹਾ ਹੈ। ਅਸੀਂ ਸਵਾਗਤ ਕਰਾਂਗੇ। ਜੋ ਲੋਕ ਨਸ਼ੇ ਦੇ ਖ਼ਿਲਾਫ਼ ਨਿਕਲੀ ਯਾਤਰਾ ਨੂੰ ਡਰਾਮਾ ਕਹਿੰਦੇ ਹਨ, ਉਹ ਅਸਲ 'ਚ ਨਸ਼ੇ ਕਾਰਨ ਤਬਾਹ ਹੋਏ ਪਰਿਵਾਰਾਂ ਦਾ ਅਪਮਾਨ ਕਰਦੇ ਹਨ।
ਸਵਾਲ-6 : ਯਾਤਰਾ ਦੇ ਪਹਿਲੇ ਹੀ ਦਿਨ ਪਠਾਨਕੋਟ 'ਚ 'ਆਪ' ਕਾਰਕੁੰਨਾਂ ਨੇ ਕਾਲੇ ਝੰਡੇ ਦਿਖਾਏ, ਭਾਜਪਾ ਆਗੂਆਂ ਦੇ ਕਾਫ਼ਲੇ 'ਤੇ ਹਮਲਾ ਹੋਇਆ। ਕੀ ਇਹ ਰਾਜਨੀਤਕ ਵਿਰੋਧ ਹੈ ਜਾਂ ਕੁੱਝ ਹੋਰ?
ਤਰੁਣ ਚੁੱਘ : ਲੋਕਤੰਤਰ 'ਚ ਵਿਰੋਧ ਦਾ ਅਧਿਕਾਰ ਸਭ ਨੂੰ ਹੈ। ਕਾਲੇ ਝੰਡੇ ਦਿਖਾਉਣਾ, ਨਾਅਰੇ ਲਾਉਣਾ, ਵਿਰੋਧ ਪ੍ਰਦਰਸ਼ਨ ਕਰਨਾ-ਇਹ ਸਭ ਸਿਆਸਤ ਦਾ ਹਿੱਸਾ ਹੈ ਅਤੇ ਸਾਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਪਰ ਪੱਥਰ ਸੁੱਟਣਾ, ਆਂਡੇ ਸੁੱਟਣਾ, ਕਾਫ਼ਲਿਆਂ 'ਤੇ ਹਮਲਾ ਕਰਨਾ ਅਤੇ ਆਗੂਆਂ ਨਾਲ ਬਦਸਲੂਕੀ ਕਰਨਾ ਵਿਰੋਧ ਨਹੀਂ, ਗੁੰਡਾਗਰਦੀ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਹਮਲਾ ਉਸ ਯਾਤਰਾ 'ਤੇ ਹੋਇਆ, ਜੋ ਨਸ਼ਿਆਂ ਖ਼ਿਲਾਫ਼ ਨਿਕਲੀ ਸੀ। ਜਦੋਂ ਨਸ਼ਿਆਂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਜਨਤਾ ਸਮਝ ਜਾਂਦੀ ਹੈ ਕਿ ਕਿਸਦਾ ਹਿੱਤ ਕਿੱਥੇ ਜੁੜਿਆ ਹੈ। ਯਾਤਰਾ ਦਾ ਵਿਰੋਧ ਮਾਫ਼ੀਆ ਦੇ ਇਸ਼ਾਰੇ 'ਤੇ ਜਾਣ-ਬੁੱਝ ਕੇ ਭਾਜਪਾ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਹੈ।
ਸਵਾਲ-7 : ਸੰਗਰੂਰ 'ਚ ਇਕ ਨਾਗਰਿਕ ਨੇ ਖਜ਼ਾਨਾ ਮੰਤਰੀ ਤੋਂ ਚਿੱਟੇ ਬਾਰੇ ਸਵਾਲ ਪੁੱਛਿਆ ਅਤੇ ਉਸ ਤੋਂ ਬਾਅਦ ਉਸ 'ਤੇ ਦਬਾਅ ਦੀਆਂ ਖ਼ਬਰਾਂ ਈਆਂ। ਭਾਜਪਾ ਨੇ ਇਸ ਨੂੰ ਵੱਡਾ ਮੁੱਦਾ ਬਣਾਇਆ।
ਤਰੁਣ ਚੁੱਘ : ਇਹੀ ਤਾਂ ਪੂਰੀ ਕਹਾਣੀ ਹੈ। ਇਸ ਸਰਕਾਰ ਦੀ ਦਿੱਕਤ ਨਸ਼ਾ ਨਹੀਂ, ਨਸ਼ੇ 'ਤੇ ਪੁੱਛਿਆ ਗਿਆ ਸਵਾਲ ਹੈ। ਜੋ ਸਰਕਾਰ ਆਪਣੀ ਹੀ ਸੂਬੇ ਦੇ ਇਕ ਆਮ ਨਾਗਰਿਕ ਦਾ ਚਿੱਟੇ 'ਤੇ ਪੁੱਛਿਆ ਗਿਆ ਸਵਾਲ ਬਰਦਾਸ਼ਤ ਨਹੀਂ ਕਰ ਸਕਦੀ, ਉਸ ਤੋਂ ਨਸ਼ੇ ਦੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਲੜਨ ਦੀ ਉਮੀਦ ਕਿਵੇਂ ਕੀਤੀ ਜਾਵੇ? ਲੋਕਤੰਤਰ 'ਚ ਸਵਾਲ ਪੁੱਛਣ ਵਾਲਾ ਦੁਸ਼ਮਣ ਨਹੀਂ ਹੁੰਦਾ। ਜਿਸ ਦਿਨ ਸਰਕਾਰ ਸਵਾਲ ਪੁੱਛਣ ਵਾਲਿਆਂ ਨੂੰ ਦੁਸ਼ਮਣ ਮੰਨ ਲੈਂਦੀ ਹੈ, ਉਸ ਦੀ ਉਹ ਜਨਤਾ ਤੋਂ ਕੱਟ ਜਾਂਦੀ ਹੈ।
ਸਵਾਲ-8 : ਸਰਕਾਰ ਕਹਿੰਦੀ ਹੈ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 554 ਦਿਨਾਂ 'ਚ 77,000 ਤੋਂ ਜ਼ਿਆਦਾ ਤਸਕਰ ਫੜ੍ਹੇ ਗਏ। ਇਹ ਤਾਂ ਵੱਡੀ ਗਿਣਤੀ ਹੈ।
ਤਰੁਣ ਚੁੱਘ : ਗਿਣਤੀ ਪ੍ਰਭਾਵਸ਼ਾਲੀ ਹੈ, ਨਤੀਜਾ ਨਹੀਂ ਅਤੇ ਇਹੀ ਅਸਲੀ ਸਵਾਲ ਸ਼ੁਰੂ ਹੁੰਦਾ ਹੈ। ਜੇਕਰ 77,000 ਹਜ਼ਾਰ ਤੋਂ ਜ਼ਿਆਦਾ ਗ੍ਰਿਫ਼ਤਾਰੀਆਂ ਹੋਈਆਂ ਤਾਂ ਪੰਜਾਬ 'ਚ ਚਿੱਟਾ ਅੱਜ ਵੀ ਓਨੀ ਹੀ ਆਸਾਨੀ ਨਾਲ ਕਿਵੇਂ ਉਪਲੱਬਧ ਹੈ? ਸਰਕਾਰ ਦੱਸੇ- ਇਨ੍ਹਾਂ 'ਚੋਂ ਕਿੰਨੇ ਵੱਡੇ ਸਰਗਨਾ ਸਨ ਅਤੇ ਕਿੰਨੇ ਆਖ਼ਰੀ ਕੜੀ ਦੇ ਗਰੀਬ ਪੀੜਤ? ਕਿੰਨਿਆਂ ਨੂੰ ਸਜ਼ਾ ਮਿਲੀ ਅਤੇ ਕਿੰਨੇ ਜ਼ਮਾਨਤ 'ਤੇ ਬਾਹਰ ਹਨ? ਕਿੰਨੀ ਜਾਇਦਾਦ ਜ਼ਬਤ ਹੋਈ? ਨਸ਼ਿਆਂ ਖ਼ਿਲਾਫ਼ ਲੜਾਈ ਗ੍ਰਿਫ਼ਤਾਰੀਆਂ ਦੀ ਗਿਣਤੀ ਤੋਂ ਨਹੀਂ, ਸਪਲਾਈ ਚੇਨ ਦੇ ਟੁੱਟਣ ਨਾਲ ਜਿੱਤੀ ਜਾਂਦੀ ਹੈ। ਜਦੋਂ ਤੱਕ ਪੈਸੇ ਦਾ ਰਾਹ ਨਹੀਂ ਕੱਟਿਆ ਜਾਵੇਗਾ, ਤਸਕਰ ਫੜ੍ਹੇ ਜਾਂਦੇ ਰਹਿਣਗੇ ਅਤੇ ਨਸ਼ਾ ਵਿਕਦਾ ਰਹੇਗਾ।
ਸਵਾਲ-9 : ਨਸ਼ਾ ਮੁਕਤੀ ਲਈ ਭਾਜਪਾ ਦਾ ਠੋਸ ਰੋਡਮੈਪ ਕੀ ਹੈ?
ਤਰੁਣ ਚੁੱਘ : ਚਾਰ ਪੜਾਵਾਂ 'ਤੇ ਇਕੱਠੇ ਕੰਮ ਕਰਨਾ ਪਵੇਗਾ। ਪਹਿਲਾ-ਸਪਲਾਈ 'ਤੇ ਪਰਹਾਰ, ਇੰਟੈਲੀਜੈਂਸ ਬੇਸਡ ਕਾਰਵਾਈ, ਈ. ਡੀ. ਅਤੇ ਐੱਨ. ਸੀ. ਬੀ. ਵਰਗੀਆਂ ਏਜੰਸੀਆਂ ਨਾਲ ਤਾਲਮੇਲ ਅਤੇ ਜਾਇਦਾਦ ਜ਼ਬਤੀ। ਦੂਜਾ- ਨਸ਼ੇ ਦੇ ਧੰਦੇ ਨੂੰ ਸਿਆਸਤ ਅਤੇ ਪ੍ਰਸ਼ਾਸਨਿਕ ਸੁਰੱਖਿਆ ਦੇਣ ਵਾਲਿਆਂ 'ਤੇ ਬਿਨਾਂ ਭੇਦਭਾਵ ਕਾਰਵਾਈ। ਤੀਜਾ- ਹਰ ਜ਼ਿਲ੍ਹੇ 'ਚ ਗੁਣਵੱਤਾਪੂਰਨ, ਮੁਫ਼ਤ ਅਤੇ ਸਨਮਾਨਜਨਕ ਨਸ਼ਾ ਛੁਡਾਊ ਕੇਂਦਰ ਕਿਉਂਕਿ ਨਸ਼ੇ ਦਾ ਸ਼ਿਕਾਰ ਨੌਜਵਾਨ ਅਪਰਾਧੀ ਨਹੀਂ, ਮਰੀਜ਼ ਹੈ। ਚੌਥਾ-ਰੁਜ਼ਗਾਰ, ਕੌਸ਼ਲ ਅਤੇ ਸਿੱਖਿਆ ਕਿਉਂਕਿ ਖ਼ਾਲੀ ਹੱਥ ਅਤੇ ਖ਼ਾਲੀ ਮਨ ਹੀ ਨਸ਼ੇ ਦੀ ਸਭ ਤੋਂ ਵੱਡੀ ਮੰਡੀ ਹੈ।
ਸਵਾਲ-10 : ਕੀ ਤੁਸੀਂ ਮੰਨਦੇ ਹੋ ਕਿ ਪੰਜਾਬ 'ਚ ਪੁਲਸ ਨੂੰ ਸਿਆਸੀ ਦਖ਼ਲ-ਅੰਦਾਜ਼ੀ ਤੋਂ ਮੁਕਤ ਕਰਨ ਦੀ ਲੋੜ ਹੈ?
ਤਰੁਣ ਚੁੱਘ : ਬਿਲਕੁਲ, ਕਾਨੂੰਨ ਦਾ ਸ਼ਾਸਨ ਉਦੋਂ ਹੀ ਮਜ਼ਬੂਤ ਹੋਵੇਗਾ, ਜਦੋਂ ਪੁਲਸ ਨੂੰ ਸਪੱਸ਼ਟ ਅਕਾਊਂਟੀਬਿਲਟੀ ਨਾਲ ਆਜ਼ਾਦੀ ਮਿਲੇ। ਸਰਕਾਰ ਦਾ ਕੰਮ ਪੁਲਸ ਨੂੰ ਸਿਆਸੀ ਤੌਰ 'ਤੇ ਇਸਤੇਮਾਲ ਕਰਨਾ ਨਹੀਂ, ਸਗੋਂ ਪੁਲਸ ਨੂੰ ਸੰਸਾਧਨ, ਆਧੁਨਿਕ ਤਕਨੀਕ ਅਤੇ ਆਜ਼ਾਦ ਵਾਤਾਵਰਣ ਦੇਣਾ ਹੈ। ਅੱਜ ਪੰਜਾਬ ਦੇ ਹਜ਼ਾਰਾਂ ਪੁਲਸ ਮੁਲਾਜ਼ਮ ਵੀ. ਆਈ. ਪੀ. ਸੁਰੱਖਿਆ 'ਚ ਲੱਗੇ ਹਨ ਅਤੇ ਥਾਣੇ ਖ਼ਾਲੀ ਪਏ ਹਨ। ਪੰਜਾਬ ਨੂੰ ਵੀ. ਆਈ. ਪੀ. ਪੁਲਸਿੰਗ ਨਹੀਂ, ਸਿਟੀਜ਼ਨ ਸੈਂਟਰਿਕ ਪੁਲਸਿੰਗ ਚਾਹੀਦੀ ਹੈ। ਪੁਲਸ ਦਾ ਮਨੋਬਲ ਉੱਚਾ ਹੋਵੇਗਾ ਤਾਂ ਅਪਰਾਧੀ ਦਾ ਮਨੋਬਲ ਖ਼ੁਦ ਹੇਠਾਂ ਹੋ ਜਾਵੇਗਾ।
ਸਵਾਲ-11 : ਪੰਜਾਬ ਦੀ ਆਰਥਿਕ ਸਥਿਤੀ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ। ਕੀ ਸੂਬਾ ਦੀਵਾਲੀਏਪਨ ਵੱਲ ਜਾ ਰਿਹਾ ਹੈ?
ਤਰੁਣ ਚੁੱਘ : ਮੈਂ ਸਿਆਸੀ ਸਨਸਨੀ ਲਈ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਾਂਗਾ ਪਰ ਇੰਨਾ ਜ਼ਰੂਰ ਕਹਾਂਗਾ ਕਿ ਪੰਜਾਬ ਦੀ ਮਾਲੀ ਸਥਿਤੀ ਗੰਭੀਰ ਆਤਮ ਮੰਥਨ ਮੰਗਦੀ ਹੈ। ਕਰਜ਼ਾ, ਵਿਆਜ, ਤਨਖ਼ਾਹਾਂ-ਪੈਨਸ਼ਨ ਅਤੇ ਵਿਕਾਸ ਖ਼ਰਚ ਵਿਚਾਲੇ ਸੰਤੁਲਨ ਜ਼ਰੂਰੀ ਹੈ। ਸਰਕਾਰ ਨੂੰ ਦੱਸਣਾ ਪਵੇਗਾ ਕਿ ਆਉਣ ਵਾਲੇ ਸਾਲਾਂ 'ਚ ਰੈਵਿਨਿਊ ਕਿਵੇਂ ਵਧੇਗਾ ਅਤੇ ਪ੍ਰੋਡਕਟਿਵ ਐਕਸਪੈਂਡੀਚਰ ਕਿਵੇਂ ਹੋਵੇਗਾ। ਸਿਰਫ ਕਰਜ਼ਾ ਲੈ ਕੇ ਇਸ਼ਤਿਹਾਰ ਚਲਾਉਣਾ ਆਰਥਿਕ ਮਾਡਲ ਨਹੀਂ ਹੋ ਸਕਦਾ। ਇਹ ਕੇਜਰੀਵਾਲ ਦਾ ਦੀਵਾਲੀਅਪਨ ਲਿਆਉਣ ਵਾਲਾ ਮਾਡਲ ਹੈ, ਜਿਸ ਕਾਰਨ ਪੰਜਾਬ 4.75 ਕਰੋੜ ਦੇ ਕਰਜ਼ੇ 'ਚ ਡੁੱਬ ਚੁੱਕਾ ਹੈ।
ਸਵਾਲ-12 : ਕਰਮਚਾਰੀਆਂ ਦੇ ਡੀ.ਏ. ਅਤੇ ਏਰੀਅਰ ਦਾ ਮੁੱਦਾ ਫਿਰ ਗਰਮ ਹੈ। ਸਰਕਾਰ ਵਿੱਤੀ ਦਬਾਅ ਦਾ ਹਵਾਲਾ ਦਿੰਦੀ ਹੈ।
ਤਰੁਣ ਚੁੱਘ : ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਸਰਕਾਰ ਦੇ ਮੁਲਾਜ਼ਮ ਹਨ, ਸਰਕਾਰ ਦੇ ਵਿਰੋਧੀ ਨਹੀਂ। ਇਕ ਪਾਸੇ ਕਰਮਚਾਰੀ ਸੰਗਠਨ ਹਜ਼ਾਰਾਂ ਕਰੋੜ ਦੇ ਡੀ. ਏ. ਅਤੇ ਸਬੰਧਿਤ ਏਰੀਅਰ ਦੀ ਮੰਗ ਕਰ ਰਹੇ ਹਨ, ਦੂਜੇ ਪਾਸੇ ਸਰਕਾਰ ਆਪਣੀਆਂ ਵਿੱਤੀ ਦੇਣਦਾਰੀਆਂ ਦੇ ਰਹੀ ਹੈ ਪਰ ਇਸ਼ਤਿਹਾਰਾਂ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੰਦੀ। ਸਾਡੀ ਮੰਗ ਸਾਫ ਹੈ ਕਿ ਸਰਕਾਰ ਪੂਰੀ ਫਾਈਨਾਂਸ਼ਲ ਪੋਜ਼ੀਸ਼ਨ ਜਨਤਕ ਕਰੇ ਅਤੇ ਭੁਗਤਾਨ ਦਾ ਸਪੱਸ਼ਟ ਰੋਡਮੈਪ ਦੇਵੇ। ਕਰਮਚਾਰੀਆਂ ਨੂੰ ਹਾਈਕੋਰਟ ਦੇ ਹੁਕਮ ਅਨੁਸਾਰ ਮਿਲਣਾ 18 ਫ਼ੀਸਦੀ ਡੀ. ਏ. ਸੀ ਪਰ ਮਿਲਿਆ ਸਿਰਫ 8 ਫ਼ੀਸਦੀ ਦਾ ਛੁਣਛੁਣਾ।
ਸਵਾਲ-13 : ਪੰਜਾਬ ਸਰਕਾਰ ਕਹਿੰਦੀ ਹੈ ਕਿ ਉਸ ਨੇ ਹਜ਼ਾਰਾਂ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਭਾਜਪਾ ਫਿਰ ਵੀ ਰੁਜ਼ਗਾਰ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦੀ ਹੈ। ਕਿਉਂ?
ਤਰੁਣ ਚੁੱਘ : ਸਰਕਾਰੀ ਨੌਕਰੀ ਮਹੱਤਵਪੂਰਨ ਹੈ ਪਰ ਪੰਜਾਬ ਦੀ ਪੂਰੀ ਨੌਜਵਾਨ ਅਬਾਦੀ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ। ਸਾਡਾ ਸਵਾਲ ਉਸ ਤੋਂ ਵੱਡਾ ਹੈ-ਪ੍ਰਾਈਵੇਟ ਸੈਕਟਰ 'ਚ ਕਿੰਨੀਆਂ ਨੌਕਰੀਆਂ ਬਣੀਆਂ? ਕਿੰਨੇ ਨਵੇਂ ਉਦਯੋਗ ਆਏ? ਕਿੰਨੇ ਨੌਜਵਾਨਾਂ ਨੇ ਪੰਜਾਬ 'ਚ ਆਪਣਾ ਕਾਰੋਬਾਰ ਸ਼ੁਰੂ ਕੀਤਾ? ਕਿੰਨੇ ਨੌਜਵਾਨ ਵਿਦੇਸ਼ ਜਾਣ ਦੀ ਬਜਾਏ ਪੰਜਾਬ ਰੁਕੇ? ਇਕ ਸਵਾਲ ਇਨ੍ਹਾਂ 'ਚੋਂ ਸਭ ਤੋਂ ਉੱਪਰ ਹੈ-ਜਿਸ ਸੂਬੇ 'ਚ ਕਾਨੂੰਨ-ਵਿਵਸਥਾ ਅਸਥਿਰ ਹੈ, ਉੱਥੇ ਨਿਵੇਸ਼ ਕਿਵੇਂ ਆਵੇਗਾ? ਰੁਜ਼ਗਾਰ ਅਤੇ ਸੁਰੱਖਿਆ ਦੋ ਵੱਖ-ਵੱਖ ਮੁੱਦੇ ਨਹੀਂ ਹਨ, ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਨਾ ਨਿਵੇਸ਼ ਹੈ, ਨਾ ਯੋਜਨਾ, ਨਾ ਰੁਜ਼ਗਾਰ। ਪੰਜਾਬ ਦਾ ਨੌਜਵਾਨ ਸਰਕਾਰੀ ਨੌਕਰੀ ਮੰਗਣ ਵਾਲਾ ਨਹੀਂ, ਨੌਕਰੀ ਦੇਣ ਵਾਲਾ ਵੀ ਬਣਨਾ ਚਾਹੀਦਾ ਹੈ।
ਸਵਾਲ-14 : ਪੰਜਾਬ ਤੋਂ ਨੌਜਵਾਨਾਂ ਦਾ ਵਿਦੇਸ਼ ਪਲਾਇਨ ਰੋਕਣ ਲਈ ਭਾਜਪ ਦਾ ਰੋਡਮੈਪ ਕੀ ਹੈ?
ਤਰੁਣ ਚੁੱਘ : ਤਿੰਨ ਚੀਜ਼ਾਂ-ਇੰਡਸਟਰੀ, ਸਕਿੱਲ ਅਤੇ ਮੌਕਾ ਅਤੇ ਚੌਥੀ ਜੋ ਇਨ੍ਹਾਂ ਤਿੰਨਾਂ ਦੀ ਸ਼ਰਤ ਹੈ-ਸੁਰੱਖਿਆ। ਜਿੱਥੇ ਉਦਯੋਗ ਹੋਵੇਗਾ, ਉੱਥੇ ਰੁਜ਼ਗਾਰ ਹੋਵੇਗਾ। ਜਿੱਥੇ ਸਕਿੱਲ ਹੋਵੇਗੀ, ਉੱਥੇ ਨੌਜਵਾਨ ਗਲੋਬਲ ਮਾਰਕਿਟ 'ਚ ਮੁਕਾਬਲਾ ਕਰੇਗਾ ਪਰ ਕੋਈ ਮਾਤਾ-ਪਿਤਾ ਆਪਣੇ ਪੁੱਤ ਨੂੰ ਉਸ ਸੂਬੇ 'ਚ ਨਹੀਂ ਰੋਕਣਗੇ, ਜਿੱਥੇ ਉਨ੍ਹਾਂ ਨੂੰ ਡਰ ਹੋਵੇ ਕਿ ਉਹ ਨਸ਼ੇ ਜਾਂ ਗੋਲੀ ਦਾ ਸ਼ਿਕਾਰ ਹੋ ਜਾਵੇਗਾ। ਪਲਾਇਨ ਸਿਰਫ ਆਰਥਿਕ ਨਹੀਂ, ਭਾਵਨਾਤਮਕ ਅਤੇ ਸੁਰੱਖਿਆ ਦਾ ਪ੍ਰਸ਼ਨ ਵੀ ਹੈ। ਸਾਨੂੰ ਪੰਜਾਬ ਦੀ ਅਜਿਹੀ ਇਕਾਨਮੀ ਹੈ ਅਤੇ ਅਜਿਹਾ ਵਾਤਾਵਰਣ ਬਣਾਉਣਾ ਪਵੇਗਾ, ਜਿੱਥੇ ਨੌਜਵਾਨ ਕਹੇ- ਵਿਦੇਸ਼ ਜਾਣਾ ਮੇਰੀ ਮਜਬੂਰੀ ਨਹੀਂ, ਮੇਰਾ ਬਦਲ ਹੈ।
ਸਵਾਲ-15 : ਕਿਸਾਨ ਅਜੇ ਵੀ ਪੰਜਾਬ ਦੀ ਰਾਜਨੀਤੀ ਦੇ ਕੇਂਦਰ 'ਚ ਹੈ। ਭਾਜਪਾ ਕਿਸਾਨਾਂ ਦਾ ਵਿਸ਼ਵਾਸ ਕਿਵੇਂ ਜਿੱਤੇਗੀ?
ਤਰੁਣ ਚੁੱਘ : ਕਿਸਾਨ ਨੂੰ ਸਿਰਫ ਐੱਮ. ਐੱਸ. ਪੀ. ਜਾਂ ਸਬਸਿਡੀ ਦੀ ਚਰਚਾ ਤੱਕ ਸੀਮਤ ਕਰਨਾ ਗਲਤ ਹੈ। ਕਿਸਾਨ ਦੀ ਪੂਰੀ ਵੈਲਿਊ ਚੇਨ ਦੇਖਣੀ ਪਵੇਗੀ-ਬੀਜ ਤੋਂ ਬਜ਼ਾਰ ਤੱਕ। ਫ਼ਸਲੀ ਵਿਭਿੰਨਤਾ, ਫੂਡ ਪ੍ਰੋਸੈਸਿੰਗ, ਸਟੋਰੇਜ, ਕੋਲਡ ਚੇਨ ਅਤੇ ਤਕਨਾਲੋਜੀ 'ਚ ਨਿਵੇਸ਼ ਹੋਵੇਗਾ ਤਾਂ ਕਿਸਾਨ ਦੀ ਆਮਦਨ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਸਭ ਤੋਂ ਮਹੱਤਵਪੂਰਨ-ਕਿਸਾਨ ਅਤੇ ਸਰਕਾਰ ਵਿਚਕਾਰ ਸੰਵਾਦ ਕਦੇ ਬੰਦ ਨਹੀਂ ਹੋਣਾ ਚਾਹੀਦਾ।
ਸਵਾਲ-16 : ਤੁਸੀਂ ਖ਼ੁਦ ਅੰਮ੍ਰਿਤਸਰ ਤੋਂ ਆਉਂਦੇ ਹੋ ਅਤੇ ਇਹ ਪੂਰਾ ਪ੍ਰਕਰਣ ਵੀ ਅੰਮ੍ਰਿਤਸਰ ਦਾ ਹੈ। ਸਰਹੱਦੀ ਪੰਜਾਬ ਲਈ ਤੁਹਾਡੀ ਕੀ ਪ੍ਰਾਥਮਿਕਤਾ ਹੈ?
ਤਰੁਣ ਚੁੱਘ : ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਅਤੇ ਅੱਜ ਉਸੇ ਨਗਰੀ 'ਚ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਦੇ ਕਤਲ ਦਾ ਹੁਕਮ ਸਰਹੱਦ ਪਾਰ ਤੋਂ ਆ ਰਿਹਾ ਹੈ। ਮੇਰੇ ਲਈ ਇਹ ਸਿਆਸੀ ਮੁੱਦਾ ਨਹੀਂ, ਨਿੱਜੀ ਪੀੜਾ ਹੈ। ਸਰਹੱਦੀ ਪੰਜਾਬ ਨੂੰ ਸਿਰਫ ਬਾਰਡਰ ਸਟੇਟ ਦੇ ਤੌਰ 'ਤੇ ਨਹੀਂ, ਨੈਸ਼ਨਲ ਸਕਿਓਰਿਟੀ ਅਤੇ ਇਕਾਨਮੀ ਗੇਟਵੇਅ ਦੇ ਰੂਪ 'ਚ ਦੇਖਣਾ ਚਾਹੀਦਾ ਹੈ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ, ਤਰਨਤਾਰਨ ਵਰਗੇ ਇਲਾਕਿਆਂ 'ਚ ਸੁਰੱਖਿਆ ਦੇ ਨਾਲ-ਨਾਲ ਇੰਡਸਟਰੀ, ਟੂਰਿਜ਼ਮ ਅਤੇ ਬਾਰਡਰ ਇਕਾਨਮੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਡਰੋਨ ਜ਼ਰੀਏ ਹਥਿਆਰ ਅਤੇ ਨਸ਼ੇ ਦੀ ਤਸਕਰੀ ਰੋਕਣ ਲਈ ਤਕਨਾਲੋਜੀ, ਇੰਟੈਲੀਜੈਂਸ ਸ਼ੇਅਰਿੰਗ ਅਤੇ ਸੈਂਟਰ-ਸਟੇਟ ਕੋ-ਆਰਡੀਨੇਸ਼ਨ ਜ਼ਰੂਰੀ ਹੈ।
ਸਵਾਲ-17 : ਕੀ 2027 ਦੀ ਚੋਣਾਂ ਨਸ਼ਾ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ?
ਤਰੁਣ ਚੁੱਘ : ਚੋਣਾਂ ਦੀ ਸਰੂਪ ਜਨਤਾ ਤੈਅ ਕਰਦੀ ਹੈ, ਨੇਤਾ ਨਹੀਂ ਪਰ ਪੰਜਾਬ ਦੀ ਮਾਂ ਦਾ ਸਵਾਲ ਤੈਅ ਹੈ-ਮੇਰਾ ਪੁੱਤ ਸੁਰੱਖਿਅਤ ਹੈ ਜਾਂ ਨਹੀਂ। ਪੰਜਾਬ ਦੇ ਵਪਾਰੀ ਦਾ ਸਵਾਲ ਤੈਅ ਹੈ-ਮੇਰੀ ਦੁਕਾਨ ਸੁਰੱਖਿਅਤ ਹੈ ਜਾਂ ਨਹੀਂ ਪੰਜਾਬ ਦੇ ਪੁਲਸ ਮੁਲਾਜ਼ ਦਾ ਸਵਾਲ ਤੈਅ ਹੈ-ਮੈਂ ਵਰਦੀ ਪਾ ਕੇ ਘਰ ਤੋਂ ਨਿਕਲਾਂ ਜਾਂ ਨਹੀਂ। ਜਿਸ ਸਰਕਾਰ ਕੋਲ ਇਨ੍ਹਾਂ ਤਿੰਨਾਂ ਸਵਾਲਾਂ ਦਾ ਜਵਾਬ ਨਹੀਂ ਹੋਵੇਗਾ, ਉਸ ਕੋਲ 2027 'ਚ ਜਨਤਾ ਲਈ ਕੁੱਝ ਨਹੀਂ ਹੋਵੇਗਾ।
ਸਵਾਲ-18 : ਪੰਜਾਬ ਦੀ ਜਨਤਾ ਦੇ ਨਾਂ ਤੁਹਾਡੀ ਆਖ਼ਰੀ ਸੁਨੇਹਾ?
ਤਰੁਣ ਚੁੱਘ : ਪੰਜਾਬ ਕਦੇ ਹਾਰ ਮੰਨਣ ਵਾਲਾ ਸੂਬਾ ਨਹੀਂ ਰਿਹਾ। ਜਿਸ ਪੰਜਾਬ ਨੇ ਦੇਸ਼ ਨੂੰ ਅੰਨ ਦਿੱਤਾ, ਸਰਹੱਦ 'ਤੇ ਜਵਾਨ ਦਿੱਤੇ, ਉਦਯੋਗ ਖੜ੍ਹੇ ਕੀਤੇ ਅਤੇ ਦੁਨੀਆ ਭਰ 'ਚ ਆਪਣੀ ਪਛਾਣ ਬਣਾਈ- ਉਹ ਅੱਜ ਦੀਆਂ ਚੁਣੌਤੀਆਂ ਤੋਂ ਵੀ ਬਾਹਰ ਨਿਕਲੇਗਾ ਪਰ ਇਸ ਲਈ ਸਿਆਸਤ ਨੂੰ ਨਾਅਰੇ ਤੋਂ ਨੀਤੀ, ਐਲਾਨ ਤੋਂ ਡਿਲੀਵਰੀ ਅਤੇ ਟਕਰਾਅ ਤੋਂ ਹੱਲ ਵੱਲ ਜਾਣਾ ਪਵੇਗਾ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ-ਅਸੀਂ ਮਿਲ ਕੇ ਅਜਿਹਾ ਪੰਜਾਬ ਬਣਾ ਸਕਦੇ ਹਾਂ, ਜਿੱਥੇ ਸਾਡਾ ਪੁਲਸ ਮੁਲਾਜ਼ਮ ਬਿਨਾਂ ਡਰ ਦੇ ਵਰਦੀ ਪਾਵੇ, ਜਿੱਥ ਨੌਜਵਾਨ ਨਸ਼ੇ ਨਾਲ ਨਹੀਂ, ਆਪਣੇ ਸੁਫ਼ਨੇ ਨਾਲ ਪਛਾਣਿਆ ਜਾਵੇ, ਕਿਸਾਨ ਕਰਜ਼ੇ ਤੋਂ ਨਹੀਂ, ਵਿਕਾਸ ਤੋਂ ਪਛਾਣਿਆ ਜਾਵੇ ਅਤੇ ਪੰਜਾਬ ਆਪਣੀਆਂ ਸਮੱਸਿਆਵਾਂ ਲਈ ਨਹੀਂ, ਆਪਣੀਆਂ ਉਪਲੱਬਧੀਆਂ ਲਈ ਦੇਸ਼ 'ਚ ਜਾਣਿਆ ਜਾਵੇ।
ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਦੀ ਸੜਕ ਹਾਦਸੇ 'ਚ ਗਈ ਜਾਨ
NEXT STORY